ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ‘ਕਾਰਪੋਰੇਸ਼ਨ’ ’ਚ ਵੀ ਉਥਲ-ਪੁਥਲ ਦੀ ਚਰਚਾ

0
5
23 Views

ਦੋ ਕੋਂਸਲਰਾਂ ਨੇ ਮਨਪ੍ਰੀਤ ਬਾਦਲ ਨੂੰ ਮੇਅਰਸ਼ਿਪ ਦੇ ਮਾਮਲੇ ’ਤੇ ਕੀਤੀ ਪੁਨਰਵਿਚਾਰ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਬੀਤੇ ਕੱਲ ਆਏ ਵਿਧਾਨ ਸਭਾ ਦੇ ਚੋਣ ਨਤੀਜਿਆਂ ’ਚ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੇ ਸਾਬਕਾ ਵਿਤ ਮੰਤਰੀ ਨੂੰ ਜਲਦੀ ਹੀ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਹਿਰ ’ਚ ਕਾਂਗਰਸ ਪਾਰਟੀ ਨੂੰ ਹੋਈ ਨਮੋਸ਼ੀ ਭਰੀ ‘ਹਾਰ’ ਦੇ ਕੁੱਝ ਕਾਰਨਾਂ ਵਿਚੋਂ ਇੱਕ ਪ੍ਰਮੁੱਖ ਕਾਰਨ ਬਣੇ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਮੁੜ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਦਰਖ਼ਾਤੇ ਕੁੱਝ ਕਾਂਗਰਸੀਆਂ ਨੇ ਹੀ ਮੁਹਿੰਮ ਵਿੱਢ ਦਿੱਤੀ ਹੈ। ਜਦੋਂਕਿ ਦੋ ਟਕਸਾਲੀ ਕੋਂਸਲਰਾਂ ਨੇ ਤਾਂ ਖੁੱਲੇ ਤੌਰ ’ਤੇ ਸ: ਬਾਦਲ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਬੀਤੇ ਕੱਲ ਮਨਪ੍ਰੀਤ ਨਾਲ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਹਮਦਰਦੀ ਪ੍ਰਗਟ ਕਰਨ ਗਏ ਸ਼ਹਿਰ ਦੇ ਸੀਨੀਅਰ ਆਗੂਆਂ ਵਿਚੋਂ ਕੁੱਝ ਇੱਕ ਨੇ ਆਪਸ ਵਿੱਚ ਵਾਪਸੀ ਸਮੇਂ ਵੀ ਇਸ ਗੱਲ ’ਤੇ ਚਰਚਾ ਕੀਤੀ ਹੈ। ਸਹਿਰ ਦੇ ਅੱਧੀ ਦਰਜ਼ਨ ਦੇ ਕਰੀਬ ਸੀਨੀਅਰ ਆਗੂਆਂ ਨੇ ਚੋਣ ਨਤੀਜਿਆਂ ਤੋਂ ਬਾਅਦ ‘ਭਾਈਚਾਰਕ’ ਗੱਲਬਾਤ ਦੌਰਾਨ ਇਸ ਗੱਲ ਨੂੰ ਮੰਨਿਆ ਹੈ ਕਿ ਨਵੇਂ ਚੁਣੇ ਗਏ ਵਿਧਾਇਕ ਜਗਰੂਪ ਸਿੰਘ ਗਿੱਲ ਨਗਰ ਨਿਗਮ ਦੀ ਰਗ-ਰਗ ਤੋਂ ਵਾਕਫ਼ ਹੋਣ ਕਾਰਨ ਕੋਈ ਖ਼ਤਰਾ ਖੜਾ ਕਰ ਸਕਦੇ ਹਨ ਤੇ ਇਸਤੋਂ ਪਹਿਲਾਂ ਕਾਂਗਰਸ ਨੂੰ ਹੋਰ ਨੁਕਸਾਨ ਹੋਵੇ, ਫੈਸਲਾ ਲੈ ਲੈਣਾ ਚਾਹੀਦਾ ਹੈ। ਗੌਰਤਲਬ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਬਠਿੰਡਾ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਹੋਈ ਚੋਣ ਵਿਚ ਮੌਜੂਦਾ ਵਿਧਾਇਕ ਸ: ਗਿੱਲ ਖੁਦ ਮੇਅਰਸ਼ਿਪ ਦੇ ਦਾਅਵੇਦਾਰ ਸਨ ਪ੍ਰੰਤੂ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਨਜਦੀਕੀ ਮੰਨੇ ਜਾਂਦੇ ਕੁੱਝ ਸਰਾਬ ਕਾਰੋਬਾਰੀਆਂ ਦੇ ਪ੍ਰਭਾਵ ਕਾਰਨ ਮੇਅਰਸ਼ਿਪ ਦੀ ਪੋਸਟ ਦਾ ਤਾਜ਼ ‘ਜਨਰਲ ਭਾਵ ਹਰ ਵਰਗ ਲਈ ਖੁੱਲੀ ਹੋਣ’ ਦੇ ਬਾਵਜੂਦ ਸਿਆਸਤ ਵਿਚ ਬਿਲਕੁੱਲ ਨਵੀਂ ਇੱਕ ਮਹਿਲਾ ਕੋਂਸਲਰ ਰਮਨ ਗੋਇਲ ਦੇ ਸਿਰ ਸਜਾ ਦਿੱਤਾ ਸੀ। ਜਦੋਂਕਿ 40 ਸਾਲ ਤੋਂ ਕਾਂਗਰਸ ਦੀਆਂ ਦਰੀਆਂ ਝਾੜਣ ਵਾਲੇ ਪੁਰਾਣੇ ਤੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਅਸੋਕ ਪ੍ਰਧਾਨ ਨੂੰ ਉਨ੍ਹਾਂ ਤੋਂ ਇੱਕ ‘ਰੈਂਕ’ ਘੱਟ ਭਾਵ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਸੀ। ਇਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਉਣ ਵਾਲੇ ਮਾਸਟਰ ਹਰਮਿੰਦਰ ਸਿੰਘ ਸਿੱਧੂ ਨੂੰ ਵੀ ਡਿਪਟੀ ਮੇਅਰ ਬਣਾ ਦਿੱਤਾ ਗਿਆ ਸੀ। ਉਸ ਸਮੇਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੋਣ ਤੇ ਮਨਪ੍ਰੀਤ ਸਿੰਘ ਬਾਦਲ ਤੇ ਜੈਜੀਤ ਸਿੰਘ ਜੌਹਲ ਦਾ ਸਿਆਸੀ ਖੇਤਰ ਵਿਚ ਦਬਦਬਾ ਹੋਣ ਕਾਰਨ ਅੰਦਰਖਾਤੇ ਕਈਆਂ ਦੇ ਨਰਾਜ਼ ਹੋਣ ਦੇ ਬਾਵਜੂਦ ਵੀ ਕੋਂਸਲਰਾਂ ਨੇ ਬਾਹਰ ‘ਚੂੰ’ ਨਹੀਂ ਕੱਢੀ ਸੀ ਪ੍ਰੰਤੂ ਹੁਣ ਜਦ ਖੁਦ ਮਨਪ੍ਰੀਤ ਸਿੰਘ ਬਾਦਲ ਇੱਕ ਕੋਂਸਲਰ ਦੇ ਹੱਥੋਂ ਬੁਰੀ ਤਰ੍ਹਾਂ ਹਾਰ ਗਏ ਹਨ ਤਾਂ ਇੰਨ੍ਹਾਂ ਆਗੂਆਂ ਨੇ ਮੁੜ ਸਰਗਰਮੀਆਂ ਵਿੱਢ ਦਿੱਤੀਆਂ ਹਨ। ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸਰਤ ’ਤੇ ਦਸਿਆ ਕਿ ਇਹ ਮਸਲਾ ਬੀਤੇ ਕੱਲ ਹੀ ਸਾਬਕਾ ਵਿਤ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਹੈ ਕਿ ਜੇਕਰ ਕਾਰਪੋਰੇਸ਼ਨ ’ਤੇ ਕਾਂਗਰਸ ਦਾ ਕਬਜ਼ਾ ਬਰਕਰਾਰ ਰੱਖਣਾ ਹੈ ਤਾਂ ਕਿਸੇ ਟਕਸਾਲੀ ਆਗੂ ਨੂੰ ਇਸਦੀ ਕਮਾਂਡ ਸੋਂਪਣੀ ਪਏਗੀ। ਇਹ ਵੀ ਪਤਾ ਚੱਲਿਆ ਹੈ ਕਿ ਮਨਪ੍ਰੀਤ ਦੇ ਵਿਰੋਧੀ ਮੰਨੇ ਜਾਂਦੇ ਜ਼ਿਲ੍ਹੇ ਨਾਲ ਸਬੰਧਤ ਇਕ ਸਾਬਕਾ ਕਾਗਰਸ ਮੰਤਰੀ ਦੇ ਬਠਿੰਡਾ ਸ਼ਹਿਰ ਵਿਚ ਨਜਦੀਕੀ ਮੰਨੇ ਜਾਦੇ ਇੱਕ ਅਹੁੱਦੇਦਾਰ ਤੇ ਕੋਂਸਲਰ, ਜੋ ਖੁਦ ਵੀ ਟਕਸਾਲੀ ਕਾਗਰਸੀ ਪ੍ਰਵਾਰ ਨਾਲ ਸਬੰਧਤ ਹੈ ਤੇ ਚੋਣ ਸਮੇਂ ਇੱਕ ਅਹੁੱਦੇ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਨੇ ਵੀ ਇਸ ਮੁੱਦੇ ’ਤੇ ਕਈ ਸਾਥੀ ਕੋਂਸਲਰਾਂ ਨਾਲ ਗੱਲ ਕੀਤੀ ਹੈ ਜਦੋਂਕਿ ਦੋ ਸੀਨੀਅਰ ਕਾਂਗਰਸੀ ਕੋਂਸਲਰਾਂ ਮਲਕੀਤ ਸਿੰਘ ਗਿੱਲ ਤੇ ਬਲਰਾਜ ਸਿੰਘ ਪੱਕਾ ਨੇ ਤਾਂ ਸਪੱਸ਼ਟ ਤੌਰ ’ਤੇ ਪਾਰਟੀ ਨੂੰ ਇਸ ਮਾਮਲੇ ’ਚ ਪੁਨਰ ਵਿਚਾਰ ਕਰਨ ਦੀ ਮੰਗ ਕੀਤੀ ਹੈ। ਕੋਂਸਲਰ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ‘‘ਸ: ਬਾਦਲ ਦੀ ਹਾਰ ਦਾ ਮੁੱਢ ਮੇਅਰ ਦੀ ਹੀ ਚੋਣ ਤੋਂ ਬਾਅਦ ਬੱਝ ਗਿਆ ਸੀ ਤੇ ਉਹ ਮੰਗ ਕਰਦੇ ਹਨ ਕਿ ਜਲਦੀ ਹੀ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕਮਾਂਡ ਕਿਸੇ ਟਕਸਾਲੀ ਕਾਂਗਰਸੀ ਨੂੰ ਸੋਂਪੀ ਜਾਵੇ। ’’ ਇਸੇ ਤਰ੍ਹਾਂ ਕੋਂਸਲਰ ਮਲਕੀਤ ਸਿੰਘ ਗਿੱਲ ਨੇ ਵੀ ਕਿਹਾ ਕਿ ‘‘ ਬਠਿੰਡਾ ਸਹਿਰ ’ਚ ਹੋਈ ਨਮੋਸ਼ੀ ਭਰੀ ਹਾਰ ਦਾ ਵਿਸਲੇਸਣ ਕਰਨਾ ਜਰੂਰ ਬਣਦਾ ਹੈ ਤੇ ਜੇਕਰ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਵਿਚ ਕਾਰਪੋਰੇਸ਼ਨ ਦੇ ਮੇਅਰਸ਼ਿਪ ਦਾ ਮੁੱਦਾ ਉਭਰ ਕੇ ਸਾਹਮਣੇ ਆਇਆ ਹੈ ਤਾਂ ਇਸ ਉਪਰ ਵੀ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ’’
ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਗਰੂਪ ਗਿੱਲ ਨੂੰ ਵਿਧਾਇਕ ਬਣਨ ’ਤੇ ਦਿੱਤੀ ਵਧਾਈ
ਬਠਿੰਡਾ: ਉਧਰ ਸਥਾਨਕ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਅੱਜ ਵੱਡੀ ਗਿਣਤੀ ਅਤੇ ਇਕੱਲੇ ਇਕੱਲੇ ਪੁੱਜ ਕੇ ਅਪਣੇ ਹਾਊਸ ਦੇ ਕੋਂਸਲਰ ਦੇ ਵਿਧਾਇਕ ਬਣਨ ’ਤੇ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਵੱਲ ਰੁੱਖ ਕੀਤਾ ਗਿਆ। ਇਸ ਦੌਰਾਨ ਕਈ ਅਜਿਹੇ ਅਧਿਕਾਰੀ ਵੀ ਫੁੱਲ ਵਰਸਾਉਂਦੇ ਦਿਖਾਈ ਦਿੱਤੇ, ਜਿੰਨਾਂ ਉਪਰ ਅਕਸਰ ਸ: ਗਿੱਲ ਵੀ ਉਗਲ ਉਠਾਉਂਦੇ ਰਹਿੰਦੇ ਸਨ।

LEAVE A REPLY

Please enter your comment!
Please enter your name here