-ਕਿਸਾਨ ਵਿਰੋਧੀ ਕਾਨੂੰਨ ਬਣਾਉਣ ’ਚ ਬਾਦਲ ਮੁੱਖ ਸਾਜਿਸ਼ਕਾਰਤਾ, ਪਰ ਕਿਸਾਨ ਅੰਦੋਲਨ ਦੇ ਦਬਾਅ ’ਚ ਛੱਡੀ ਭਾਜਪਾ
-ਕਿਹਾ, ਲੋਕਾਂ ਦੇ ਪਿਆਰ ਕਾਰਨ ਮੈਂ ਥੱਕਦਾ ਨਹੀਂ
ਸੁਖਜਿੰਦਰ ਮਾਨ
ਅਜਨਾਲਾ (ਸ੍ਰੀ ਅੰਮਿ੍ਰਤਸਰ), 22 ਦਸੰਬਰ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਾਝੇ ਦੀ ਧਰਤੀ ’ਤੇ ‘ਆਪ’ ਵੱਲੋਂ ਕਰਵਾਈ ਜਨ ਸਭਾ ’ਚ ਗਰਜਦਿਆਂ ਕਿਹਾ ਕਿ ਭਾਵੇਂ ਨਸ਼ਾ, ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਸਾਰੇ ਪੰਜਾਬ ਦੀਆਂ ਸਮੱਸਿਆਵਾਂ ਹਨ, ਪਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੋਰ ਵਾਧੂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਮਾਨ ਨੇ ਕਿਹਾ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜਾਣਾ ਪੈਦਾ ਹੈ, ਪਰ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਨੇ ਇਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਸਗੋਂ ਕਿਸਾਨਾਂ ਨੂੰ ਪ੍ਰਤੀ ਏਕੜ ਉਚਿਤ ਮੁਅਵਜ਼ਾ ਦੇਣ ਦੇ ਐਲਾਨ ਤੋਂ ਸੱਤਾਧਾਰੀ ਮੁੱਕਰ ਗਏ। ਇਸ ਮੌਕੇ ਹਲਕਾ ਇੰਚਾਰਜ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ, ਹਲਕਾ ਅਟਾਰੀ ਇੰਚਾਰਜ ਜਸਵਿੰਦਰ ਸਿੰਘ ਰਮਦਾਸ, ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ,ਪੰਜਾਬ ਜੋਇੰਟ ਸਕੱਤਰ ਵਿਜੇ ਗਿੱਲ, ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ, ਲੋਕ ਸਭਾ ਖਡੂਰ ਸਾਹਿਬ ਬਲਜੀਤ ਸਿੰਘ ਖਹਿਰਾ ਮੰਚ ’ਤੇ ਬਿਰਾਜਮਾਨ ਸਨ। ਬੁੱਧਵਾਰ ਨੂੰ ਅਜਨਾਲਾ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ, ‘‘ਪੰਜਾਬ ’ਤੇ ਰਾਜ ਕਰਨ ਵਾਲੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਬੀਤੇ 44 ਸਾਲਾਂ ਵਿੱਚ ਪੰਜਾਬ ਦੇ ਭਲੇ ਲਈ ਕੁੱਝ ਨਹੀਂ ਕੀਤਾ। ਹੁਣ ਇਹ ਪਾਰਟੀਆਂ ਅਗਲੇ 5 ਸਾਲਾਂ ਵਿੱਚ ਵੀ ਕੁੱਝ ਨਹੀਂ ਕਰਨਗੀਆਂ। ਇਨਾਂ ਪਾਰਟੀਆਂ ਕੋਲ ਕੋਈ ਏਜੰਡਾ ਨਹੀਂ ਅਤੇ ਨਾ ਹੀ ਕੋਈ ਵਿਕਾਸ ਦੀ ਯੋਜਨਾ। ਪਰ ਇਹ ਪਾਰਟੀਆਂ ਨਾਲ ਬੇਸ਼ਰਮੀ ਨਾਲ ਪੰਜਾਬ ਨੂੰ ਲੁੱਟਣ ਦਾ ਇੱਕ ਮੌਕਾ ਹੋਰ ਮੰਗਦੀਆਂ ਹਨ।’’ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੀ ਵਿਕਾਸ ਦੇ ਮੁੱਦਿਆਂ ਜਿਵੇਂ ਚੰਗੇ ਸਕੂਲ, ਹਸਪਤਾਲ, ਰੋਜ਼ਗਾਰ ਅਤੇ ਬੱਚਿਆਂ ਦੇ ਚੰਗੇ ਭਵਿੱਖ ਬਾਰੇ ਗੱਲ ਕਰਦੀ ਹੈ।ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਪੂਰਥਲਾ ਦੀ ਰੈਲੀ ’ਚ ਪੰਜਾਬ ਪੁਲੀਸ ਬਾਰੇ ਕੀਤੀ ਟਿੱਪਣੀ ਦੀ ਸਖ਼ਤ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਮੁਲਾਜ਼ਮ ਪੰਜਾਬ ਦੇ ਪੁੱਤ ਹਨ। ਨਵਜੋਤ ਸਿੱਧੂ ਇੱਕ ਜ਼ਿੰਮੇਵਾਰ ਆਗੂ ਹੋ ਕੇ ਪੁਲੀਸ ਅਧਿਕਾਰੀਆਂ ਦੀਆਂ ਪੈਟਾਂ ਗਿੱਲੀਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੁਲੀਸ ਮੁਲਾਜ਼ਮਾਂ ਨੂੰ ਨਿਗੂਣੀ ਤਨਖ਼ਾਹ ਅਤੇ ਭੱਤੇ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਮੁਲਾਜ਼ਮਾਂ ਨੂੰ ਖਾਣੇ ਲਈ ਕੇਵਲ 100 ਰੁਪਏ ਅਤੇ ਸਾਇਕਲ ਭੱਤਾ ਦੇ ਰੂਪ ’ਚ 20 ਰੁਪਏ ਦੇ ਰਹੀ ਹੈ। ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ਕਿ ਵੀ.ਆਈ.ਪੀ. ਸੱਚਿਆਚਾਰ ਦੇ ਚੱਲਦਿਆਂ ਪੁਲੀਸ ਮੁਲਾਜਮ ਕਾਂਗਰਸੀ ਅਤੇ ਅਕਾਲੀ ਆਗੂਆਂ ਦੀ ਸੁਰੱਖਿਆ ਕਰਨ ਵਿੱਚ ਲੱਗੇ ਹੋਏ ਹਨ, ਜਦੋਂ ਕਿ ਪੁਲੀਸ ਥਾਣੇ ਖਾਲੀ ਪਏ ਹਨ। ਸਕੂਲ ਖਾਲੀ ਪਏ ਹਨ ਕਿਉਂਕਿ ਅਧਿਆਪਕ ਸੜਕਾਂ ਅਤੇ ਮੁੱਖ ਮੰਤਰੀ ਦੇ ਘਰ ਅੱਗੇ ਧਰਨੇ ਲਾ ਕੇ ਬੈਠੇ ਹਨ।ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਅਤੇ ਝੂਠੀ ਸਹੁੰ ਖਾਣ ਵਾਲੇ ਸਭ ਰੁਲ਼ਦੇ ਫਿਰਦੇ ਹਨ। ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਮਾਨ ਨੇ ਕਿਹਾ ਕਿ ਚੰਗਾ ਹੋਵੇਗਾ ਵੱਡੇ ਬਾਦਲ ਅਕਾਲੀ ਦਲ ਬਾਦਲ ਦਾ ਪਤਨ ਆਪਣੀਆਂ ਅੱਖਾਂ ਨਾਲ ਦੇਖ ਲੈਣ, ਕਿਉਂਕਿ ਬਾਦਲ ਪਰਿਵਾਰ ਕਿਸਾਨ ਵਿਰੋਧੀ ਕਾਲ਼ੇ ਕਾਨੂੰਨ ਬਣਾਉਣ ’ਚ ਮੁੱਖ ਸਾਜਿਸ਼ਕਰਤਾ ਹੈ। ਪਰ ਜਦੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਤਾਂ ਬਾਦਲਾਂ ਨੇ ਅੰਦੋਲਨ ਦੇ ਦਬਾਅ ਵਿੱਚ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇਸ ਤਰ੍ਹਾਂ ਰੰਗ ਬਦਲਦਾ ਹੈ ਕਿ ਗਿਰਗਿਟ ਵੀ ਸ਼ਰਮਿੰਦਾ ਹੋ ਜਾਂਦੀ ਹੈ। ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਕੇਵਲ ਫ.ਆਈ.ਆਰ ਦਰਜ ਕਰਕੇ ਸਾਰਿਆ ਜਾ ਰਿਹਾ ਅਤੇ ਲੋਕਾਂ ਦਾ ਧਿਆਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਰਾਜ ਕਰਨ ਲਈ ਬਹੁਤ ਮੌਕੇ ਦਿੱਤੇ ਹਨ, ਪਰ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣ ਤਾਂ ਪੰਜਾਬ ਨੂੰ ਹੱਸਦਾ ਖੇਲਦਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਮੈਡਮ ਸੀਮਾ ਸੋਢੀ, ,ਬਲ਼ਦੇਵ ਸਿੰਘ ਮਿਆਦਿਆਂ, ਜਗਦੀਪ ਸਿੰਘ, ਸੋਹਣ ਸਿੰਘ ਨਾਗੀ, ਸੁਖਬੀਰ ਕੌਰ, ਵਿਕਰਮਜੀਤ ਵਿੱਕੀ, ਗੀਤਾ ਗਿੱਲ,ਮੰਦੀਪ ਮੋਂਗਾ, ਐਡਵੋਕੇਟ ਰਾਜੀਵ ਮਦਾਨ, ਜਸਪਿੰਦਰ ਛੀਨਾ, ਲੱਖਾਂ ਵਰਲਾਸ, ਰਜਿੰਦਰ ਵਿਰਕ,ਬੱਬੂ ਚੇਤਨਪੁਰਾ,ਗੁਰਭੇਜ ਸਿੱਧੂ ਹਲਕਾ ਮਜੀਠਾ,ਦਵਿੰਦਰ ਸੋਨੂ,ਹਰਜਿੰਦਰ ਸੋਨੂ ਹਾਜ਼ਰ ਸਨ।
Share the post "ਕਾਂਗਰਸ- ਸ਼੍ਰੋਮਣੀ ਅਕਾਲੀ ਦਲ ਨੇ 44 ਸਾਲ ’ਚ ਪੰਜਾਬ ਲਈ ਕੁੱਝ ਨਹੀਂ ਕੀਤਾ ਤਾਂ ਅਗਲੇ 5 ਸਾਲਾਂ ’ਚ ਵੀ ਕੁੱਝ ਨਹੀਂ ਕਰਨਗੇ:ਭਗਵੰਤ ਮਾਨ"