ਮੁੱਖ ਮੰਤਰੀ ਚੰਨੀ ਤਂੋ ਬਾਅਦ ਹੁਣ ਖੇਡ ਮੰਤਰੀ ਪ੍ਰਗਟ ਸਿੰਘ ਨੇ ਚੁੱਕੀ ਹਾਕੀ

0
21

ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਅੱਗੇ ਆਉਣਾ ਪਵੇਗਾ: ਪਰਗਟ ਸਿੰਘ
ਸੁਖਜਿੰਦਰ ਮਾਨ
ਜਲੰਧਰ, 31 ਅਕਤੂਬਰ: ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ ਦਾ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਹੋਵੇਗਾ ਜਿਸ ਲਈ ਵਿਸੇਸ ਤੌਰ ਉਤੇ ਪੁਰਾਣੇ ਖਿਡਾਰੀਆਂ ਨੂੰ ਵੀ ਅੱਗੇ ਆਉਣਾ ਹੋਵੇਗਾ। ਇਹ ਗੱਲ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ ਐਸ ਬੋਧੀ ਵੈਟਰਨ ਹਾਕੀ ਲੀਗ ਦੇ ਫਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਪਰਗਟ ਸਿੰਘ ਜੋ ਸਾਬਕਾ ਹਾਕੀ ਓਲੰਪੀਅਨ ਹਨ, ਨੇ ਵੀ ਹਾਕੀ ਫੜ ਕੇ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ। ਹਾਕੀ ਮੈਦਾਨ ਵਿੱਚ ਪਰਗਟ ਸਿੰਘ ਦਾ ਉਹੀ ਸਕਿੱਲ ਦੇਖਣ ਨੂੰ ਮਿਲਿਆ। ਛੋਟੀ ਉਮਰ ਦੇ ਖਿਡਾਰੀ ਖੇਡ ਮੰਤਰੀ ਪਰਗਟ ਸਿੰਘ ਨੂੰ ਖੇਡਦਾ ਦੇਖ ਕੇ ਬਹੁਤ ਉਤਸਾਹਤ ਹੋਏ ਅਤੇ ਉਨ੍ਹਾਂ ਆਪਣੇ ਸਮੇਂ ਦੇ ਮਹਾਨ ਖਿਡਾਰੀ ਰਹੇ ਪਰਗਟ ਸਿੰਘ ਨਾਲ ਸੈਲਫੀਆਂ ਵੀ ਲਈਆਂ।1996 ਐਟਲਾਂਟਾ ਓਲੰਪਿਕਸ ਵਿੱਚ ਪਰਗਟ ਸਿੰਘ ਦੀ ਕਪਤਾਨੀ ਹੇਠ ਭਾਰਤ ਵੱਲੋਂ ਖੇਡਣ ਵਾਲੇ ਹਰਪ੍ਰੀਤ ਸਿੰਘ ਮੰਡੇਰ ਤੇ ਸੰਜੀਵ ਕੁਮਾਰ ਵੀ ਮੌਕੇ ਉਤੇ ਮੌਜੂਦ ਸੀ। ਤਿੱਕੜੀ ਨੇ ਅੱਜ ਹਾਕੀ ਖੇਡ ਕੇ ਪੁਰਾਣੇ ਦਿਨ ਚੇਤੇ ਕੀਤੇ। ਦਸਣਾ ਬਣਦਾ ਹੈ ਕਿ ਬੀਤੇ ਕੱਲ ਮੁੱਖ ਮੰਤਰੀ ਹਰਨਜੀਤ ਸਿੰਘ ਚੰਨੀ ਨੇ ਵੀ ਗੋਲਕੀਪਰ ਦੀ ਭੂਮਿਕਾ ਨਿਭਾਈ ਸੀ। ਪਰਗਟ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟੋਟਰਫ ਲਈ 5 ਲੱਖ ਰੁਪਏ ਅਤੇ ਜੀ ਐਸ ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਖੇਡ ਨੂੰ ਵੱਡੀ ਦੇਣ ਵਾਲੇ ਸਾਡੇ ਸਾਰਿਆਂ ਦੇ ਮਹਿਬੂਬ ਕੋਚ ਜੀ ਐਸ ਬੋਧੀ ਜੀ ਦੀ ਯਾਦ ਵਿੱਚ ਹੁੰਦੀ ਲੀਗ ਵਿੱਚ ਪੁਰਾਣੇ ਖਿਡਾਰੀਆਂ ਨੂੰ ਖੇਡਦਿਆਂ ਦੇਖ ਕੇ ਖੁਸੀ ਹੋਈ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਇਸੇ ਤਰ੍ਹਾਂ ਖੇਡ ਮੈਦਾਨ ਵਿੱਚ ਨਿੱਤਰਨਾ ਪਵੇਗਾ ਕਿਉਂਕਿ ਖਿਡਾਰੀ ਨੌਜਵਾਨਾਂ ਦੇ ਆਦਰਸ ਹਨ ਜਿਨ੍ਹਾਂ ਨੂੰ ਦੇਖ ਕੇ ਨੌਜਵਾਨੀ ਖੇਡਾਂ ਨੂੰ ਸੱਿਦਤ ਨਾਲ ਅਪਣਾਏਗੀ।
ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੈ, ਇਹ ਸਿਰਫ ਬਚਪਨ ਜਾਂ ਜਵਾਨੀ ਦੇ ਦਿਨਾਂ ਵਿੱਚ ਹੀ ਨਹੀਂ, ਸਗੋਂ ਸਾਰੀ ਉਮਰ ਸਾਨੂੰ ਇਸ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਹਾਕੀ ਫੀਲਡ ਵਿੱਚ ਸਟਿੱਕ ਹੱਥ ਵਿੱਚ ਫੜ ਕੇ ਜੋ ਖੁਸੀ ਮਹਿਸੂਸ ਹੁੰਦੀ ਹੈ, ਉਹ ਸਬਦਾਂ ਵਿੱਚ ਨਹੀਂ ਬਿਆਨੀ ਨਹੀਂ ਜਾ ਸਕਦੀ।
ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਡਾ ਗੁਰਪਿੰਦਰ ਸਿੰਘ ਸਪਰਾ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ, ਖੇਡਾਂ, ਸਿੱਖਿਆ ਅਤੇ ਐਨ.ਆਰ.ਆਈਜ ਖੁਸਕਿਸਮਤ ਹਨ ਜਿਨ੍ਹਾਂ ਦੀ ਅਗਵਾਈ ਇਕ ਸੁਯੋਗ ਤੇ ਕਾਬਲ ਸਖਸੀਅਤ ਹੱਥ ਹੈ। ਇਸ ਮੌਕੇ ਲੀਗ ਦੇ ਮੁੱਖ ਸਪਾਂਸਰ ਬਲਦੇਵ ਸਿੰਘ ਕੰਗ (ਪ੍ਰਬਲ ਟੀ ਐਮ ਟੀ ਸਰੀਆ) ਨੇ ਵਿਸਵਾਸ ਦਿਵਾਇਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹਾਕੀ ਨਾਲ ਜੁੜੇ ਰਹਿਣਗੇ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।ਚੌਥੀ ਬਾਬਾ ਜੀ ਐਸ ਬੋਧੀ ਵੈਟਰਨ ਹਾਕੀ ਲੀਗ ਦੇ ਫਾਈਨਲ ਵਿੱਚ ਓਲੰਪੀਅਨ ਜਗਦੇਵ ਸਿੰਘ ਕਲੱਬ ਜਲੰਧਰ ਨੇ ਨੈਸਨਲ ਹਾਕੀ ਕਲੱਬ ਕਪੂਰਥਲਾ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ।ਇਸ ਮੌਕੇ ਹਾਕੀ ਓਲੰਪੀਅਨ ਦਵਿੰਦਰ ਸਿੰਘ ਗਰਚਾ, ਹਾਕੀ ਓਲੰਪੀਅਨ ਵਰਿੰਦਰ ਸਿੰਘ, ਦਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ ਜੂਨੀਅਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਮੀਤਾ, ਸੁਰਿੰਦਰ ਸਿੰਘ ਭਾਪਾ, ਹਰਿੰਦਰ ਸਿੰਘ ਸੰਘਾ, ਹਾਕੀ ਕੋਚ ਬਲਜੀਤ ਕੌਰ, ਜਗਜੀਤ ਸਿੰਘ, ਗੁਰਮੀਤ ਸਿੰਘ, ਸੁਖਦਰਸਨ ਕੌਰ ਕੰਗ, ਸੱਤਪਾਲ ਸਿੰਘ ਮੁਨਸੀ ਵੀ ਹਾਜਰ ਸਨ।

LEAVE A REPLY

Please enter your comment!
Please enter your name here