ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਦਿਖ਼ਾਈ ਜਾ ਰਹੀ ਮੁਸਤੈਦੀ ਦੇ ਚੱਲਦਿਆਂ ਹੁਣ ਤੱਕ 67 ਲੱਖ ਤੋਂ ਵੱਧ ਨਗਦੀ ਤੇ ਤਿੰਨ ਕਿਲੋਂ ਸੋਨਾ ਬਰਾਮਦ ਕੀਤਾ ਗਿਆ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਜ਼ਿਲ੍ਹਾ ਪੁਲੀਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੇਂਦਰੀ ਸੁਰੱਖਿਆ ਬਲਾਂ ਦੀਆਂ 7 ਕੰਪਨੀਆਂ ਬਠਿੰਡਾ ਪੁੱਜ ਚੁੱਕੀਆਂ ਹਨ। ਦੋਨਾਂ ਫ਼ੋਰਸਾਂ ਵਲੋਂ ਮਿਲਕੇ ਸਾਂਝੀਆਂ ਰੇਡਾਂ,ਨਾਕੇ ਤੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਐਸ.ਐਸ.ਪੀ ਨੇ ਅੱਗੇ ਦਸਿਆ ਕਿ ਪੈਸੇ, ਨਸ਼ਾ, ਨਾਜਾਇਸ਼ ਸ਼ਰਾਬ ਤੇ ਅਸਲੇ ਆਦਿ ਨੂੰ ਰੋਕਣ ਲਈ 16 ਇੰਟਰ ਸਟੇਟ ਨਾਕੇ ਤੇ 4 ਇੰਟਰ ਜ਼ਿਲ੍ਹਾ ਨਾਕੇ ਲਗਾਏ ਗਏ ਹਨ। ਜਿਸ ਵਿੱਚ 209 ਦੇ ਕਰੀਬ ਪੁਲੀਸ ਕਰਮਚਾਰੀ ਚੌਵੀ ਘੰਟੇ ਸ਼ਿਫਟਾਂ ਵਿੱਚ ਤੈਨਾਤ ਕਰ ਦਿੱਤੇ ਗਏ ਹਨ। ਇੰਨ੍ਹਾਂ ਨਾਕਿਆਂ ’ਤੇ ਹੁਣ ਤੱਕ 67 ਲੱਖ 70ਹਜ਼ਾਰ ਨਗਦੀ ਅਤੇ 3 ਕਿਲੋਂ 16 ਗ੍ਰਾਮ ਸੋਨਾ ਜਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 6 ਭਗੌੜੇ 23 ਆਬਸਕਾਡਰ ਅਤੇ 2 ਪੈਰੋਲ ਜੰਪਰ ਗਿ੍ਰਫਤਾਰ ਕੀਤੇ ਗਏ ਹਨ। ਇਸੇ ਤਰ੍ਹਾਂ ਅਦਾਲਤਾਂ ਵੱਲੋਂ ਜਾਰੀ 929 ਨਾਨ ਬੇਲਏਬਲ ਵਾਰੰਟ ਤਾਮੀਲ ਕਰਵਾਏ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਚੋਣਾਂ ਨੂੰ ਸ਼ਾਂਤੀਪੂਰਨ ਕਰਵਾਉਣ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤਕ 99.48 ਪ੍ਰਤੀਸ਼ਤ ਅਸਲਾ ਜਮ੍ਹਾ ਕਰਵਾ ਲਿਆ ਗਿਆ ਹੈ। ਇਸ ਦੌਰਾਨ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਖਿਲਾਫ ਕਾਰਵਾਈ ਕਰਦੇ ਹੋਏ ਚੋਣ ਜਾਬਤੇ ਦੌਰਾਨ ਜ਼ਿਲ੍ਹਾ ਪੁਲੀਸ ਵੱਲੋਂ 105 ਮੁਕੱਦਮੇ 93 ਦੋਸ਼ੀਆਂ ਖਿਲਾਫ ਦਰਜ ਕੀਤੇ ਗਏ ਹਨ।
Share the post "ਵਿਧਾਨ ਸਭਾ ਚੋਣਾਂ: ਬਠਿੰਡਾ ਪੁਲਿਸ ਨੇ ਜ਼ਿਲ੍ਹੇ ’ਚ ਮੁਸਤੈਦੀ ਵਿਖਾਈ, 67 ਲੱਖ ਦੀ ਨਗਦੀ ਬਰਾਮਦ"