ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਪ੍ਰੈਲ: ਕਰੀਬ ਸਵਾ ਮਹੀਨਾ ਪਹਿਲਾਂ ਹੋਂਦ ਵਿਚ ਆਈ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਦੂਜੀ ਦਫ਼ਾ ਹੁਕਮ ਜਾਰੀ ਕਰਦਿਆਂ ਸੂਬੇ ਦੇ 184 ਸਿਆਸੀ, ਸਮਾਜਿਕ, ਧਾਰਮਿਕ ਆਗੂਆਂ ਸਹਿਤ ਮੌਜੂਦਾ ਤੇ ਸਾਬਕਾ ਪੁਲਿਸ ਅਫ਼ਸਰਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਏਡੀਜੀਪੀ ਸੁਰੱਖਿਆ ਵਲੋਂ ਜਾਰੀ ਲਿਸਟ ਵਿਚ ਪੰਜਾਬ ਦੇ ਕਈ ਅਜਿਹੇ ਸਿਆਸੀ ਆਗੂ ਵੀ ਸ਼ਾਮਲ ਹਨ, ਜਿੰਨ੍ਹਾਂ ਦੇ ਪੁੱਤਰਾਂ ਤੇ ਪਤਨੀਆਂ ਸਹਿਤ ਹੋਰਨਾਂ ਪ੍ਰਵਾਰਕ ਮੈਂਬਰਾਂ ਨੂੰ ਬਿਨ੍ਹਾਂ ਕਿਸੇ ਕਾਰਨਾਂ ਤੋਂ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਸੀ। ਇਸਤੋਂ ਇਲਾਵਾ ਦਰਜ਼ਨਾਂ ਅਜਿਹੇ ਪੁਲਿਸ ਤੇ ਸਿਵਲ ਅਫ਼ਸਰਾਂ ਦੇ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਸਨ, ਜਿਹੜੇ ਸੇਵਾਮੁਕਤੀ ਤੋਂ ਬਾਅਦ ਸਰਕਾਰੀ ਖ਼ਜਾਨੇ ’ਤੇ ਭਾਰ ਪਾਉਂਦਿਆਂ ਸੁਰੱਖਿਆ ਦਾ ਅਨੰਦ ਮਾਣ ਰਹੇ ਸਨ। ਜਾਰੀ ਸੂਚੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੇ ਪ੍ਰਵਾਰਕ ਮੈਂਬਰਾਂ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਪੁੱਤਰਾਂ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁੱਤਰ ਅਰਜੁਨ ਬਾਦਲ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਕੈਰੋ ਦੀ ਪਤਨੀ ਪ੍ਰਨੀਤ ਕੌਰ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀਆਂ ਧਰਮਪਤਨੀਆਂ ਸਹਿਤ ਸਾਬਕਾ ਮੰਤਰੀਆਂ ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਗੁਲਜ਼ਾਰ ਸਿੰਘ ਰਣੀਕੇ, ਤੋਤਾ ਸਿੰਘ, ਭਾਜਪਾ ਆਗੂ ਰਜਿੰਦਰ ਭੰਡਾਰੀ, ਦਿਆਲ ਸੋਢੀ, ਸੁਖਪਾਲ ਸਿੰਘ ਸਰਾਂ, ਸਾਬਕਾ ਵਿਧਾਇਕਾਂ ਸੁਰਿੰਦਰ ਪਾਲ ਸਿੰਘ ਸੀਬੀਆ, ਵਿਰਸਾ ਸਿੰਘ ਵਲਟੋਹਾ, ਜੀਤਮਹਿੰਦਰ ਸਿੱਧੂ, ਰਣਜੀਤ ਸਿੰਘ ਤਲਵੰਡੀ, ਅਜੀਤ ਸਿੰਘ ਮੋਫਰ, ਕੇਡੀ ਭੰਡਾਰੀ, ਸੀਮਾ ਦੇਵੀ ਆਦਿ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ।
Share the post "ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ: ਸਿਆਸੀ, ਧਾਰਮਿਕ ਤੇ ਪੁਲਿਸ ਅਫ਼ਸਰਾਂ ਤੋਂ ਵਾਧੂ ਸੁਰੱਖਿਆ ਵਾਪਸ ਲਈ"