ਕਿਹਾ, ਮੁਝੇ ਤੇਰੇ ਰਾਹ ਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਪਰ ਮਲਾਲ ਹੈ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਕਿਸੇ ਸਮੇਂ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਿਆਉਣ ਲਈ ਇਕੱਠੇ ਕੰਮ ਕਰਦੇ ਰਹੇ ਸਾਬਕਾ ਵਿਤ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਵਿਚਕਾਰ ਹੁਣ ਸ਼ੁਰੂ ਹੋਈ ‘ਟਵੀਟੋ-ਟਵੀਟੀ’ ਦੀ ਜੰਗ ਹੋਰ ਅੱਗੇ ਵਧਣ ਲੱਗੀ ਹੈ। ਪਿਛਲੇ ਦਿਨੀਂ ਵਿਜੀਲੈਂਸ ਵਲੋਂ ਤਲਬ ਕੀਤੇ ਜਾਣ ਤੋਂ ਬਾਅਦ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਕੀਤੇ ਗਏ ਸਿਆਸੀ ਹਮਲਿਆਂ ਤੋਂ ਬਾਅਦ ਬੀਤੇ ਕੱਲ ਸ: ਮਾਨ ਨੇ ਵੀ ਇੱਕ ਟਵੀਟ ਰਾਹੀਂ ਮੋੜਵਾ ਜਵਾਬ ਦਿੱਤਾ ਸੀ, ਜਿਸ ਵਿਚ ਉਨ੍ਹਾਂ ਮਨਪ੍ਰੀਤ ਬਾਦਲ ਵਲੋਂ ਕੀਤੇ ਇਮਾਨਦਾਰੀ ਦੇ ਦਾਅਵਿਆਂ ’ਤੇ ਸਵਾਲ ਖ਼ੜਾ ਕਰਦਿਆਂ ਦਾਅਵਾ ਕੀਤਾ ਸੀ ਕਿ ‘‘ ਉਨ੍ਹਾਂ ਨੂੰ ਉਸਦੇ ਕੱਲੇ-ਕੱਲੇ ਕਿੰਨੂਆਂ ਦੇ ਬੂਟਿਆਂ ਦਾ ਪਤਾ ਹੈ।’’ ਇਸ ਟਵੀਟ ਤੋਂ ਬਾਅਦ ਅੱਜ ਸਾਬਕਾ ਵਿਤ ਮੰਤਰੀ ਨੇ ਵੀ ਸੋਸਲ ਮੀਡੀਆ ’ਤੇ ਜਵਾਬ ਦਿੰਦਿਆਂ ਮੁੱਖ ਮੰਤਰੀ ਉਪਰ ਡਰਾਮੇਬਾਜੀ ਕਰਨ ਦਾ ਦੋਸ ਲਗਾਇਆ ਹੈ। ਉਨ੍ਹਾਂ ਅਪਣੇ ਟਵੀਟ ਵਿਚ ਕਿਹਾ ਹੈ ਕਿ ‘‘ਭਗਵੰਤ ਜੀ, ਡਰਾਮਾ ਕਰਨਾ ਤੁਹਾਡਾ ਪੇਸ਼ਾ ਸੀ ਤੇ ਹੁਣ ਵੀ ਹੈ। ਪੰਜਾਬ ਦੇ ਲੋਕ ਤੁਹਾਡੇ ਡਰਾਮੇ ਦੇਖ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਸ਼ੇਅਰ ਦਾ ਜਵਾਬ ਸ਼ੇਅਰ ਵਿਚ ਦਿੰਦਿਆਂ ਕਿਹਾ ਹੈ ਕਿ ‘‘ ਮੈਂ ਬਤਾਉਂ ਕਾਫ਼ਲਾ ਕਿਉਂ ਲੂਟਾ, ਤੇਰਾ ਰਾਹ ਜਨੋ ਸੇ ਥਾ ਵਾਸਤਾ, ਮੁਝੇ ਤੇਰੇ ਰਾਹ ਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਪਰ ਮਲਾਲ ਹੈ। ’’ ਉਰਦੂ ਤੇ ਫ਼ਾਰਸੀ ਦੀ ਸੇਅਰੋ-ਸੇਅਰੀ ਦੇ ਕਾਫ਼ੀ ਮਾਹਰ ਮੰਨੇ ਜਾਂਦੇ ਮਨਪ੍ਰੀਤ ਬਾਦਲ ਹਮੇਸ਼ਾ ਹੀ ਹਰ ਸਟੇਜ਼ ਜਾਂ ਮਹਿਫ਼ਲ ਵਿਚ ਸੇਅਰੋ-ਸੇਅਰੀ ਕਰਦੇ ਹਨ। ਜਿਸਦੇ ਚੱਲਦੇ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਸੰਬੋਧਤ ਕਰਕੇ ਕੀਤੇ ਟਵੀਟ ਵਿਚ ਸਿਆਸੀ ਤੰਜ਼ ਕਸਦਿਆਂ ਲਿਖਿਆ ਸੀ ਕਿ ‘‘ ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ, ਮੈਂਨੂੰ ਤੁਹਾਡੇ ਬਾਗਾਂ ਦੇ ਕੱਲੇ ਕੱਲੇ ਕਿੰਨੂ ਦਾ ਪਤਾ ਹੈ, ਆਪਣੀ ਗੱਡੀ ਆਪ ਚਲਾਉਣ, ਟੋਲ ਟੈਕਸ ਦੇਣਾ, ਇਹ ਸਭ ਡਰਾਮੇ ਨੇ।’’ ਤੇ ਨਾਲ ਹੀ ਆਖਰ ਵਿਚ ਜਵਾਬ ਮੰਗਦਿਆਂ ਉਰਦੂ ਭਾਸ਼ਾ ਦਾ ਇੱਕ ਸੇਅਰ ਲਿਖਿਆ ਸੀ ਕਿ ‘‘ਤੂੰ ਇਧਰ-ਉਧਰ ਕੀ ਬਾਤ ਨਾ ਕਰ, ਯੇ ਬਤਾ ਕਾਫ਼ਿਲਾ ਕਿਉਂ ਲੂਟਾ, ਮੁਝੇ ਰਹਿਜ਼ਨੋ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ’’। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰ ਦੇ ਪੌਸ ਇਲਾਕੇ ’ਚ ਖ਼ਰੀਦੇ ਇੱਕ ਪਲਾਟ ਦੇ ਮਾਮਲੇ ਵਿਚ ਵਿਜੀਲੈਂਸ ਬਿਉਰੋ ਵਲੋਂ ਸਾਬਕਾ ਵਿਤ ਮੰਤਰੀ ਨੂੰ ਲੰਘੀ 24 ਜੁਲਾਈ ਨੂੰ ਬਠਿੰਡਾ ਦਫ਼ਤਰ ’ਚ ਤਲਬ ਕੀਤਾ ਸੀ। ਇਸ ਦੌਰਾਨ ਪੇਸ਼ੀ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਸਖ਼ਤ ਲਹਿਜੇ ਵਿਚ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਤ ਹੁੰਦਿਆਂ ਕਿਹਾ ਸੀ ‘‘ ਭਗਵੰਤ, ਨਾਂ ਤਾਂ ਮੈਂ ਤੈਥੋਂ ਡਰਦਾ ਤੇ ਨਾਂ ਹੀ ਤੇਰੀ ਵਿਜੀਲੈਂਸ ਤੋਂ ਡਰਦਾ ਹਾਂ, ਜਿਸਦੇ ਚੱਲਦੇ ਜਿੰਨੀਂ ਤੇਰੀ ਹੈਸੀਅਤ ਹੈ ਤੇ ਤੇਰੀ ਔਕਾਤ ਹੈ ਤੇ ਤੇਰੇ ਮਨ ਵਿਚ ਨਾ ਰਹਿ ਜਾਵੇ ਕਿ ਮੈਂ ਮੁੱਖ ਮੰਤਰੀ ਬਣਿਆ ਸੀ ਕਿ ਮੈਂ ਮਨਪ੍ਰੀਤ ਬਾਦਲ ਦਾ ਨੁਕਸਾਨ ਨਾ ਕਰ ਸਕਿਆ ਜਾਂ ਉਸਨੂੰ ਬਰਬਾਦ ਨਾ ਕਰ ਸਕਿਆ, ਜਿੰਨਾਂ ਜੋਰ ਲੱਗਦਾ ਹੈ ਲਗਾ ਲਵੀ। ਇਸਦੇ ਨਾਲ ਹੀ ਉਨ੍ਹਾਂ ਅਪਣੇ ਇੱਕ ਹੋਰ ਸਿਆਸੀ ਵਿਰੋਧੀ ਨੂੰ ਵੀ ਲਪੇਟੇ ਵਿਚ ਲੈਂਦਿਆਂ ਵਿਅੰਗ ਕਸਿਆ ਸੀ ਕਿ ਮੈਂ ਰਾਜਾ ਵੜਿੰਗ ਨਹੀਂ ਕਿ ਅੱਧੀ ਰਾਤ ਨੂੰ ਟੋਪੀ ਲੈ ਤੇ ਕੇ ਮਾਸਕ ਲਗਾ ਕੇ ਤੇਰੇ ਪੈਰੀ ਹੱਥ ਲਗਾ ਦੇਵਾਂ। ਹਾਲਾਂਕਿ ਰਾਜਾ ਵੜਿੰਗ ਨੇ ਵੀ ਇਸਦੇ ਜਵਾਬ ਵਿਚ ਫ਼ੇਸਬੁੱਕ ’ਤੇ ਲਾਈਵ ਹੋ ਕੇ ਸਾਬਕਾ ਵਿਤ ਮੰਤਰੀ ਨੂੰ ਜਵਾਬ ਦਿੰਦਿਆਂ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ।
ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਦਿੱਤਾ ਮੋੜਵਾ ਜਵਾਬ
24 Views