ਸੁਖਜਿੰਦਰ ਮਾਨ
ਬਠਿੰਡਾ, 22 ਅਸਗਤ –ਸ਼ਹਿਰ ਦੇ ਨਾਲ ਲੱਗਦੇ ਹਲਕੇ ਬਠਿੰਡਾ ਦਿਹਾਤੀ ’ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਵਿਚਕਾਰ ਚੱਲ ਰਹੀ ਖਿੱਚੋਤਾਣ ਹੁਣ ਦਿਨ-ਬ-ਦਿਨ ਵਧਣ ਲੱਗੀ ਹੈ। ਜਿੱਥੇ ਸ਼੍ਰੀ ਲਾਡੀ ਨੇ ਮਨਪ੍ਰੀਤ ਵਿਰੁਧ ਤੋਪਾਂ ਸਿੱਧੀਆਂ ਕੀਤੀਆਂ ਹੋਈਆਂ ਹਨ, ਉਥੇ ਹੁਣ ਵਿਤ ਮੰਤਰੀ ਨੇ ਵੀ ਅਪਣੇ ਲਫਟੈਣਾਂ ਦੇ ਮੋਢਿਆਂ ‘ਤੇ ਬੰਦੂਕਾਂ ਰੱਖ ਕੇ ਸਿਆਸੀ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਮਾਹਰਾਂ ਮੁਤਾਬਕ ਲਾਡੀ ਦੇ ‘ਪਰ’ ਕੱਟਣ ਲਈ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੂੰ ‘ਹਵਾ’ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਲਈ ਬਠਿੰਡਾ ਸ਼ਹਿਰ ਨਾਲ ਸਬੰਧਤ ਇੱਕ ਉਪ ਚੇਅਰਮੈਨ ਤੇ ਉਨ੍ਹਾਂ ਦੀ ਟੀਮ ਇਸ ਕੰਮ ਨੂੰ ਪੂਰਾ ਕਰਨ ਵਿਚ ਦਿਨ-ਰਾਤ ਇੱਕ ਕਰ ਰਹੀ ਹੈ। ਇਸ ਟੀਮ ਵਲੋਂ ਲਾਡੀ ਨਾਲ ਨਰਾਜ਼ ਚੱਲ ਰਹੇ ਬਠਿੰਡਾ ਅਤੇ ਸੰਗਤ ਬਲਾਕ ਦੇ ਆਗੂਆਂ ਨੂੰ ਇੱਕ ਪਲੇਟਫ਼ਾਰਮ ’ਤੇ ਇਕੱਠਾ ਕੀਤਾ ਜਾ ਰਿਹਾ ਹੈ। ਬੀਤੇ ਕੱਲ ਇੱਕ ਵੱਡਾ ਇਕੱਠ ਕਰਕੇ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਹੀਂ ਨਹੀਂ, ਹਲਕਾ ਇੰਚਾਰਜ਼ ਨੂੰ ਸਿਆਸੀ ਤੌਰ ’ਤੇ ਖ਼ਤਮ ਕਰਨ ਲਈ ਹਲਕੇ ਦੇ ਵਿਕਾਸ ਕੰਮਾਂ ਵਾਸਤੇ ਇੱਕ 15 ਮੈਂਬਰੀ ਕਮੇਟੀ ਬਣਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਹਰਵਿੰਦਰ ਸਿੰਘ ਲਾਡੀ ਵੀ ਅਪਣੇ ਕਿਲੇ ਨੂੰ ਮਜਬੂਤ ਰੱਖਣ ਲਈ ਪੰਚਾਂ-ਸਰਪੰਚਾਂ ਤੇ ਮੋਹਤਬਰ ਆਗੂਆਂ ਨੂੰ ਇਕਜੁਟ ਰੱਖਣ ਲਈ ਭੱਜਦੋੜ ਕਰ ਰਹੇ ਹਨ। ਸੂਤਰਾਂ ਮੁਤਾਬਕ ਵਿਤ ਮੰਤਰੀ ਦੇ ਧੜੇ ਵਲੋਂ ਖੁੱਲੇ ਤੌਰ ’ਤੇ ਵਿਰੋਧ ਵਿਚ ਆਉਣ ਦੇ ਬਾਅਦ ਲਾਡੀ ਧੜੇ ਦੀ ਮੱਦਦ ਲੋਕ ਸਭਾ ਹਲਕੇ ’ਚੋਂ ਚੋਣ ਲੜਣ ਵਾਲੇ ਇੱਕ ਨੌਜਵਾਨ ਆਗੂ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਇੱਕ ਧੜੱਲੇਦਾਰ ਆਗੂ, ਪੰਜਾਬ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਅਤੇ ਇੱਥੋਂ ਤੱਕ ਮੁੱਖ ਮੰਤਰੀ ਦਰਬਾਰ ਵਲੋਂ ਵੀ ਕੀਤੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਕਿਸੇ ਸਮੇਂ ਹਰਵਿੰਦਰ ਸਿੰਘ ਲਾਡੀ ਨੂੰ ਮਨਪ੍ਰੀਤ ਸਿੰਘ ਬਾਦਲ ਦਾ ਹੀ ਨਜਦੀਕੀਆਂ ਮੰਨਿਆਂ ਜਾਂਦਾ ਸੀ। ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਪੀਪਲਜ਼ ਪਾਰਟੀ ਬਣਾਉਣ ਸਮੇਂ ਮੋਢੀਆਂ ਵਿਚੋਂ ਹਰਵਿੰਦਰ ਸਿੰਘ ਲਾਡੀ ਵੀ ਇੱਕ ਸਨ ਤੇ ਬਠਿੰਡਾ ਦਿਹਾਤੀ ਤੋਂ ਟਿਕਟ ਵੀ ਮਨਪ੍ਰੀਤ ਦੇ ਕੋਟੇ ਵਿਚੋਂ ਮਿਲਣ ਦੀ ਚਰਚਾ ਚੱਲਦੀ ਰਹੀ ਹੈ। ਹਾਲਾਂਕਿ ਸ਼੍ਰੀ ਲਾਡੀ ਇਸ ਚਰਚਾ ’ਤੇ ਰੋਕ ਲਗਾਉਂਦਿਆਂ ਸਪੱਸ਼ਟ ਤੌਰ ’ਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਧੀ ਟਿਕਟ ਦਿੱਤੀ ਗਈ ਸੀ, ਕਿਉਂਕਿ ਉਨ੍ਹਾਂ ਦੇ ਮਹਰੂਮ ਪਿਤਾ ਤੇ ਸਾਬਕਾ ਵਿਧਾਇਕ ਜਸਮੇਲ ਸਿੰਘ ਦੀ ਮੁੱਖ ਮੰਤਰੀ ਨਾਲ ਪ੍ਰਵਾਰਕ ਨੇੜਤਾ ਰਹੀ ਹੈ।
ਮਨਪ੍ਰੀਤ ਬਨਾਮ ਲਾਡੀ: ਹਲਕੇ ’ਚ ਸਿਆਸੀ ਪਕੜ ਵਧਾਉਣ ਲਈ ਵਧੀ ਖਿੱਚੋਤਾਣ
1 Views