ਸੁਖਜਿੰਦਰ ਮਾਨ
ਬਠਿੰਡਾ ; 14 ਅਕਤੂਬਰ-ਦਿਹਾਤੀ ਮਜ਼ਦੂਰ ਸਭਾ ਜਿਲ੍ਹਾ ਬਠਿੰਡਾ ਦੇ ਸੱਦੇ ‘ਤੇ ਪਰਿਵਾਰਾਂ ਸਮੇਤ ਪੁੱਜੇ ਸੈਂਕੜੇ ਬੇਜ਼ਮੀਨੇ-ਦਲਿਤ ਕਿਰਤੀਆਂ ਨੇ ਅੱਜ ਡੀ.ਸੀ. ਦਫਤਰ ਮੂਹਰੇ ਰੋਹ ਭਰਪੂਰ ਧਰਨਾ ਮਾਰ ਕੇ ਪੰਜਾਬ ਸਰਕਾਰ ਦੀ ਪੱਖਪਾਤੀ ਪਹੁੰਚ ਦੀ ਜ਼ੋਰਦਾਰ ਨਾਹਰਿਆਂ ਨਾਲ ਡਟਵੀਂ ਭੰਡੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜਿਆ।
ਧਰਨਾਕਾਰੀ ਇਸ ਗੱਲੋਂ ਡਾਢੇ ਖ਼ਫ਼ਾ ਸਨ ਕਿ ਪੰਜਾਬ ਦੀ ਕਾਂਗਰਸ ਸਰਕਾਰ ਨਰਮੇ-ਕਪਾਹ ਦੀ ਬਰਬਾਦ ਹੋਈ ਫਸਲ ਕਾਰਨ ਰੁਜ਼ਗਾਰ ਤੋਂ ਵਾਂਝੇ ਹੋਣ ਸਦਕਾ ਅਤਿ ਦੀਆਂ ਦੁਸ਼ਵਾਰੀਆਂ ਹੰਡਾਅ ਰਹੇ ਬੇਜ਼ਮੀਨੇ-ਦਲਿਤ ਕਿਰਤੀਆਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਨਗਦ ਮੁਆਵਜ਼ਾ ਦੇਣ, ਬਾਰਸ਼ਾਂ ਕਾਰਨ ਡਿੱਗੇ ਮਕਾਨਾਂ ਦੀ ਮੁੜ ਉਸਾਰੀ ਲਈ ਢੁਕਵੀਂ ਗ੍ਰਾਂਟ ਦੇਣ ਅਤੇ ਮਾਰੇ ਗਏ ਦੁਧਾਰੂ ਪਸ਼ੂਆਂ ਦਾ ਇਵਜਾਨਾ ਦੇਣ ਆਦਿ ਹੱਕੀ ਮੰਗਾਂ ਪ੍ਰਤੀ ਮੁਜ਼ਰਮਾਨਾਂ ਘੇਸਲ ਮਾਰੀ ਬੈਠੀ ਹੈ।
ਧਰਨਾਕਾਰੀ ਫਾਈਨਾਂਸ ਕੰਪਨੀਆਂ ਦੇ ਲੱਠਮਾਰ ਕਰਿੰਦਿਆਂ ਵੱਲੋਂ ਕਰਜ਼ਦਾਰ ਕਿਰਤੀਆਂ, ਵਿਸ਼ੇਸ਼ ਕਰਕੇ ਇਸਤਰੀਆਂ ਨਾਲ ਕੀਤੇ ਜਾ ਰਹੇ ਸਿਰੇ ਦੇ ਦੁਰਵਿਵਹਾਰ ਨੂੰ ਨੱਥ ਨਾ ਪਾਉਣ ਲਈ ਵੀ ਸੂਬਾ ਸਰਕਾਰ ਨੂੰ ਕੋਸ ਰਹੇ ਸਨ।ਇਸ ਮੌਕੇ ਸੰਬੋਧਨ ਕਰਦਿਆਂ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਮੱਖਣ ਸਿੰਘ ਤਲਵੰਡੀ ਸਾਬੋ, ਉਮਰਦੀਨ ਜੱਸੀ ਬਾਗ ਵਾਲੀ, ਮੱਖਣ ਸਿੰਘ ਪੂਹਲੀ ਨੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ ਕਰਨ ਦੀ ਚਿਤਾਵਨੀ ਦਿੱਤੀ।ਭਰਾਤਰੀ ਜੱਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਫੂਸ ਮੰਡੀ ਨੇ ਮਜ਼ਦੂਰ ਮੰਗਾਂ ਦਾ ਮੁਕੰਮਲ ਸਮਰਥਨ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
Share the post "ਬੇਜ਼ਮੀਨੇ-ਦਲਿਤ ਕਿਰਤੀਆਂ ਨੇ ਡੀ.ਸੀ ਦਫਤਰ ਮੂਹਰੇ ਧਰਨਾ ਮਾਰ ਕੇ ਸੂਬਾ ਸਰਕਾਰ ਦੀ ਕੀਤੀ ਡਟਵੀਂ ਭੰਡੀ"