ਕਿਹਾ, ਦੇਸ਼ ਦੀ ਅਜ਼ਾਦੀ ਦੇ 75 ਸਾਲ ਬਾਅਦ ਪਹਿਲੀਵਾਰ ਦੇਖੇ ਇਮਾਨਦਾਰ ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 19 ਜੁਲਾਈ :-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੱਥ ਨਾਲ ਤਸਵੀਰ ਤਿਆਰ ਕਰਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪਣ ਮੌਕੇ ਇਲਾਕੇ ਦੇ ਪ੍ਰਸਿੱਧ ਪੇਂਟਰ ਸ਼ਸ਼ੀ ਕੁਮਾਰ ਉਰਫ਼ ਆਲੂ ਪੇਂਟਰ ਨੇ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਸਮੇਤ ਦਲਿਤਾਂ ਦੀ ਅਗਵਾਈ ਕਰਨ ਵਾਲੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੇ ਵੀ ਜਾਂ ਤਾਂ ਦਲਿਤਾਂ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕੀਆਂ ਅਤੇ ਜਾਂ ਦਲਿਤ ਵਰਗ ਦੀ ਭਲਾਈ ਸੋਚਣ ਦੀ ਬਜਾਇ ਉਹਨਾ ਦਾ ਸ਼ੋਸ਼ਣ ਹੀ ਕੀਤਾ। ਆਲੂ ਪੇਂਟਰ ਨੇ ਦੁਹਰਾਇਆ ਕਿ ਉਹ ਕਲਾਕਾਰ ਹੈ ਪਰ ਮੇਰੇ ਅੰਤਰੀਵ ਮਨ ਨੇ ਖੁਦ ਆਖਿਆ ਕਿ ਗਰੀਬਾਂ ਦੇ ਮਸੀਹੇ ਭਗਵੰਤ ਸਿੰਘ ਮਾਨ ਦੀ ਤਸਵੀਰ ਆਪਣੇ ਹੱਥੀਂ ਜਰੂਰ ਤਿਆਰ ਕੀਤੀ ਜਾਵੇ। ਉਕਤ ਤਸਵੀਰ ਬਣਾਉਣ ਲਈ 10 ਤੋਂ 12 ਦਿਨ ਦਾ ਸਮਾਂ ਲੱਗਾ ਅਤੇ ਭਗਵੰਤ ਮਾਨ ਦੀ ਤਸਵੀਰ ਬਣਾਉਣ ਮੌਕੇ ਮੈਨੂੰ ਬਹੁਤ ਆਨੰਦ ਮਹਿਸੂਸ ਹੋਇਆ। ਆਲੂ ਪੇਂਟਰ ਨੇ ਮੁਫਤ ਬਿਜਲੀ ਸਮੇਤ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਜਾਂ ਸਕੀਮਾ ਪੰਜਾਬ ਵਾਸੀਆਂ ਨੂੰ ਦੇਣ ਬਦਲੇ ਭਗਵੰਤ ਮਾਨ ਅਤੇ ਸਪੀਕਰ ਸੰਧਵਾਂ ਦਾ ਦਿਲੋਂ ਧੰਨਵਾਦ ਕੀਤਾ। ਸਪੀਕਰ ਸੰਧਵਾਂ ਨੇ ਆਲੂ ਪੇਂਟਰ ਦੀ ਉਕਤ ਕਲਾਕਾਰੀ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਪ੍ਰਸੰਸਕ ਹਰ ਪੱਖੋਂ ਕਲਾਕਾਰ ਹਨ। ਉੱਥੇ ਹਾਜਰ ਪਰਮਿੰਦਰ ਸਿੰਘ ਪ੍ਰਧਾਨ ਵਪਾਰ ਮੰਡਲ ਕੋਟਕਪੂਰਾ ਨੇ ਆਖਿਆ ਕਿ ਪੰਜਾਬ ਵਾਸੀਆਂ ਨੂੰ ਹੋਲੀ ਹੋਲੀ ਸਮਝ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਅਤੇ ਪੰਜਾਬੀਆਂ ਨੂੰ ਕੁੱਟਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਪੰਜਾਬ ਦਾ ਪੈਸਾ ਲੁੱਟਣ ਵਾਲਿਆਂ ਖਿਲਾਫ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮੁਹਿੰਮ ਛੇੜ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਅਸਲ ਵਿੱਚ ਉਹ ਹੀ ਪੰਜਾਬ ਦਾ ਇਮਾਨਦਾਰ ਪੁੱਤਰ ਹੈ। ਆਲੂ ਪੇਂਟਰ ਨੇ ਆਖਿਆ ਕਿ ਉਹ ਭਵਿੱਖ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਵੀ ਹੱਥ ਨਾਲ ਤਸਵੀਰ ਤਿਆਰ ਕਰੇਗਾ, ਕਿਉਂਕਿ ਉਸਦੇ ਪਰਿਵਾਰਕ ਮੈਂਬਰ ਅਤੇ ਦੋਸਤ-ਮਿੱਤਰ ਸਪੀਕਰ ਸੰਧਵਾਂ ਨੂੰ ਵੀ 100 ਫੀਸਦੀ ਇਮਾਨਦਾਰ, ਸਮਾਜਸੇਵਕ, ਸਮਾਜ ਸੁਧਾਰਕ ਅਤੇ ਗਰੀਬਾਂ ਦਾ ਮਸੀਹਾ ਮੰਨਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ., ਅਮਨਦੀਪ ਸਿੰਘ ਸੰਧੂ ਪੀ.ਏ. ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜਰ ਸਨ।
Share the post "ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਹੀ ਅਸਲ ਵਿੱਚ ਹਨ ਗਰੀਬਾਂ ਦੇ ਮਸੀਹੇ : ਆਲੂ ਪੇਂਟਰ"