10 Views
ਸਰਹੱਦੀ ਇਲਾਕਿਆਂ ਚ ਲਗਾਏ ਪੱਕੇ ਨਾਕੇ
ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਆਗਾਮੀ ਦਿਨਾਂ ਵਿੱਚ ਪੰਜਾਬ ਨਾਲ ਲੱਗਦੇ ਗਵਾਂਢੀ ਸੂਬੇ ਰਾਜਸਥਾਨ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚੋਂ ਸ਼ਰਾਬ ਦੀ ਤਸਕਰੀ ਹੋਣ ਦੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦਾ ਐਕਸਾਈਜ਼ ਵਿਭਾਗ ਸਰਗਰਮ ਹੋ ਗਿਆ ਹੈ। ਇਸ ਸਬੰਧ ਵਿੱਚ ਬੀਤੇ ਕੱਲ ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਵਰੁਨ ਰੂਜਮ ਬਠਿੰਡੇ ਪੁੱਜੇ ਅਤੇ ਉਹਨਾਂ ਬਠਿੰਡਾ ਪੱਟੀ ਦੇ ਅਧਿਕਾਰੀਆਂ ਨਾਲ ਸਰਕਟ ਹਾਊਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਦਿਆਂ ਚੋਣਾਂ ਦੌਰਾਨ ਰਾਜਸਥਾਨ ਨੂੰ ਹੋਣ ਵਾਲੀ ਸ਼ਰਾਬ ਤਸਕਰੀ ਨੂੰ ਸਖਤੀ ਨਾਲ ਰੋਕਣ ਦੀਆਂ ਹਦਾਇਤਾਂ ਦਿੱਤੀਆਂ।
ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿੱਚ ਪੁਲਿਸ ਦੀ ਮਦਦ ਨਾਕਾਬੰਦੀ ਕੀਤੀ ਜਾਵੇ ਅਤੇ ਇੱਥੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਐਕਸਾਈਜ ਕਮਿਸ਼ਨਰ ਵੱਲੋਂ ਖੁਦ ਵੀ ਜਿਲੇ ਵਿੱਚ ਪੈਂਦੇ ਦੋ ਐਕਸਾਈਜ਼ ਨਾਕਿਆਂ ਉਪਰ ਪੁੱਜ ਕੇ ਚੈਕਿੰਗ ਕੀਤੀ ਗਈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਚੋਣਾਂ ਦੇ ਚਲਦੇ ਪੰਜਾਬ ਦੇ ਵਿੱਚੋਂ ਸ਼ਰਾਬ ਤਸਕਰੀ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਜਿਸ ਦੇ ਚਲਦੇ ਇਸ ਨੂੰ ਰੋਕਣ ਦੇ ਲਈ ਬਠਿੰਡਾ ਜ਼ਿਲੇ ਦੇ ਡੂੰਮਵਾਲੀ ਬਾਰਡਰ ਉੱਪਰ ਇੱਕ ਪੱਕਾ ਨਾਕਾ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਨਥੇਹਾ, ਮਲੋਟ ਤੇ ਭੁੱਚੋ ਰੋਡ ਆਦਿ ਖੇਤਰਾਂ ਵਿੱਚ ਵੀ ਐਕਸਾਈਜ਼ ਵਿਭਾਗ ਵੱਲੋਂ ਪੁਲਿਸ ਨਾਲ ਮਿਲ ਕੇ ਨਾਕੇਬੰਦੀ ਕੀਤੀ ਗਈ ਹੈ। ਇਸ ਮੌਕੇ ਵਧੀਕ ਕਮਿਸ਼ਨਰ ਰਾਜਪਾਲ ਸਿੰਘ ਖਹਿਰਾ, ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ, ਬਠਿੰਡਾ ਦੇ ਏਈਟੀਸੀ ਰਣਧੀਰ ਸਿੰਘ, ਈਟੀਓ ਸੁਰਿੰਦਰ ਪਾਲ ਸਿੰਘ ਸਿੱਧੂ ਅਤੇ ਬਰਿੰਦਰ ਪਾਲ ਸਿੰਘ ਮੌੜ ਆਦਿ ਹਾਜ਼ਰ ਸਨ।
Share the post "ਰਾਜਸਥਾਨ ਚੋਣਾਂ ‘ਚ ਪੰਜਾਬ ਵਿਚੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸਰਗਰਮ ਹੋਇਆ ਐਕਸਾਈਜ਼ ਵਿਭਾਗ"