ਵਿਧਾਇਕ ਦੇ ਵਕੀਲ ਨੇ ਬਠਿੰਡਾ ਜੇਲ੍ਹ ’ਚ ਬੰਦ ਗੈਗਸਟਰਾਂ ਤੋਂ ਜਤਾਇਆ ਸੀ ਖ਼ਤਰਾ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਲੰਘੀ 22 ਫ਼ਰਵਰੀ ਦੀ ਦੇਰ ਰਾਤ ਨੂੰ ਚਾਰ ਲੱਖ ਦੀ ਰਿਸ਼ਵਤ ਕਾਂਡ ’ਚ ਰਾਜਪੁਰਾ ਤੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਅਮਿਤ ਰਤਨ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਵਿਜੀਲੈਂਸ ਨੇ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮੈਡਮ ਦਲਜੀਤ ਕੌਰ ਦੀ ਅਦਾਲਤ ਨੇ ਵਿਧਾਇਕ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ। ਵੱਡੀ ਗੱਲ ਇਹ ਵੀ ਸੀ ਕਿ ਵਿਜੀਲੈਂਸ ਵਲੋਂ ਲਗਾਤਾਰ ਅੱਠ ਦਿਨਾਂ ਦੀ ਪੁਛਗਿਛ ਤੋਂ ਬਾਅਦ ਅੱਜ ਮੁੜ ਪੇਸ਼ੀ ਦੌਰਾਨ ਖੁਦ ਹੀ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ, ਜਿਸਦੇ ਚੱਲਦੇ ਵਿਧਾਇਕ ਨੂੰ ਜੇਲ੍ਹ ਭੇਜਿਆ ਜਾਣਾ ਤੈਅ ਸੀ। ਉਧਰ ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਨੇ ਅਦਾਲਤ ਅੱਗੇ ਅਪਣੇ ਮੁਵੱਕਲ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਬਜਾਏ ਪਟਿਆਲਾ ਜੇਲ੍ਹ ਵਿਚ ਭੇਜਣ ਦੀ ਮੰਗ ਕੀਤੀ । ਇਸਦੇ ਪਿੱਛੇ ਉਨ੍ਹਾਂ ਤਰਕ ਦਿੱਤਾ ਕਿ ਬਠਿੰਡਾ ਜੇਲ੍ਹ ਅੰਦਰ ਪੰਜ ਦਰਜ਼ਨ ਤੋਂ ਵੱਧ ਖ਼ਤਰਨਾਕ ਗੈਗਸਟਰ ਬੰਦ ਹਨ, ਜਿੰਨ੍ਹਾਂ ਕੋਲੋ ਵਿਧਾਇਕ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਅਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਦਿਹਾਤੀ ਹਲਕੇ ਅਧੀਨ ਆਉਂਦੇ ਪਿੰਡ ਘੁੱਦਾ ਦੇ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਕੋਲੋ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਆਈ ਰਾਸ਼ੀ ਨੂੰ ਰਿਲੀਜ ਕਰਵਾਉਣ ਬਦਲੇ ਵਿਧਾਇਕ ਦੇ ਕਥਿਤ ਪੀਏ ਰਿਸ਼ਮ ਗਰਗ ਵਲੋਂ ਪੰਜ ਲੱਖ ਰੁਪਏ ਦੀ ਰਾਸ਼ੀ ਮੰਗੀ ਗਈ ਸੀ, ਜਿਸ ਵਿਚੋਂ 4 ਲੱਖ ਰੁਪਏ ਲੈਂਦੇ ਹੋਏ ਬਠਿੰਡਾ ਦੇ ਸਰਕਟ ਹਾਊਸ ਵਿਚੋਂ ਰਿਸਮ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਵਿਧਾਇਕ ਅਮਿਤ ਰਤਨ ਵੀ ਮੌਜੂਦ ਸਨ ਪ੍ਰੰਤੂ ਵਿਜੀਲੈਂਸ ਨੇ ਪੜਤਾਲ ਤੋਂ ਬਾਅਦ 21 ਫ਼ਰਵਰੀ ਨੂੰ ਭ੍ਰਿਸਟਾਚਾਰ ਅਤੇ 120ਬੀ ਆਈ.ਪੀ.ਸੀ ਤਹਿਤ ਵਿਧਾਇਕ ਨੂੰ ਨਾਮਜਦ ਕਰਕੇ 22 ਫ਼ਰਵਰੀ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸਤੋਂ ਬਾਅਦ ਵਿਧਾਇਕ ਵਿਜੀਲੈਂਸ ਕੋਲ ਰਿਮਾਂਡ ’ਤੇ ਚੱਲਿਆ ਆ ਰਿਹਾ ਹੈ। ਸੂਤਰਾਂ ਮੁਤਾਬਕ ਇਸ ਪੁਛਗਿਛ ਦੌਰਾਨ ਵਿਜੀਲੈਂਸ ਹੱਥ ਕਾਫ਼ੀ ਅਹਿਮ ਸੁਰਾਗ ਲੱਗੇ ਹਨ। ਦੂਜੇ ਪਾਸੇ ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਰਿਮਾਂਡ ਦੌਰਾਨ ਵਿਜੀਲੈਂਸ ਵਿਧਾਇਕ ਕੋਲੋਂ ਕੋਈ ਬਰਾਮਦਗੀ ਨਹੀਂ ਕਰਵਾ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 2017 ਅਤੇ 2022 ਵਿਚ ਚੋਣਾਂ ਮੌਕੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ ਅਤੇ ਬਾਅਦ ਵਿਚ ਕੋਈ ਨਵੀਂ ਜਾਇਦਾਦ ਨਹੀਂ ਬਣਾਈ ਗਈ ਅਤੇ ਨਾ ਹੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਰਿਸ਼ਵਤ ਕਾਂਡ: ਅਦਾਲਤ ਨੇ ਵਿਧਾਇਕ ਅਮਿਤ ਰਤਨ ਨੂੰ ਪਟਿਆਲਾ ਜੇਲ੍ਹ ’ਚ ਭੇਜਿਆ
22 Views