ਵਿਭਾਗ ਦੇ ਇੰਸਪੈਕਟਰ ਨੂੰ ਕਾਰਨ ਦੱਸੋ ਨੋਟਿਸ ਤੇ ਡਿੱਪੂ ਹੋਲਡਰ ਦਾ ਲਾਇਸੰਸ ਮੁਅੱਤਲ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਬੀਤੇ ਕੱਲ ਸਥਾਨਕ ਸ਼ਹਿਰ ਦੇ ਬਲਰਾਜ ਨਗਰ ‘ਚ ਸਥਿਤ ਇੱਕ ਰਾਸ਼ਨ ਡੀਪੂ ਸੰਚਾਲਕ ਵਲੋਂ ਵਿਭਾਗ ਦੇ ਇੰਸਪੈਕਟਰ ਦੀ ਮੌਜੂਦਗੀ ’ਚ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਵਿਚ ਖਰਾਬ ਕਣਕ ‘ਮਿਕਸ’ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਨੇ ਅੱਜ ਜਿੱਥੇ ਉਕਤ ਡਿੱਪੂ ਹੋਲਡਰ ਦਾ ਲਾਇਸੰਸ ਮੁਅੱਤਲ ਕਰ ਦਿੱਤਾ ਹੈ, ਉਥੇ ਉਕਤ ਇੰਸਪੈਕਟਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਜਿਸਦੀ ਤੁਰੰਤ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਸੰਗਤ ਕੋਲੋ ਜਾਂਚ ਕਰਵਾਈ ਗਈ ਸੀ। ਮੁਢਲੀ ਪੜਤਾਲ ਮੁਤਾਬਕ ਡਿੱਪੂ ਹੋਲਡਰ ਇਸ ਘਟਨਾ ਲਈ ਜਿੰਮੇਵਾਰ ਪਾਇਆ ਗਿਆ ਹੈ ਜਦੋਂਕਿ ਮੌਕੇ ’ਤੇ ਮੌਜੂਦ ਵਿਭਾਗ ਦੇ ਇੰਸਪੈਕਟਰ ਲੀਲਾਧਰ ਸ਼ਰਮਾ ਨੇ ਅਪਣੀ ਜਿੰਮੇਵਾਰ ਨਹੀਂ ਨਿਭਾਈ, ਜਿਸ ਕਾਰਨ ਉਹ ਵੀ ਬਰਾਬਰ ਦੇ ਭਾਗੀਦਾਰ ਹਨ। ਸੂਚਨਾ ਮੁਤਾਬਕ ਵਿਭਾਗ ਵਲੋਂ ਅੱਜ ਜਾਰੀ ਪੱਤਰ (ਨੰਬਰ 1919) ਤਹਿਤ ਉਕਤ ਇੰਸਪੈਕਟਰ ਨੂੰ ਅਪਣਾ ਦੋ ਦਿਨਾਂ ਅੰਦਰ ਪੱਖ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸੇ ਤਰ੍ਹਾਂ ਡਿੱਪੂ ਹੋਲਡਰ ਸ਼੍ਰੀਮਤੀ ਰਾਜ ਕੁਮਾਰੀ ਨੂੰ ਵੀ ਜਾਰੀ ਪੱਤਰ (ਨੰਬਰ 1920) ਵਿਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਅਜਿਹਾ ਕਰਕੇ ਪੰਜਾਬ ਟਾਰਗੇਟਿਡ ਪਬਲਿਕ ਡਿਸਟਰੀਬਿਊਸਨਜ਼ ਲਾਇਸੰਸ ਐਂਡ ਕੰਟਰੋਲ ਐਕਟ 2016 ਦੀ ਧਾਰਾ 2(1) ਅਤੇ 10 (7) ਦੀ ਉਲੰਘਣਾ ਕੀਤੀ ਹੈ, ਜਿਸਦੇ ਚੱਲਦੇ ਉਸਦਾ ਲਾਇਸੰਸ ਕੈਂਸਲ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਦਸਿਆ ਕਿ ਉਕਤ ਡਿੱਪੂ ਹੋਲਡਰ ਕੋਲ ਮੌਜੂਦ ਲਾਭਪਾਤਰੀਆਂ ਨੂੰ ਹੁਣ ਬਦਲਵੇਂ ਢੰਗ ਨਾਲ ਅਨਾਜ਼ ਦੀ ਵੰਡ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਕਣਕ ਦੀ ਵੰਡ ਤੋਂ ਪਹਿਲਾਂ ਕਥਿਤ ਤੌਰ ’ਤੇ ਵਿਭਾਗ ਵਲੋਂ ਭੇਜੀ ਚੰਗੀ ਕਣਕ ਵਿਚ ਮਾੜੀ ਦੀ ਮਿਲਾਵਟ ਕੀਤੀ ਜਾ ਰਹੀ ਸੀ ਕਿ ਮੌਕੇ ’ਤੇ ਲੋਕ ਪੁੱਜ ਗਏ। ਉਨ੍ਹਾਂ ਇਸਦਾ ਵਿਰੋਧ ਕਰਦਿਆਂ ਇੱਥੇ ਮੌਜੂਦਾ ਵਿਭਾਗ ਦੇ ਇੰਸਪੈਕਟਰ ਸਹਿਤ ਡਿੱਪੂ ਹੋਲਡਰ ਦਾ ਘਿਰਾਓ ਕਰ ਲਿਆ ਸੀ।
ਮਾਮਲਾ ਜਨਤਾ ਨੂੰ ਮਾੜੀ ਗੁਣਵੰਤਾ ਵਾਲੀ ਕਣਕ ਵੰਡਣ ਦਾ
17 Views