ਪੰਜ ਸੈਕਸ਼ਨ ਪੋਸਟਾਂ, ਪਰ ਐਸ.ਪੀ ਕੋਈ ਵੀ ਨਹੀਂ, ਸਾਰਾ ਜ਼ਿਲ੍ਹਾ ਸੰਭਾਲ ਰਿਹਾ ਇੱਕ ਐਸ.ਪੀ ਵੀ ਹੋਇਆ ਸੇਵਾਮੁਕਤ
ਪੰਜਾਬ ਵਿਚ ਵੱਡੀ ਪੱਧਰ ’ਤੇ ਐਸ.ਪੀਜ਼ ਦੀਆਂ ਪੋਸਟਾਂ ਖ਼ਾਲੀ
ਸੀਨੀਅਰਤਾ ਸੂਚੀ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਨਹੀਂ ਹੋ ਰਹੀਆਂ ਡੀਐਸਪੀਜ਼ ਦੀਆਂ ਤਰੱਕੀਆਂ
ਸੁਖਜਿੰਦਰ ਮਾਨ
ਬਠਿੰਡਾ, 1 ਦਸੰਬਰ: ਬਠਿੰਡਾ ਜ਼ਿਲ੍ਹੇ ਵਿਚ ਹੁਣ ਕੋਈ ਵੀ ਪੁਲਿਸ ਕਪਤਾਨ ਨਹੀਂ ਹੈ। ਹਾਲਾਂਕਿ ਬਠਿੰਡਾ ਦੇ ਨਾਲ-ਨਾਲ ਪੂਰੇ ਪੰਜਾਬ ਵਿਚ ਹੀ ਅਪਰਾਧ ਦੀਆਂ ਘਟਨਾਵਾਂ ਵਧ ਰਹੀਆਂ ਹਨ ਪ੍ਰੰਤੂ ਗੁਜ਼ਰਾਤ ਚੋਣਾਂ ‘ਚ ਉਲਝੀ ਸਰਕਾਰ ਐਸ.ਪੀ ਤੈਨਾਤ ਕਰਨਾ ਹੀ ਭੁੱਲ ਗਈ ਹੈ। ਜ਼ਿਲ੍ਹਾ ਬਣਨ ਤੋਂ ਬਾਅਦ ਬਠਿੰਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅੱਧੀ ਦਰਜ਼ਨ ਦੇ ਕਰੀਬ ਪੋਸਟਾਂ ਸੈਕਸ਼ਨ ਹੋਣ ਦੇ ਬਾਵਜੂਦ ਇੱਥੇ ਕੋਈ ਵੀ ਐਸ.ਪੀ ਪੋਸਟਡ ਨਹੀਂ ਹੈ। ਬਠਿੰਡਾ ਵਿਚ ਪਿਛਲੇ ਕਈ ਮਹੀਨਿਆਂ ਤੋਂ ਇੱਕ ਹੀ ਪੁਲਿਸ ਕਪਤਾਨ ਬਾਕੀ ਖ਼ਾਲੀ ਪਈਆਂ ਪੋਸਟਾਂ ਦਾ ਵੀ ਕੰਮ ਦੇਖ ਰਿਹਾ ਸੀ ਪ੍ਰੰਤੂ ਬੀਤੇ ਕੱਲ 30 ਨਵੰਬਰ ਨੂੰ ਉਹ ਵੀ ਸੇਵਾ ਮੁਕਤ ਹੋ ਗਏ ਹਨ। ਮੌਜੂਦਾ ਸਮੇਂ ਜ਼ਿਲ੍ਹੇ ਵਿਚ ਐਸ.ਪੀ ਦੀਆਂ ਪੰਜ ਪੋਸਟਾਂ ਸ਼ੈਕਸਨ ਹਨ ਪ੍ਰੰਤੂ ਇੰਨ੍ਹਾਂ ਵਿਚੋਂ ਕਿਸੇ ਇੱਕ ਉਪਰ ਵੀ ਕੋਈ ਪੁਲਿਸ ਅਫ਼ਸਰ ਤੈਨਾਤ ਨਹੀਂ ਹੈ। ਪੁਲਿਸ ਵਿਭਾਗ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਕੱਲੇ ਬਠਿੰਡਾ ਵਿਚ ਹੀ ਨਹੀਂ, ਬਲਕਿ ਪੂਰੇ ਪੰਜਾਬ ਵਿਚ ਹੀ ਪੰਜ ਦਰਜ਼ਨ ਤੋਂ ਵੱਧ ਥਾਵਾਂ ‘ਤੇ ਐਸ.ਪੀ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ 1988 ਬੈਚ ਦੇ ਡਾਇਰੈਕਟ ਥਾਣੇਦਾਰ ਭਰਤੀ ਹੋਏ ਲਗਭਗ ਸਾਰੇ ਅਫ਼ਸਰ ਐਸ.ਪੀ ਦੀਆਂ ਪੋਸਟਾਂ ਤੋਂ ਰਿਟਾਇਰ ਹੋ ਗਏ ਹਨ। ਪ੍ਰੰਤੂ ਉਨਾਂ ਦੀ ਖ਼ਾਲੀ ਥਾਂ ਭਰਨ ਲਈ ਦਸੰਬਰ 1989 ਅਤੇ 1990 ਬੈਚ ਦੇ ਡਾਇਰੈਕਟ ਥਾਣੇਦਾਰ ਅਤੇ 2012 ਅਤੇ 2014 ਵਿਚ ਭਰਤੀ ਹੋਏ ਸਿੱਧੇ ਡੀਐਸਪੀਜ਼ ਵਿਚੋਂ ਹਾਲੇ ਤੱਕ ਕਿਸੇ ਨੂੰ ਤਰੱਕੀ ਨਹੀਂ ਮਿਲੀ ਹੈ। ਜਿਸਦੇ ਚੱਲਦੇ ਆਉਣ ਵਾਲੇ ਕੁੱਝ ਸਮੇਂ ਤੱਕ ਸੀਨੀਅਰ ਪੁਲਿਸ ਕਪਤਾਨਾਂ ਨੂੰ ਬਿਨ੍ਹਾਂ ਐਸ.ਪੀਜ਼ ਤੋਂ ਹੀ ਕੰਮ ਚਲਾਉਣਾ ਪਏਗਾ। ਇਹ ਵੀ ਪਤਾ ਚੱਲਿਆ ਹੈ ਕਿ ਤਰੱਕੀ ਨਾ ਹੋਣ ਦਾ ਮੁੱਖ ਕਾਰਨ ਸੀਨੀਅਰਤਾ ਸੂਚੀ ਨੂੰ ਲੈ ਕੇ ਪਿਆ ਰੱਫ਼ੜ ਹੈ। ਜਿਸਦੇ ਚੱਲਦੇ ਇਹ ਮਾਮਲਾ ਅਦਾਲਤ ਵਿਚ ਵੀ ਪੁੱਜਿਆ ਸੀ।
ਬਾਕਸ
ਬਠਿੰਡਾ ’ਚ ਮੰਨਜੂਰ ਹਨ ਐਸ.ਪੀ ਦੀਆਂ ਪੰਜ ਪੋਸਟਾਂ, ਸਾਰੀਆਂ ਖ਼ਾਲੀ
ਪੁਲਿਸ ਸੂਤਰਾਂ ਮੁਤਾਬਕ ਜ਼ਿਲ੍ਹੇ ਵਿਚ ਐਸ.ਪੀ ਹੈਡਕੁਆਟਰ, ਐਸ.ਪੀ ਸਿਟੀ, ਐਸ.ਪੀ ਇਨਵੇਸਟੀਗੇਸ਼ਨ, ਐਸ.ਪੀ ਪੀਬੀਆਈ, ਐਸ.ਪੀ ਸਪੈਸ਼ਲ ਦੀਆਂ ਪੋਸਟਾਂ ਸੈਕਸ਼ਨ ਹਨ। ਇਸਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਇੱਥੇ ਐਸ.ਪੀ ਟਰੈਫ਼ਿਕ ਦੀ ਤੈਨਾਤ ਰਹੇ ਹਨ। ਸੂਚਨਾ ਮੁਤਾਬਕ ਐਸਪੀ ਹੈਡਕੁਆਟਰ ਭੁਪਿੰਦਰ ਸਿੰਘ ਸਿੱਧੂ 30 ਨਵੰਬਰ ਨੂੰ ਸੇਵਾਮੁੁਕਤ ਹੋ ਗਏ ਹਨ। ਇਸੇ ਤਰ੍ਹਾਂ ਐਸ.ਪੀ ਡੀ ਜਾਂ ਇਨਵਸਟੀਗੇਸ਼ਨ ਤੇਜਿੰਦਰ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋਏ ਸਨ। ਐਸ.ਪੀ ਸਿਟੀ ਜਸਪਾਲ ਸਿੰਘ ਦਸੰਬਰ 2021 ਵਿਚ ਤਰੱਕੀ ਪਾ ਕੇ ਐਸਐਸਪੀ ਵਿਜੀਲੈਂਸ ਬਣ ਗਏ ਸਨ ਪ੍ਰੰਤੂ ਉਨ੍ਹਾਂ ਦੀ ਥਾਂ ’ਤੇ ਵੀ ਅੱਜ ਤੱਕ ਸੂਬੇ ਦੇ ਪੰਜ ਵੱਡੇ ਮਹਾਂਨਗਰਾਂ ਵਿਚ ਗਿਣੇ ਜਾਂਦੇ ਬਠਿਡਾ ਸ਼ਹਿਰ ਵਿਚ ਹਾਲੇ ਤੱਕ ਕੋਈ ਐਸ.ਪੀ ਸਿਟੀ ਨਹੀਂ ਲਗਾਇਆ ਗਿਆ। ਇਸਤੋਂ ਇਲਾਵਾ ਐਸ.ਪੀ ਸਪੈਸ਼ਲ ਦੀ ਪੋਸਟ ’ਤੇ ਤੈਨਾਤ ਰਹੇ ਮੇਜ਼ਰ ਸਿੰਘ ਤੋਂ ਬਾਅਦ ਕੋਈ ਐਸ.ਪੀ ਨਹੀਂ ਲਗਾਇਆ ਗਿਆ।
ਬਾਕਸ
ਬਠਿੰਡਾ ਕਈ ਪੱਖਾਂ ਤੋਂ ਹੈ ਮਹੱਤਵਪੂਰਨ
ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹਾ ਨਾ ਹੀ ਸਿਰਫ਼ ਸਿਆਸੀ ਪੱਖ ਤੋਂ ਮਹੱਤਵਪੂਰਨ ਹੈ, ਇਸ ਜ਼ਿਲ੍ਹੇ ਵਿਚ 6 ਵਿਧਾਨ ਸਭਾ ਹਲਕੇ ਪੈਂਦੇ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਅਧੀਨ ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ, ਤਿੰਨ ਥਰਮਲ ਪਲਾਂਟ, ਉੱਤਰੀ ਭਾਰਤ ਦਾ ਸਭ ਤੋਂ ਵੱਡਾ ਉਦਯੋਗ ਰਿਫ਼ਾਈਨਰੀ, ਕੌਮੀ ਖ਼ਾਦ ਕਾਰਖ਼ਾਨਾ, ਏਅਰ ਫ਼ੌਰਸ ਸਟੇਸ਼ਨ ਭੀਸੀਆਣਾ, ਏਮਜ਼ ਬਠਿੰਡਾ ਸਹਿਤ ਵੱਡੇ ਸੰਸਥਾਨ ਹਨ। ਇਸ ਜ਼ਿਲ੍ਹੇ ਦੀ ਆਬਾਦੀ ਵੀ ਕਰੀਬ 16 ਲੱਖ ਤੋਂ ਵੱਧ ਹੈ ਅਤੇ ਇੱਥੇ ਪੂਰੇ ਪੰਜਾਬ ਦੇ ਖ਼ਤਰਨਾਕ ਗੈਂਗਸਟਰਾਂ ਨੂੰ ਸੰਭਾਲਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵੀ ਸਥਿਤੀ ਹੈ।
ਬਾਕਸ
ਮਾਲਵਾ ਪੱਟੀ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਵਿਚ ਵੀ ਖ਼ਾਲੀ ਹਨ ਐਸ.ਪੀ ਦੀਆਂ ਪੋਸਟਾਂ
ਉਧਰ ਪ੍ਰਾਪਤ ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਵਿਚ ਹੀ ਨਹੀਂ, ਬਲਕਿ ਪੂਰੇ ਪੰਜਾਬ ਵਿਚ ਹੀ ਐਸ.ਪੀ ਦੀਆਂ ਪੋਸਟਾਂ ਖ਼ਾਲੀ ਹਨ। ਜੇਕਰ ਇਕੱਲੇ ਮਾਲਵਾ ਖੇਤਰ ਦੀ ਗਲ ਕੀਤੀ ਜਾਵੇ ਤਾਂ ਬਠਿੰਡਾ ਜ਼ਿਲ੍ਹੇ ਵਿਚ ਨਿਕਲੇ ਮਾਨਸਾ ਜ਼ਿਲ੍ਹੇ ਵਿਚ ਐਸ.ਪੀ ਦੀਆਂ ਤਿੰਨ ਪੋਸਟਾਂ (ਐਸ.ਪੀ ਡੀ, ਐਸ.ਪੀ ਐਚ ਅਤੇ ਐਸ.ਪੀ ਪੀਬੀਆਈ)ਹਨ ਪ੍ਰੰਤੂ ਮੌਜੂਦਾ ਸਮੇਂ ਸਿਰਫ਼ ਐਸ.ਪੀ ਪੀਬੀਆਈ ਹੀ ਤਿੰਨਾਂ ਦਾ ਕੰਮਾਂ ਸੰਭਾਲ ਰਿਹਾ ਹੈ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਫ਼ਾਜਲਿਕਾ, ਫ਼ਿਰੋਜਪੁਰ, ਫ਼ਰੀਦਕੋਟ, ਮੋਗਾ, ਸੰਗਰੂਰ ਅਤੇ ਬਰਨਾਲਾ ਆਦਿ ਜ਼ਿਲ੍ਹਿਆਂ ਵਿਚ ਵੀ ਇੱਕ-ਇੱਕ, ਦੋ-ਦੋ ਐਸ.ਪੀਜ਼ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਪ੍ਰੰਤੂ ਬਠਿੰਡਾ ਜ਼ਿਲ੍ਹੇ ਵਿਚ ਇੱਕ ਵੀ ਐਸ.ਪੀ ਤੈਨਾਤ ਨਾ ਹੋਣ ਕਾਰਨ ਸਾਰੇ ਰਿਕਾਰਡ ਟੁੱਟ ਗਏ ਹਨ। ਉਧਰ ਇਸ ਮਾਮਲੇ ’ਤੇ ਜਦ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਆਦਾਤਰ ਨੇ ਕੁੱਝ ਵੀ ਕਹਿਣ ਤੋਂ ਟਾਲਾ ਵੱਟਣ ਵਿਚ ਹੀ ਭਲਾਈ ਸਮਝੀ।
Share the post "ਵੱਡਾ ਬਦਲਾਅ: ਜ਼ਿਲ੍ਹਾ ਬਣਨ ਤੋਂ ਬਾਅਦ ਪਹਿਲੀ ਵਾਰ ‘ਪੁਲਿਸ ਕਪਤਾਨਾਂ’ ਤੋਂ ਸੱਖਣਾ ਹੋਇਆ ਬਠਿੰਡਾ"