9 Views
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 1 ਅਗਸਤ —ਅੱਜ ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਮਨੀਪੁਰ ਦੇ ਮੌਜੂਦਾ ਹਾਲਾਤ, ਭਾਜਪਾਈ ਪਿਛਾਖੜੀ ਮਨਸੂਬੇ ਅਤੇ ਉੱਤਰ ਪੂਰਬ ਦੀਆਂ ਕੌਮੀ ਲਹਿਰਾਂ ਦਾ ਪ੍ਰਸੰਗ ਵਿਸ਼ੇ ‘ਤੇ ਇਕੱਤਰਤਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ,ਠੇਕਾ ਮੁਲਾਜ਼ਮਾਂ, ਨੌਜਵਾਨਾਂ ਅਤੇ ਸ਼ਹਿਰ ਨਿਵਾਸੀਆਂ ਨੇ ਹਿੱਸਾ ਲਿਆ।ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਚ ਮਨੀਪੁਰ ਅੰਦਰ ਹੋਏ ਲੋਕਾਂ ਦੇ ਆਪਸੀ ਹਿੰਸਕ ਟਕਰਾਵਾਂ, ਸਾੜਫੂਕ ਅਤੇ ਕਤਲਾਂ ਦੀਆਂ ਘਟਨਾਵਾਂ ‘ਚ 100 ਦੇ ਲਗਭਗ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਬੇਘਰ ਹੋਏ ਹਨ । ਛੋਟੇ ਕਾਰੋਬਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ । ਵੱਡੀ ਪੱਧਰ ਤੇ ਔਰਤਾਂ ਬੇਪੱਤੀ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੋਈਆਂ ਹਨ।ਚਾਹੇ ਇਸ ਹਿੰਸਕ ਟਕਰਾਅ ਦਾ ਫੌਰੀ ਕਾਰਨ ਹਾਈਕੋਰਟ ਵਲੋਂ ਮੈਤੇਈ ਭਾਈਚਾਰੇ ਨੂੰ ਐਸ. ਟੀ. ਦਾ ਦਰਜਾ ਦੇਣ ਸਬੰਧੀ ਸਰਕਾਰ ਨੂੰ ਹਦਾਇਤ ਜਾਰੀ ਕਰਨਾ ਬਣਿਆ ਹੈ ਪਰ ਭਾਜਪਾ ਸਰਕਾਰ ਆਪਣੀਆਂ ਸੌੜੀਆਂ ਵੋਟ ਗਿਣਤੀਆਂ ਤਹਿਤ ਲੋਕਾਂ ਨੂੰ ਭਰਾ ਮਾਰ ਟਕਰਾਅ ਦੇ ਰਾਹ ਤੋਰ ਰਹੀ ਹੈ । ਉਹਨਾਂ ਅੱਗੇ ਕਿਹਾ ਕਿ ਮਨੀਪੁਰ ਰਾਜ ਉੱਤਰ ਪੂਰਬ ਦੇ ਉਹਨਾਂ ਰਾਜਾਂ ਚ ਸ਼ਾਮਲ ਹੈ ਜਿੱਥੋਂ ਦੀਆਂ ਕੌਮਾਂ ਭਾਰਤੀ ਹਕੂਮਤ ਦੇ ਦਾਬੇ ਦਾ ਸ਼ਿਕਾਰ ਹਨ ਤੇ ਇਸ ਦਾਬੇ ਖਿਲਾਫ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਇਹਨਾਂ ਕੌਮੀ ਸੰਘਰਸ਼ਾਂ ਨੂੰ ਦਬਾਉਣ ਲਈ ਅਫਸਪਾ ਵਰਗੇ ਜਾਬਰ ਕਨੂੰਨ ਮੜ੍ਹੇ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਫੌਜ ਤੈਨਾਤ ਕੀਤੀ ਹੋਈ ਹੈ ਅਤੇ ਹੁਣ ਇਸ ਬਹਾਨੇ ਹੇਠ ਭਾਰਤੀ ਹਕੂਮਤ ਮਨੀਪੁਰ ਦੀ ਕੌਮੀ ਲਹਿਰ ‘ਤੇ ਸੱਟ ਮਾਰਨਾਂ ਚਾਹੁੰਦੀ ਹੈ।ਇਸ ਤੋਂ ਅੱਗੇ ਪ੍ਰੋਗਰਾਮ ਚ ਸ਼ਾਮਲ ਲੋਕਾਂ ਦਾ ਧੰਨਵਾਦ ਕਰਦੇ ਹੋਏ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਮੰਗ ਕੀਤੀ ਕਿ ਮਨੀਪੁਰ ਅੰਦਰ ਹਿੰਸਕ ਘਟਨਾਵਾਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ।ਮਨੀਪੁਰ ਦੇ ਲੋਕਾਂ ‘ਚ ਟਕਰਾਅ ਕਰਾਉਣ ਦੀਆਂ ਪਿਛਾਖੜੀ ਵਿਉਂਤਾਂ ਰੱਦ ਕੀਤੀਆਂ ਜਾਣ।
ਉੱਤਰ ਪੂਰਬ ਦੀਆਂ ਕੌਮੀਅਤਾਂ ਨੂੰ ਸਵੈਨਿਰਣੇ ਦੇ ਹੱਕ ਦਿੱਤਾ ਜਾਵੇ, ਇਹਨਾਂ ਰਾਜਾਂ ‘ਚੋਂ ਅਫਸਪਾ ਵਰਗੇ ਜਾਬਰ ਕਾਨੂੰਨ ਹਟਾਏ ਜਾਣ ਅਤੇ ਫੌਜਾਂ ਵਾਪਸ ਬੁਲਾਈਆਂ ਜਾਣ।ਜਿਨ੍ਹਾਂ ਲੋਕਾਂ ਦੇ ਘਰਾਂ ਤੇ ਕਾਰੋਬਾਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ।