25 ਕੋਂਸਲਰਾਂ ਨੇ ਕਾਂਗਰਸ ਦੇ ਹੱਕ ’ਚ ਡਟਣ ਦਾ ਕੀਤਾ ਐਲਾਨ, ਮਨਪ੍ਰੀਤ ਦੀ ਹਾਜ਼ਰੀ ਭਰਨ ਵਾਲੇ ਤਿੰਨ ਕੋਂਸਲਰ ਵੀ ਮੁੜੇ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ : ਕੁੱਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ ਨਗਰ ਨਿਗਮ ਵਿਚ ਕਮਲ ਦਾ ‘ਫੁੱਲ’ ਖਿੜਾਉਣ ਲਈ ਸ਼ੁਰੂ ਕੀਤੀ ਸਿਆਸੀ ‘ਗੇਮ’ ਕਾਫੀ ‘ਇਨਟਰੱਸਟਿੰਗ’ ਮੋਡ ਵਿਚ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਜਿੱਥੇ ਮਨਪ੍ਰੀਤ ਦੀ ਇੰਨਾਂ ਕੋਸ਼ਿਸ਼ਾਂ ਨੂੰ ‘ਬਰੇਕ’ ਲਗਾੳਂੁਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖ਼ੁਦ ਕਮਾਂਡ ਸੰਭਾਲ ਲਈ ਹੈ ਅਤੇ ਬੀਤੀ ਦੇਰ ਰਾਤ ਬਠਿੰਡਾ ਪੁੱਜ ਕੇ 25 ਕੋਂਸਲਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਾਂਗਰਸ ਵਿਚ ਹੀ ਡਟੇ ਰਹਿਣ ਦੀ ਅਪੀਲ ਕੀਤੀ ਹੈ, ਉਥੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ‘ਭਗਵੇਂ’ ਰੰਗ ਵਿਚ ਰੰਗਣ ਤੋਂ ਬਾਅਦ ਪਹਿਲੀ ਵਾਰ ਅੱਜ ਬਠਿੰਡਾ ਪੁੱਜ ਰਹੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਵਲੋਂ ਕੋਂਸਲਰ ਪਰਵਿੰਦਰ ਸਿੰਘ ਨੰਬਰਦਾਰ ਦੇ ਘਰ ਅਪਣੇ ਹਿਮਾਇਤੀ ਕੋਂਸਲਰਾਂ ਅਤੇ ਆਗੂਆਂ ਨਾਲ ਦੁਪਿਹਰ ਢਾਈ ਵਜੇਂ ਮੀਟਿੰਗ ਕੀਤੀ ਜਾਣੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਜਿੳਂੁ-ਜਿੳਂੁ ਸਮਾਂ ਅਤੇ ਸਿਆਸੀ ਹਾਲਾਤ ਕਰਵਟ ਲੈ ਰਹੇ ਹਨ, ਉਸ ਤਰ੍ਹਾਂ ਕੋਂਸਲਰਾਂ ਦੀ ਵੀ ਸਥਿਤੀ ਔਖੀ ਹੁੰਦੀ ਜਾਪ ਰਹੀ ਹੈ। ਚਰਚਾ ਮੁਤਾਬਕ ਅਕਾਲੀ ਪਿਛੋਕੜ ਵਾਲੇ ਤਿੰਨ ਸੀਨੀਅਰ ਕੋਂਸਲਰਾਂ ਵਲੋਂ ਫ਼ਿਲਹਾਲ ਭਾਜਪਾ ਵਿਚ ਸਮੂਲੀਅਤ ਵਾਲੀ ਯੋਜਨਾ ਤੋਂ ਹਾਲ ਦੀ ਘੜੀ ਪਾਸੇ ਰਹਿਣ ਦਾ ਫੈਸਲਾ ਲਿਆ ਹੈ। ਉਧਰ ਪਤਾ ਲੱਗਿਆ ਹੈ ਕਿ ਬੀਤੀ ਰਾਤ ਰਾਜਾ ਵੜਿੰਗ ਨਾਲ ਮੀਟਿੰਗ ਕਰਨ ਵਾਲੇ 25 ਕੋਂਸਲਰਾਂ ਵਿਚ 3 ਕੋਂਸਲਰ ਉਹ ਵੀ ਸ਼ਾਮਲ ਸਨ, ਜਿਹੜੇ ਇੱਕ ਦਿਨ ਪਹਿਲਾਂ ਮਨਪ੍ਰੀਤ ਬਾਦਲ ਨੂੰ ਉਨ੍ਹਾਂ ਦੇ ਪਿੰਡ ਵਧਾਈਆਂ ਦੇਣ ਗਏ ਸਨ। ਸੂਤਰਾਂ ਨੇ ਖੁਲਾਸਾ ਕੀਤਾ ਕਿ ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਕੀਮਤ ’ਤੇ ਮੌਜੂਦਾ ਮੇਅਰ ਰਮਨ ਗੋਇਲ ਨੂੰ ਬਰਕਰਾਰ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਸਬੰਧ ਵਿਚ ਜਲਦੀ ਹੀ ਆਉਣ ਵਾਲੇ ਦਿਨਾਂ ਵਿਚ ਕਾਂਗਰਸੀ ਕੋਂਸਲਰਾਂ ਦੀ ਇੱਕ ਹੋਰ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਚਰਚਾ ਮੁਤਾਬਕ ਜਿੱਥੇ ਮਨਪ੍ਰੀਤ ਬਾਦਲ ਨੂੰ ਸਿਆਸੀ ਤੌਰ ’ਤੇ ਠਿੱਬੀ ਲਗਾਉਣ ਲਈ ਰਾਜਾ ਵੜਿੰਗ ਤਾਂ ਸਰਗਰਮ ਹੀ ਹਨ, ਉਥੇ ਬਠਿੰਡਾ ਸ਼ਹਿਰੀ ਹਲਕੇ ਦੇ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ, ਜਿੰਨ੍ਹਾਂ ਨੂੰ ਸਾਬਕਾ ਵਿਤ ਮੰਤਰੀ ਕਾਰਨ ਹੀ ਕ੍ਰਮਵਾਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਛੱਡਣ ਲਈ ਮਜਬੂਰ ਹੋਣਾ ਪਿਆ ਸੀ, ਵੀ ਹੁਣ ‘ਹਿਸਾਬ ਚੁਕਤਾ’ ਕਰਨ ਲਈ ਤਿਆਰ-ਬਰ-ਤਿਆਰ ਹਨ। ਜੋ ਅੰਦਰਲੀਆਂ ਸੂਚਨਾ ਬਾਹਰ ਆਈਆਂ ਹਨ, ਉਸ ਮੁਤਾਬਕ ਮਨਪ੍ਰੀਤ ਦੇ ਕੱਟੜ ਹਿਮਾਇਤੀ ਮੰਨੇ ਜਾਂਦੇ ਕੁੱਝ ਕੋਂਸਲਰਾਂ ਦੀ ਫ਼ਾਈਲ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚ ਬਲਾਤਕਾਰ, ਪਲਾਟਾਂ ’ਤੇ ਕਬਜ਼ੇ ਅਤੇ ਇੱਕ ਧਰਮ ਦੇ ਕਥਿਤ ਨਿਰਾਦਰ ਦੀਆਂ ਟਿੱਪਣੀਆਂ ਦੇ ਸੰਗੀਨ ਮਾਮਲਿਆਂ ਨਾਲ ਜੁੜੇ ਦਸਤਾਵੇਜ਼ ਅਤੇ ਖ਼ਬਰਾਂ ਇਕੱਤਰ ਕੀਤੀਆਂ ਜਾ ਰਹੀਆਂ ਹਨ। ਇਹ ਫ਼ਾਈਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਪੰਜਾਬ ਦੇ ਪ੍ਰਧਾਨ ਅਸਵਨੀ ਸ਼ਰਮਾ ਅਤੇ 24 ਜਨਵਰੀ ਨੂੰ ਬਠਿੰਡਾ ਪੁੱਜ ਰਹੇ ਗਜੇਂਦਰ ਸੇਖਾਵਤ ਨੂੰ ਸੋਂਪੀ ਜਾ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਨਿਗਮ ਦੀ ਸੱਤਾ ਹਾਸਲ ਕਰਨ ਅਤੇ ਬਰਕਰਾਰ ਰੱਖਣ ਲਈ ਸ਼ੁਰੂ ਹੋਈ ਇਹ ਸਿਆਸੀ ਗੇਮ ਆਉਣ ਵਾਲੇ ਦਿਨਾਂ ਵਿਚ ਕਿਸ ਪਾਸੇ ਮੋੜ ਲੈਂਦੀ ਹੈ।
Share the post "ਮਸਲਾ ਮੇਅਰ ਦਾ: ਬਠਿੰਡਾ ’ਚ ਰਾਜਾ ਵੜਿੰਗ ਨੇ ਕੋਂਸਲਰਾਂ ਨਾਲ ਕੀਤੀ ਮੀਟਿੰਗ, ਮਨਪ੍ਰੀਤ ਅੱਜ ਪੁੱਜਣਗੇ ਬਠਿੰਡਾ"