ਬਿਰਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 27 ਮਈ : ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮਹਿਲਾਂ ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਵਿਚ ਬੀਤੀ ਸ਼ਾਮ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਤੇ ਇਨਸਾਫ਼ਪਸੰਦ ਲੋਕਾਂ ਵਲੋਂ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ ਗਿਆ। ਸਥਾਨਕ ਟੀਚਰਜ਼ ਹੋਮ ਵਿਖੇ ਇਕੱਠੇ ਹੋਣ ਪਿੱਛੋਂ ਸ਼ਹਿਰ ਦੇ ਬਜਾਰਾਂ ਵਿਚੋਂ ਹੁੰਦਾ ਹੋਇਆ ਇਹ ਕੈਂਡਲ ਮਾਰਚ ਸ਼ਹੀਦ ਭਗਤ ਸਿੰਘ ਚੌਕ ਤੱਕ ਪੁੱਜਿਆ। ਇਸ ਮਾਰਚ ਵਿਚ ਪੀ ਐਸ ਯੂ (ਲਲਕਾਰ), ਤਰਕਸ਼ੀਲ ਸੁਸਾਇਟੀ,ਟੀਚਰਜ਼ ਹੋਮ ਟਰੱਸਟ, ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ, ਬਿਜਲੀ ਮੁਲਾਜਮ ਪੈਨਸ਼ਨਰਜ ਐਸੋਸੀਏਸ਼ਨ, ਸਾਹਿਤ ਸਿਰਜਣਾ ਮੰਚ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਸਭਾ,ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ,ਪੰਜਾਬੀ ਸਾਹਿਤ ਸਭਾ( ਰਜਿ),ਸਾਹਿਤ ਸਭਿਆਚਾਰ ਮੰਚ, ਡੀ ਟੀ ਐਫ, ਸਾਹਿਤ ਕਲਾ ਤਾਲਮੇਲ ਕਮੇਟੀ ਆਦਿ ਜਥੇਬੰਦੀਆਂ ਦੇ ਆਗੂ ਤੇ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਨਗਰ ਨਿਗਮ ਵਲੋਂ ਇਤਿਹਾਸਕ ਪਬਲਿਕ ਲਾਇਬਰੇਰੀ ਬਠਿੰਡਾ ਨੂੰ ਖਾਲੀ/ਬੰਦ ਕਰਾਉਣ ਲਈ ਜਾਰੀ ਕੀਤੇ ਨੋਟਿਸ ਵਿਰੁੱਧ ਤੇ ਉਘੀ ਜਮਹੂਰੀ ਸਖਸ਼ੀਅਤ ਨਵਸ਼ਰਨ ਨੂੰ ਈਡੀ ਦੀ ਪੁੱਛਗਿਛ ਰਾਹੀਂ ਕੇਂਦਰ ਸਰਕਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਵਿਰੁੱਧ ਦੋ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਜਮੂਹਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਸਕੱਤਰ ਸੁਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਬਿਰਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋ ਐਫ ਆਈ ਆਰ ਦਰਜ ਹੋ ਜਾਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨਾ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਧਰਨੇ ’ਤੇ ਬੈਠੀਆਂ ਔਰਤ ਪਹਿਲਵਾਨਾਂ ਨੂੰ ਇਨਸਾਫ਼ ਦੇਣ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਬੁਲਾਰਿਆਂ ਨੇ ਅੱਗੇ ਕਿਹਾ ਕਿ ਮਸਲਾ ਕੇਵਲ ਔਰਤ ਪਹਲਿਵਾਨਾ ਦਾ ਹੀ ਨਹੀਂ ਸਗੋੱ ਸਮੁੱਚੇ ਔਰਤ ਵਰਗ ਨਾਲ ਹੋ ਰਹੀਆਂ ਵਧੀਕੀਆਂ ਨਾਲ ਵੀ ਜੁੜਿਆ ਹੋਇਆ ਹੈ।
Share the post "ਮਹਿਲਾ ਪਹਿਲਵਾਨਾਂ ਦੇ ਹੱਕ ’ਚ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਚ ਜਥੇਬੰਦੀਆਂ ਨੇ ਕੀਤਾ ਕੈਂਡਲ ਮਾਰਚ"