29 Views
👉ਮੁਹਿੰਮ ਸਿਰਫ ਸਰਕਾਰੀ ਅਧਿਕਾਰੀਆਂ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਭਿ੍ਰਸਟ ਸਿਆਸੀ ਆਗੂਆਂ ਵਿਰੁੱਧ ਵੀ ਹੋਣੀ ਚਾਹੀਦੀ ਹੈ ਕਾਰਵਾਈ: ਹਰਵਿੰਦਰ ਸਿੰਘ ਲਾਡੀ
👉ਕਿਹਾ ਜੇ ਸਰਕਾਰ ਪਿੱਛੇ ਹਟੀਂ ਤਾਂ ਲੋਕਾਂ ਦਾ ਟੁੱਟੇਗਾ ਭਰੋਸਾ
👉ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਭਿ੍ਸਟਾਚਾਰੀਆਂ ਵਿਰੁੱਧ ਕੀਤੀ ਸਖ਼ਤ ਕਾਰਵਾਈ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 11 ਜਨਵਰੀ: ਪੰਜਾਬ ਸਰਕਾਰ ਵੱਲੋਂ ਭਿਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਇਕ ਆਈਏਐਸ ਤੇ ਇਕ ਪੀਸੀਐਸ ਅਫਸਰ ਵਿਰੁੱਧ ਕਾਰਵਾਈ ਦੇ ਵਿਰੋਧ ਵਿਚ ਪੰਜਾਬ ਦੀ ਲਗਭਗ ਸਮੁੱਚੀ ਸਰਕਾਰੀ ਮਸ਼ੀਨਰੀ ਦੇ ਆ ਜਾਣ ਕਾਰਨ ਪੈਦਾ ਹੋਏ ਗਤੀਰੋਧ ਦੌਰਾਨ ਜਿੱਥੇ ਜ਼ਿਆਦਾਤਰ ਆਮ ਲੋਕ ਸਰਕਾਰ ਦੇ ਹੱਕ ਵਿੱਚ ਭੁਗਤਦੇ ਨਜ਼ਰ ਆ ਰਹੇ ਹਨ ਉਥੇ ਸੂਬਾਈ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਸਰਕਾਰ ਦੀ ਪਿੱਠ ਥਾਪੜਦਿਆਂ ਮੰਗ ਕੀਤੀ ਹੈ ਕਿ “ਇਕੱਲੇ ਅਫਸਰਾਂ ਨੂੰ ਹੀ ਨਹੀਂ ਬਲਕਿ ਪੰਜਾਬ ਨੂੰ ਲੁੱਟਣ ਵਾਲੇ ਸਿਆਸੀ ਆਗੂਆਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਦੇ ਖੇਮੇ ਵਿਚ ਮੰਨੇ ਜਾਂਦੇ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਕ ਪੱਤਰ ਵੀ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਬੇਸ਼ੱਕ ਪੰਜਾਬ ਸਰਕਾਰ ਪਿਛਲੇ ਦਸ ਮਹੀਨਿਆਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੀ ਹੈ ਜਿਸ ਕਾਰਨ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਨਸ਼ਿਆਂ ਦਾ ਪਸਾਰਾ ਦਿਨੋਂ ਦਿਨ ਵਧ ਰਿਹਾ ਹੈ। ਪਰੰਤੂ ਆਪ ਜੀ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੀ ਮੈਂ ਸ਼ਲਾਘਾ ਕਰਦਾ ਹਾਂ। ਇਹ ਮੁਹਿੰਮ ਅਸਲ ਵਿਚ ਸਿਰਫ਼ ਸਰਕਾਰੀ ਅਧਿਕਾਰੀਆਂ ਤਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਸਗੋਂ ਇਸਦਾ ਘੇਰਾ ਵਿਸ਼ਾਲ ਕਰਕੇ ਭ੍ਰਿਸ਼ਟਾਚਾਰ ਵਿਚ ਲਿਪਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਿੰਨ੍ਹਾਂ ਅਜਿਹੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਕਰੋੜਾਂ ਰੁਪਏ ਦੇ ਘਪਲੇ ਕਰਕੇ ਪੰਜਾਬ ਨੂੰ ਦੋਵੇਂ ਹੱਥੀ ਲੁੱਟਿਆ ਹੈ। ਤੁਹਾਡੇ ਵੱਲੋਂਂ ਭ੍ਰਿਸ਼ਟਾਚਾਰੀਆਂ ਵਿਰੁੱਧ ਲਏ ਜਾ ਸਟੈਂਡ ਦੀ ਮੈਂ ਨਿੱਜੀ ਤੌਰ ’ਤੇ ਪੂਰੀ ਹਮਾਇਤ ਕਰਦਾ ਹਾਂ। ਹੁਣ ਤੁਹਾਡੀ ਪਰਖ ਦਾ ਸਮਾਂ ਹੈ ਕਿ ਪਿਛਲੇ ਸਮੇਂ ਦੌਰਾਨ ਸੱਤਾਧਾਰੀ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਪੰਜਾਬ ਨੂੰ ਲੁੱਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇਵੋਗੇ। ਅਜਿਹੇ ਭ੍ਰਿਸ਼ਟਾਚਾਰ ਵਿਚ ਲਿਪਤ ਲੀਡਰਾਂ ਤੇ ਅਫ਼ਸਰਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਜਬਤ ਕਰੋਗੇ। ਜੇਕਰ ਤੁਸੀ ਅਜਿਹੇ ਲੋਕਾਂ ਦੀਆਂ ਜਮੀਨਾਂ ਜਾਇਦਾਦਾਂ ਜਬਤ ਕਰਕੇ ਪੈਸਾ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾਉਦੇ ਹੋ ਤਾਂ ਇਸ ਨਾਲ ਪੰਜਾਬ ਦਾ ਫਾਇਦਾ ਹੋਵੇਗਾ। ਇਹ ਤੁਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਵੀ ਕਰਦੇ ਰਹੇ ਹੋ। ਜੇਕਰ ਪੰਜਾਬ ਨੂੰ ਦੋਵੇਂ ਹੱਥੀ ਲੁੱਟਿਆ ਗਿਆ ਹੈ ਤਾਂ ਇਹ ਸਿਆਸੀ ਸ਼ਹਿ ਤੋਂ ਬਿਨ੍ਹਾਂ ਨਹੀਂ ਹੋਇਆ। ਹੁਣ ਵੱਡੇ ਭ੍ਰਿਸ਼ਟਾਚਾਰੀਆਂ ਨੂੰ ਜਾਂਚ ਵਿਚ ਸ਼ਾਮਲ ਕਰਨ ਦਾ ਵੇਲਾ ਹੈ। ਵੈਸੇ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋ ਰਹੀ ਹੈ, ਪਰ ਜੇਕਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੀ ਤੁਸੀਂ ਕਿਸੇ ਕਾਰਨ ਢਿੱਲ ਵਰਤਦੇ ਹੋ ਤਾਂ ਫਿਰ ਤੁਹਾਡੀ ਪੰਜਾਬ ਪ੍ਰਤੀ ਵਫ਼ਾਦਾਰੀ ਮਿੱਟੀ ਵਿਚ ਰੁਲ ਜਾਵੇਗੀ। ਇਸ ਮੁਹਿੰਮ ਨੂੰ ਤੁਸੀਂ ਨਿਰਪੱਖਤਾ ਨਾਲ ਚਲਾਉਦੇ ਹੋਏ ਆਪਣੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਵੋ। ਮੈਂ ਇਹ ਵੀ ਤੁਹਾਡੇ ਧਿਆਨ ਵਿਚ ਲਿਅਉਣਾ ਚਾਹੁੰਦਾ ਹੈ ਕਿ ਤੁਹਾਡੀ ਸਰਕਾਰ ਦੇ ਬਹੁਤੇ ਵਿਧਾਇਕ ਵੀ ਗਲਤ ਕੰਮਾਂ ਵਿਚ ਪੈ ਚੁੱਕੇ ਹਨ ਅਤੇ ਭ੍ਰਿਸ਼ਟਾਚਾਰ ਕਰ ਰਹੇ ਹਨ। ਇੰਨ੍ਹਾਂ ਦੀ ਜਾਂਚ ਦੇ ਹੁਕਮ ਦੇਵੋ। ਤੁਹਾਡੀ ਅਗਵਾਈ ਵਿਚ ਸਰਕਾਰ ਨੇ ਹੁਣ ਤਕ ਇੱਕੋਂ ਇਕ ਕੰਮ ਭ੍ਰਿਸ਼ਟਾਚਾਰ ਵਿਰੁੱਧ ਕੀਤਾ ਹੈ। ਇਸ ਲਈ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਬਿਨ੍ਹਾਂ ਕਿਸੇ ਪੱਖਪਾਤ ਤੋਂ ਅੱਗੇ ਲਿਜਾਂਦੇ ਹੋਏ ਇਸਦਾ ਘੇਰਾ ਵਿਸ਼ਾਲ ਕਰਦਿਆਂ ਸੱਤਾ ਵਿਚ ਰਹੇ ਭ੍ਰਿਸ਼ਟਾਚਾਰ ਵਿਚ ਲਿਪਤ ਸਿਆਸੀ ਲੀਡਰਾਂ ਦੀ ਵੀ ਜਾਂਚ ਕਰਵਾਓਗੇ।ਭ੍ਰਿਸ਼ਟਾਚਾਰੀਆਂ ਦੇ ਹੱਕ ਵਿਚ ਖੜ੍ਹਨ ਵਾਲੇ ਸਿਆਸੀ ਆਗੂਆਂ ਦੀ ਤਰੁੰਤ ਜਾਂਚ ਦੇ ਹੁਕਮ ਦਿਓ। ਨਾਲ ਹੀ ਭ੍ਰਿਸ਼ਟਾਚਾਰ ਦੇ ਇੰਨ੍ਹਾਂ ਮਾਮਲਿਆਂ ਦੀ ਸੁਣਵਾਈ ਲਈ ਸਪੈਸ਼ਲ ਕਮਿਸ਼ਨ ਤੇ ਫਾਸਟ ਟਰੈਕ ਅਦਾਲਤਾਂ ਰਾਹੀ ਅਜਿਹੇ ਲੋਕਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਪੰਜਾਬ ਨੂੰ ਲੁੱਟਣ ਦਾ ਕੋਈ ਹੀਆ ਨਾ ਕਰ ਸਕੇ।