ਸੁਖਜਿੰਦਰ ਮਾਨ
ਬਠਿੰਡਾ, 8 ਜਨਵਰੀ: ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਮਾਲਵਾ ਪੱਟੀ ’ਚ ਵੱਡੀ ਪੱਧਰ ’ਤੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹਾਲਾਂਕਿ ਖੇਤੀ ਮਾਹਰਾਂ ਇਸ ਬਾਰਸ਼ ਨੂੰ ਕਣਕ ਦੀ ਫ਼ਸਲ ਲਈ ਲਾਹੇਵੰਦ ਮੰਨ ਰਹੇ ਹਨ ਪ੍ਰੰਤੂ ਇਸ ਠੰਢ ਕਾਰਨ ਬਜੁਰਗ ਤੇ ਬੱਚਿਆਂ ਨੂੰ ਰਜਾਈਆਂ ਅੰਦਰ ਵੜਣ ਲਈ ਮਜਬੂਰ ਕਰ ਦਿੱਤਾ ਹੈ। ਠੰਢ ਕਾਰਨ ਗਰਮ ਕੱਪੜਿਆਂ ਦੀ ਸੇਲ ਵਿਚ ਵਾਧਾ ਹੋਇਆ ਹੈ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਬਾਰਸ਼ ਕਾਰਨ ਇੰਨਾਂ ਦਿਨਾਂ ’ਚ ਤਾਪਮਾਨ ਕਾਫ਼ੀ ਹੇਠਾਂ ਆਇਆ ਹੈ। ਆਉਣ ਵਾਲੇ ਦਿਨਾਂ ‘ਚ ਇਹ ਤਾਪਮਾਨ ਹੋਰ ਹੇਠਾਂ ਜਾ ਸਕਦਾ ਹੈ। ਦਸਣਾ ਬਣਦਾ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਮਾਲਵਾ ਪੱਟੀ ’ਚ 46.4 ਐੱਮਐੱਮ ਮੀਂਹ ਪਿਆ ਹੈ ਤੇ ਅੱਜ ਸਵੇਰ ਤੱਕ ਵੀ 20.4 ਐੱਮਐੱਮ ਬਾਰਸ਼ ਦਰਜ਼ ਕੀਤੀ ਗਈ ਹੈ। ਬਠਿੰਡਾ ਦੀ ਤਲਵੰਡੀ ਸਾਬੋ ਅਤੇ ਮਾਨਸਾ ਦੇ ਸਰਦੂਲਗੜ੍ਹ ਆਦਿ ਖੇਤਰਾਂ ਵਿਚ ਅੱਜ ਸਵੇਰੇ ਕਾਫ਼ੀ ਬਾਰਸ਼ ਦੇਖਣ ਨੂੰ ਮਿਲੀ। ਹਾਲਾਂਕਿ ਬਠਿੰਡਾ ਸ਼ਹਿਰ ਤੇ ਇਸਦੇ ਆਸਪਾਸ ਇਲਾਕਿਆਂ ’ਚ ਬੂੰਦਾ-ਬਾਂਦੀ ਤੋਂ ਵੀ ਬੱਚਤ ਰਹੀਂ। ਉਜ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਾਰਸ਼ ਕਈ ਪਾਣੀ ਖੜਾ ਰਿਹਾ। ਇਸੇ ਤਰ੍ਹਾਂ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਮੌਸਮ ਵਿਭਾਗ ਵਲੋਂ ਜਾਰੀ ਰੀਪੋਰਟ ਮੁਤਾਬਕ ਬਠਿੰਡਾ ’ਚ ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 16.4 ਡਿਗਰੀ ਸੈਲਸੀਅਸ ਰਿਹਾ। ਮਾਹਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਆਉਣ ਵਾਲੇ ਕੁੱਝ ਦਿਨਾਂ ਤੱਕ ਮੀਂਹ ਪੈ ਸਕਦਾ ਹੈ। ਉਧਰ ਖੇਤੀਬਾੜੀ ਮਾਹਰਾਂ ਨੇ ਇਸ ਮੀਂਹ ਨੂੰ ਕਣਕ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਦਸਿਆ ਹੈ। ਡਾ ਜਸਵਿੰਦਰ ਸ਼ਰਮਾ ਨੇ ਦਸਿਆ ਕਿ ‘‘ ਇਸ ਮੌਸਮ ਵਿਚ ਬਾਰਸ਼ ਕਣਕ ਦੀ ਫ਼ਸਲ ਲਈ ਯੂਰੀਆ ਦਾ ਕੰਮ ਕਰ ਰਹੀ ਹੈ ਤੇ ਜਿੰਨ੍ਹਾਂ ਸਮਾਂ ਮੌਸਮ ਠੰਢਾ ਰਹੇਗਾ, ਕਣਕ ਦਾ ਝਾੜ ਉਨ੍ਹਾਂ ਹੀ ਵਧਣ ਦੀ ਸੰਭਾਵਨਾ ਹੁੰਦੀ ਹੈ।
ਲਗਾਤਾਰ ਪੈ ਰਹੀ ਬਾਰਸ਼ ਕਾਰਨ ਮਾਲਵਾ ਪੱਟੀ ਨੂੰ ਕੰਬਣੀ ਛੇੜੀ
32 Views