9 Views
ਅਰਸ਼ ਡੱਲਾ ਦੇ ਕਹਿਣ ‘ਤੇ ਪਰਮਜੀਤ ਪੰਮਾ ਨੇ ਰਚੀ ਸੀ ਸਾਜਸ਼
ਜ਼ੀਰਕਪੁਰ ਵਿੱਚੋਂ ਪੁਲਿਸ ਮੁਕਾਬਲੇ ਤੋਂ ਬਾਅਦ ਤਿੰਨਾਂ ਨੂੰ ਕੀਤਾ ਸੀ ਕਾਬੂ
ਜ਼ੀਰਕਪੁਰ, 2 ਨਵੰਬਰ, (ਸੁਖਜਿੰਦਰ ਮਾਨ): ਲੰਘੀ 28 ਅਕਤੂਬਰ ਨੂੰ ਬਠਿੰਡਾ ਦੀ ਮਾਲ ਰੋਡ ‘ਤੇ ਕੁਲਚਾ ਵਪਾਰੀ ਹਰਜਿੰਦਰ ਜੌਹਲ ਉਰਫ ਮੇਲਾ ਦੇ ਹੋਏ ਕਤਲ ਦੇ ਮਾਮਲੇ ਦੀਆਂ ਹੋਲੀ-ਹੋਲੀ ਪਰਤਾਂ ਖੁੱਲਦੀਆਂ ਜਾ ਰਹੀਆਂ ਹਨ। ਬੀਤੇ ਕੱਲ ਜਿੱਥੇ ਜੀਰਕਪੁਰ ਪੁਲਿਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਹੋਟਲ ‘ਚ ਲੁਕੇ ਗੈਂਗਸਟਰ ਅਰਸ਼ ਡੱਲਾ ਦੇ ਤਿੰਨ ਗੁਰਗਿਆ ਨੂੰ ਕਾਬੂ ਕੀਤਾ ਸੀ। ਜਿਸਦੇ ਵਿੱਚ ਲਵਜੀਤ ਉਰਫ ਲਵੀ ਨਾਂ ਦੇ ਬਦਮਾਸ਼ ਦੀ ਪਹਿਚਾਣ ਮੇਲੇ ਉੱਪਰ ਗੋਲੀਆਂ ਚਲਾਉਣ ਵਾਲੇ ਮੁੱਖ ਸ਼ੂਟਰ ਦੇ ਤੌਰ ‘ਤੇ ਹੋਈ ਸੀ। ਹੁਣ ਪਤਾ ਚੱਲਿਆ ਹੈ ਕਿ ਲਵੀ ਦੇ ਨਾਲ ਕਾਬੂ ਕੀਤੇ ਗਏ ਦੂਜੇ ਬਦਮਾਸ਼ ਕਮਲਜੀਤ ਸਿੰਘ ਉਰਫ ਕਮਲ ਇਸ ਘਟਨਾਕ੍ਰਮ ਨੂੰ ਅੰਜਾਮ ਦੇਣ ਸਮੇਂ ਉਸਦੇ ਨਾਲ ਮੋਟਰਸਾਈਕਲ ਚਲਾ ਰਿਹਾ ਸੀ। ਇਸੇ ਤਰ੍ਹਾਂ ਇਸ ਮੁਕਾਬਲੇ ਵਿੱਚ ਕਾਬੂ ਕੀਤਾ ਗਿਆ ਤੀਜਾ ਬਦਮਾਸ਼ ਪਰਮਜੀਤ ਸਿੰਘ ਉਰਫ ਪੰਮਾ ਇਹ ਸਾਰੇ ਘਟਨਾਕ੍ਰਮ ਦਾ ਮੁੱਖ ਮਾਸਟਰਮਾਇੰਡ ਦੱਸਿਆ ਜਾ ਰਿਹਾ ਹੈ। ਜਿਸ ਨੇ ਵਿਦੇਸ਼ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਕਹਿਣ ‘ਤੇ ਕੁਲਚਾ ਵਪਾਰੀ ਨੂੰ ਮਾਰਨ ਦੇ ਲਈ ਸਾਰੀ ਸਾਜਿਸ਼ ਘੜੀ ਸੀ।
ਪੁਲਿਸ ਦੇ ਸੂਤਰਾਂ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਕ ਅਰਸ਼ ਡੱਲਾ ਨੇ ‘ਮੇਲੇ’ ਨੂੰ ਮਾਰਨ ਦੇ ਲਈ ਪੰਮੇ ਦੀ ਡਿਊਟੀ ਲਗਾਈ ਸੀ ਅਤੇ ਪੰਮੇ ਨੇ ਹੀ ਅੱਗੇ ਉਕਤ ਦੋਨੇ ਬਦਮਾਸ਼ਾਂ ਨੂੰ ਹਾਇਰ ਕੀਤਾ ਸੀ ਅਤੇ ਹਥਿਆਰ ਮੁਹਈਆ ਕਰਵਾਇਆ ਸੀ। ਘਟਨਾ ਤੋਂ ਬਾਅਦ ਤਿੰਨੋਂ ਜਣੇ ਜੀਰਕਪੁਰ ਵੱਲ ਚਲੇ ਗਏ ਸਨ ਤੇ ਜਿੱਥੇ ਉਹ ਇੱਕ ਹੋਟਲ ਵਿੱਚ ਰਹਿ ਰਹੇ ਸਨ। ਸੂਚਨਾ ਪੁਲਿਸ ਨੂੰ ਮਿਲਣ ਤੋਂ ਬਾਅਦ ਬੀਤੇ ਕੱਲ੍ਹ ਇਹਨਾਂ ਨੂੰ ਇਕ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ ਸੀ। ਪੁਲਿਸ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਘਟਨਾ ਤੋਂ ਇੱਕ ਦਿਨ ਪਹਿਲਾਂ ਸੂਟਰ ਲਵਜੀਤ ਲਵੀ ਅਤੇ ਉਸਦਾ ਸਾਥੀ ਕਮਲਜੀਤ ਸਿੰਘ ਉਰਫ ਕਮਲ ਬਠਿੰਡਾ ਵਿੱਚ ਪੁੱਜ ਗਏ ਸਨ ਜਿੱਥੇ ਇਹ 27 ਅਤੇ 28 ਦੀ ਰਾਤ ਨੂੰ ਸ਼ਹਿਰ ਦੇ ਇੱਕ ਹੋਟਲ ਵਿੱਚ ਰੁਕੇ ਸਨ।
ਦੂਸਰੇ ਦਿਨ ਇਹਨਾਂ ਨੇ ਕੁਲਚਾ ਵਪਾਰੀ ਦੀ ਰੈਕੀ ਕੀਤੀ ਅਤੇ ਮੌਕਾ ਮਿਲਣ ‘ਤੇ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸਦੇ ਵਿੱਚ ਉਸਦੀ ਜਾਨ ਚਲੀ ਗਈ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭੁੱਚੋ ਹੁੰਦੇ ਹੋਏ ਬਠਿੰਡਾ ਜ਼ਿਲਾ ਕਰੋਸ ਕਰ ਗਏ ਸਨ। ਪੁਲਿਸ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਘਟਨਾਕ੍ਰਮ ਦਾ ਮਾਸਟਰ ਮਾਇੰਡ ਪਰਮਜੀਤ ਉਰਫ ਪੰਮਾ ਨੇ ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਇੱਕ ਵਪਾਰੀ ਦਾ ਕਤਲ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ ਸੀ ਅਤੇ ਪੈਰੋਲ ਤੇ ਆਉਣ ਤੋਂ ਬਾਅਦ ਭਗੌੜਾ ਹੋ ਗਿਆ ਸੀ। ਹੁਣ ਮੁੜ ਕੇ ਗੈਂਗਸਟਰ ਅਰਸ਼ ਡੱਲਾ ਨਾਲ ਮਿਲ ਕੇ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਮੁਢਲੀ ਪੁੱਛਗਿੱਛ ਦੌਰਾਨ ਪੰਮੇ ਨੇ ਇਹ ਮੰਨਿਆ ਹੈ ਕਿ ਉਸ ਨੂੰ ਅਰਸ਼ ਡਾਲੇ ਤੱਕ ਇੱਕ ਵੱਡਾ ਕੰਮ ਸੀ ਜਿਸ ਨੂੰ ਕਰਾਉਣ ਦੇ ਲਈ ਉਸਨੇ ਸੰਪਰਕ ਕੀਤਾ ਸੀ ਪ੍ਰੰਤੂ ਅਰਸ਼ ਡੱਲਾ ਨੇ ਉਹ ਕੰਮ ਕਰਨ ਤੋਂ ਪਹਿਲਾਂ ਉਸ ਨੂੰ ਮੇਲੇ ਵਾਲਾ ਟਾਸਕ ਦੇ ਦਿੱਤਾ। ਜਿਸ ਨੇ ਅੱਗੇ ਆਪਣੇ ਸੰਪਰਕ ਵਿੱਚ ਉਕਤ ਦੋਨਾਂ ਨੌਜਵਾਨਾਂ ਲਵੀ ਅਤੇ ਕਮਲ ਨੂੰ ਇਹ ਕੰਮ ਸੌਂਪਿਆ।
ਇਸ ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਇਹ ਬਦਮਾਸ਼ ਆਪਣੇ ਕਿਸੇ ਦੋਸਤ ਦਾ ਮੰਗ ਕੇ ਲੈ ਕੇ ਆਏ ਹੋਏ ਸਨ ਜਿਸ ਦੀ ਬਾਅਦ ਵਿੱਚ ਨੰਬਰ ਪਲੇਟ ਨੂੰ ਚੇਂਜ ਕਰਕੇ ਜਾਲੀ ਲਗਾ ਦਿੱਤੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਲਵੀ ਉੱਪਰ ਪਹਿਲਾਂ ਵੀ ਕੁਝ ਮੁਕਦਮੇ ਦਰਜ ਹਨ ਜਦੋਂ ਕਿ ਪੁਲਿਸ ਇਹਨਾਂ ਬਦਮਾਸ਼ਾਂ ਦਾ ਹੋਰ ਪਿਛੋਕੜ ਖੰਗੋਲ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਮੰਨਿਆ ਕਿ ਬੇਸ਼ੱਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਫੜੇ ਗਏ ਹਨ ਪ੍ਰੰਤੂ ਹਾਲੇ ਤੱਕ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਪਿੱਛੇ ਮੰਤਵ ਬਾਰੇ ਪਤਾ ਨਹੀਂ ਚੱਲ ਸਕਿਆ ਕਿਉਂਕਿ ਇਸ ਦੇ ਬਾਰੇ ਸਿਰਫ ਅਰਸ਼ ਡਾਲਾ ਹੀ ਜਾਣਦਾ ਸੀ ਅਤੇ ਉਸਨੇ ਪੰਮਾ ਜਾਂ ਦੂਜਿਆਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਜਿਸਦੇ ਚੱਲਦੇ ਹਾਲੇ ਵੀ ਇਹ ਸਵਾਲ ਬਣਿਆ ਹੋਇਆ ਹੈ ਕਿ ਅਰਸ਼ ਡੱਲਾ ਦੇ ਰਾਹੀਂ ਕਿਸਨੇ ਸੁਪਾਰੀ ਦੇ ਕੇ ਕੁਲਚਾ ਵਪਾਰੀ ਹਰਜਿੰਦਰ ਜੌਹਲ ਉਰਫ ਮੇਲਾ ਦਾ ਕਤਲ ਕਰਵਾਇਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਿੱਥੇ ਦੇ ਦੋਸ਼ੀਆਂ ਨੂੰ ਜਲਦੀ ਹੀ ਬਠਿੰਡਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ ‘ਤੇ ਲਿਜਾਇਆ ਜਾਵੇਗਾ ਜਿਸ ਤੋਂ ਬਾਅਦ ਪੁਛਗਿੱਛ ਦੇ ਵਿੱਚ ਸਾਰਾ ਖੁਲਾਸਾ ਕਰਵਾਇਆ ਜਾਏਗਾ।