ਪਾਈਪਾਂ ਦੀ ਲੀਕੇਜ਼ ਕਾਰਨ ਨਹਿਰੀ ਖਾਲ ਵੀ ਥਾਂ ਥਾਂ ਤੋਂ ਟੁੱਟਿਆ
ਕਿਸਾਨਾਂ ਆਪ ਸਰਕਾਰ ਤੇ ਨਹਿਰੀ ਵਿਭਾਗ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਭੋਲਾ ਸਿੰਘ ਮਾਨ
ਮੌੜ ਮੰਡੀ, 26 ਅਪ੍ਰੈਲ: ਅਕਾਲੀ ਭਾਜਪਾ ਦੇ ਰਾਜ ਦੌਰਾਨ ਨਹਿਰੀ ਵਿਭਾਗ ਵੱਲੋਂ 7 ਪਿੰਡਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਕਸਦ ਨਾਲ ਬਣਾਇਆ ਗਿਆ ਭਾਈ ਬਖਤੌਰ ਲਿੰਕ ਚੈਨਲ ਹੁਣ ਪਿੰਡ ਭਾਈਬਖਤੌਰ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਕਰਨ ਦਾ ਕੰਮ ਕਰ ਰਿਹਾ ਹੈ। ਜਿਸ ਤੋਂ ਭੜਕੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਦਰਸ਼ਨ ਸਿੰਘ, ਕੌਰ ਸਿੰਘ, ਵੀਰਦਵਿੰਦਰ ਸਿੰਘ, ਦੀਪ ਸਿੰਘ ਅਤੇ ਮੁਖਤਿਆਰ ਸਿੰਘ ਫੌਜੀ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਪ੍ਰਤੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਦੇ ਰਾਜ ਵਿਚ ਕੋਟਲਾ ਬਰਾਂਚ ਨਹਿਰ ’ਤੇ ਸਥਿਤ ਪਿੰਡ ਜੋਧਪੁਰ ਪਾਖਰ ਤੋਂ ਭਾਈ ਬਖਤੌਰ �ਿਕ ਚੈਨਲ ਅੰਡਰ ਗਰਾਂਉਡ ਪਾਈਪ ਪਾ ਕੇ ਖੇਤਾਂ ਰਾਹੀਂ ਪਿੰਡ ਰਾਮਗੜ ਭੁੰਦੜ, ਕੋਟਭਾਰਾ ਅਤੇ ਕੋਟਫੱਤਾ ਨੂੰ ਕੱਢਿਆ ਗਿਆ ਸੀ। ਪ੍ਰੰਤੂ ਲਿੰਕ ਚੈਨਲ ਬਣਾਉਣ ਸਮੇਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ। ਉਕਤ ਲਿੰਕ ਚੈਨਲ ਪਿਛਲੇ 5 ਸਾਲਾਂ ਤੋਂ ਹਰ ਸਮੇਂ ਥਾਂ ਥਾਂ ਤੋਂ ਲੀਕ ਹੋ ਰਿਹਾ ਹੈ। ਜਿਸ ਕਾਰਨ ਹਰ ਵਾਰ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ।
ਕਿਸਾਨ ਮੁਖਤਿਆਰ ਸਿੰਘ ਫੌਜੀ ਨੇ ਦੱਸਿਆ ਕਿ ਕਣਕ ਦੀ ਬਿਜਾਈ ਸਮੇਂ ਉਸ ਨੇ ਮਹਿੰਗੇ ਭਾਅ ਦੇ ਬੀਜ ਖਾਦ ਪਾ ਕੇ ਜਦੋਂ ਕਣਕ ਦੀ ਬਿਜਾਈ ਕਰ ਦਿੱਤੀ ਸੀ , ਤਾਂ ਨਹਿਰੀ ਵਿਭਾਗ ਨੇ ਉਕਤ ਚੈਨਲ ’ਚ ਪਾਣੀ ਛੱਡ ਦਿੱਤਾ ਅਤੇ ਚੈਨਲ ’ਚੋ ਪਾਣੀ ਲੀਕੇਜ਼ ਹੋਣ ਕਾਰਨ ਉਸ ਦੀ ਜਮੀਨ ਛੱਪੜ ਵਾਂਗ ਭਰ ਗਈ ਸੀ। ਜਿਸ ਕਰਕੇ ਉਸ ਦੀ ਫ਼ਸਲ ਖਰਾਬ ਹੋ ਗਈ ਅਤੇ ਜਮੀਨ ’ਚ ਪਾਣੀ ਖੜਨ ਕਾਰਨ ਉਸ ਨੂੰ 6 ਮਹੀਨੇ ਰਕਬਾ ਖਾਲੀ ਰੱਖਣਾ ਪਿਆ। ਉਨਾ ਅੱਗੇ ਕਿਹਾ ਕਿ ਅਸੀ ਕਈ ਵਾਰ ਇਸ ਸਮੱਸਿਆ ਨੂੰ ਲੈ ਕਿ ਡਿਪਟੀ ਕਮਿਸ਼ਨਰ ਬਠਿੰਡਾ, ਐਕਸੀਅਨ ਦਫ਼ਤਰ ਜਵਾਹਰਕੇ ਨੂੰ ਮਿਲੇ। ਪ੍ਰੰਤੂ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਪਾਣੀ ਦੀ ਲੀਕੇਜ਼ ਤੋਂ ਨਿਯਾਤ ਨਹੀ ਦਿਵਾਈ।
ਕਿਸਾਨ ਜਰਨੈਲ ਸਿੰਘ, ਬਲੌਰ ਸਿੰਘ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਸੁਦਾਗਰ ਸਿੰਘ ਆਦਿ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਰੀਆਂ ਦੀ ਲਾਹਪ੍ਰਵਾਹੀ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਉੱਥੇ ਹੀ ਤਿੰਨ ਕਿਲੋਮੀਟਰ ਦੇ ਕਰੀਬ ਪੱਕਾ ਨਹਿਰੀ ਖਾਲ ਵੀ ਬੁਰੀ ਤਰਾਂ ਟੁੱਟ ਚੁੱਕਾ ਹੈ। ਉਨਾਂ ਅੱਗੇ ਕਿਹਾ ਕਿ ਭਾਵੇਂ ਅਕਾਲੀ ਭਾਜਪਾ ਦੇ ਰਾਜ ਦੌਰਾਨ ਟੇਲਾਂ ’ਤੇ ਪਾਣੀ ਪਹੁੰਚਦਾ ਕਰਨ ਲਈ ਭਾਈ ਬਖਤੌਰ �ਿਕ ਚੈਨਲ ਦਾ ਨਿਰਮਾਣ ਕੀਤਾ ਗਿਆ ਸੀ। ਪਰ ਚੈਨਲ ਦੇ ਨਿਰਮਾਣ ਸਮੇਂ ਵਰਤੇ ਗਏ ਘਟੀਆ ਮਟੀਰੀਅਲ ਕਾਰਨ ਨਾਂ ਤਾਂ ਅੱਗੇ ਕਿਸਾਨਾਂ ਤੱਕ ਪਾਣੀ ਪਹੁੰਚਦਾ ਹੈ। ਸਗੋਂ ਰਸਤੇ ’ਚ ਲੀਕ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੰਦਾ ਹੈ। ਉਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ ਅਤੇ ਪਾਣੀ ਦੀ ਲੀਕੇਜ਼ ਸਬੰਧੀ ਠੋਸ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨਾਂ ਦਾ ਆਰਥਿਕ ਨੁਕਸਾਨ ਨਾ ਹੋਵੇ।ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਜਗਮੀਤ ਸਿੰਘ ਭਾਕਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ 27 ਅਪ੍ਰੈਲ ਤੱਕ ਪਾਈਪ ਲਾਈਨ ਦੀ ਰਿਪੇਅਰ ਕਰਵਾ ਦਿੰਦੇ ਹਾਂ ਅਤੇ ਉਕਤ ਚੈਨਲ ਦਾ ਪਿੱਛੇ ਤੋਂ ਪਾਣੀ ਵੀ ਬੰਦ ਕਰਵਾ ਦਿੱਤਾ ਹੈ।
ਭਾਈ ਬਖਤੌਰ ਲਿੰਕ ਚੈਨਲ ਸਿੰਚਾਈ ਦੇਣ ਦੀ ਬਜਾਏ ਫ਼ਸਲਾਂ ਦੀ ਬਰਬਾਦੀ ਕਰਨ ਲੱਗਿਆ
12 Views