ਕਿਹਾ ਰਾਮਪੁਰਾ ਤੋਂ ਮੇਰਾ ਪੁੱਤਰ ਗੁਰਪ੍ਰੀਤ ਮਲੂਕਾ ਹੀ ਲੜੇਗਾ ਚੋਣ, ਮੈਂਨੂੰ ਪਾਰਟੀ ਮੋੜ ਤੋਂ ਦੇਵੇ ਟਿਕਟ
ਸੁਖਜਿੰਦਰ ਮਾਨ
ਬਠਿੰਡਾ, 29 ਅਸਗਤ -ਪਿਛਲੇ ਕਰੀਬ ਇੱਕ ਸਾਲ ਤੋਂ ਮੋੜ ਹਲਕੇ ਉਪਰੋਂ ਚੋਣ ਲੜਣ ਲਈ ਤਿਆਰੀਆਂ ਕਰ ਰਹੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਾਦਲ ਪ੍ਰਵਾਰ ਨੇ ਅੱਜ ਉਨ੍ਹਾਂ ਦੇ ਜੱਦੀ ਹਲਕੇ ਰਾਮਪੁਰਾ ਫ਼ੂਲ ਤੋਂ ਉਮੀਦਵਾਰ ਐਲਾਨ ਕਿ ਵੱਡਾ ਝਟਕਾ ਦਿੱਤਾ ਹੈ। ਪ੍ਰੰਤੂ ਸ: ਮਲੂਕਾ ਨੇ ਵੀ ਮੋੜਵੀਂ ‘ਬੱਲੇਬਾਜ਼ੀ’ ਕਰਦਿਆਂ ਇਹ ਕਹਿ ਕੇ ‘ਬਾਲ’ ਬਾਦਲ ਪ੍ਰਵਾਰ ਦੇ ਵਿਹੜੇ ਵਿਚ ਭੇਜ ਦਿੱਤੀ ਹੈ ਕਿ ਰਾਮਪੁਰਾ ਹਲਕੇ ਤੋਂ ਉਨ੍ਹਾਂ ਦਾ ਪੁੱਤਰ ਚੋਣ ਲੜੇਗਾ, ਉਹ ਮੋੜ ਤੋਂ ਹੀ ਚੋਣ ਲੜਣ ਦੇ ਚਾਹਵਾਨ ਹਨ। ਇੱਥੇ ਦਸਣਾ ਬਣਦਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਸ: ਮਲੂਕਾ ਸਮੇਤ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਦੋ ਰਿਜਰਵ ਹਲਕਿਆਂ ਭੁੱਚੋਂ ਮੰਡੀ ਤੇ ਬਠਿੰਡਾ ਦਿਹਾਤੀ ਤੋਂ ਕ੍ਰਮਵਾਰ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਤੇ ਦਰਸਨ ਸਿੰਘ ਕੋਟਫੱਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਦੋਂਕਿ ਇਸਤੋਂ ਪਹਿਲਾਂ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਉਮੀਦਵਾਰ ਐਲਾਨਿਆ ਹੋਇਆ ਸੀ। ਇਸਤੋਂ ਬਾਅਦ ਹੁਣ ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚੋਂ ਹੁਣ ਸਿਰਫ਼ ਮੋੜ ਹਲਕੇ ਤੋਂ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ, ਜਿੱਥੋਂ ਪਾਰਟੀ ਨੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੂੰ ਹਰੀ ਝੰਡੀ ਦਿੱਤੀ ਹੋਈ ਹੈ। ਜਿਕਰਯੋਗ ਹੈ ਕਿ ਪਹਿਲਾਂ ਮੋੜ ਹਲਕੇ ਦੀ ਨੁਮਾਇੰਦਗੀ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਕਰਦੇ ਸਨ ਪ੍ਰੰਤੂ ਬਾਦਲ ਪ੍ਰਵਾਰ ਵਲੋਂ ਉਨ੍ਹਾਂ ਨੂੰ ਮੋੜ ਦੀ ਥਾਂ ਕਰੀਬ ਇੱਕ ਸਾਲ ਪਹਿਲਾਂ ਫ਼ਿਰੋਜਪੁਰ ਜ਼ਿਲ੍ਹੇ ਵਿਚ ਪੈਂਦੇ ਜੀਰਾ ਹਲਕੇ ਵਿਚ ਭੇਜ ਦਿੱਤਾ ਸੀ। ਸੂਤਰਾਂ ਮੁਤਾਬਕ ਜਾਂਦੇ ਸਮੇਂ ਸ: ਸੇਖੋ ਨੇ ਬਾਦਲ ਪ੍ਰਵਾਰ ਅੱਗੇ ਇਹ ਸ਼ਰਤ ਰੱਖ ਦਿੱਤੀ ਸੀ ਕਿ ਇਹ ਹਲਕਾ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਨੂੰ ਨਹੀਂ ਦਿੱਤਾ ਜਾਵੇਗਾ, ਜਿਹੜੇ ਲੰਮੇ ਸਮੇਂ ਤੋਂ ਮੁੜ ਮੋੜ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਹਨ। ਬਾਦਲ ਪ੍ਰਵਾਰ ਦੇ ਨਜਦੀਕੀਆਂ ਮੁਤਾਬਕ ਪਾਰਟੀ ਹਾਈਕਮਾਂਡ ਨੇ ਵਕਤੀ ਤੌਰ ’ਤੇ ਇਸ ਹਲਕੇ ਦੀ ਕਮਾਂਡ ਤਤਕਾਲੀ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੂੰ ਸੋਂਪ ਦਿੱਤੀ ਸੀ। ਹਾਲਾਂਕਿ ਸ: ਮਲੂਕਾ ਵਲੋਂ ਇਸ ਹਲਕੇ ਤੋਂ ਗਤੀਵਿਧੀਆਂ ਸ਼ੁਰੂ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਅਸਿੱਧੇ ਢੰਗ ਨਾਲ ਇਸ ਆਗੂ ਨੂੰ ਇਸ਼ਾਰਾ ਵੀ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਇਹ ਹਲਕਾ ਸਿਰਫ਼ ਕੁੱਝ ਸਮਾਂ ਦੇਖਣ ਲਈ ਦਿੱਤਾ ਗਿਆ ਹੈ ਨਾ ਕਿ ਚੋਣ ਲੜਣ ਲਈ ਪ੍ਰੰਤੂ ਬਠਿੰਡਾ ਲੋਕ ਸਭਾ ਹਲਕੇ ਦੇ ਧੜੱਲੇਦਾਰ ਆਗੂ ਮੰਨੇ ਜਾਂਦੇ ਸ: ਮਲੂਕਾ ਨੇ ਹੁਣ ਪੱਕੇ ਤੌਰ ’ਤੇ ਹੀ ਇਸ ਹਲਕੇ ਨੂੰ ਅਪਣੀ ਕ੍ਰਮਭੂਮੀ ਬਣਾ ਲਿਆ ਹੈ, ਜਿਸ ਕਾਰਨ ਪਾਰਟੀ ਨੂੰ ਅੱਜ ਸਿਕੰਦਰ ਸਿੰਘ ਮਲੂਕਾ ਨੂੰ ਇੱਕ ਥਾਂ ‘ਰੱਖਣ’ ਲਈ ਜ਼ਿਲ੍ਹੇ ਦੀਆਂ ਦੋ ਬਾਕੀ ਸੀਟਾਂ ਦਾ ਵੀ ਐਲਾਨ ਕਰਨਾ ਪਿਆ ਹੈ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਮੋੜ ਤੋਂ ਵੀ ਜਲਦੀ ਹੀ ਆਉਣ ਵਾਲੇ ਇੱਕ-ਦੋ ਦਿਨਾਂ ਵਿਚ ਜਗਮੀਤ ਸਿੰਘ ਬਰਾੜ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ ਤਾਂ ਕਿ ਮੋੜ ਹਲਕੇ ਦੇ ਵਰਕਰਾਂ ਵਿਚ ਪੈਦਾ ਹੋਣ ਵਾਲਾ ‘ਭੰਬਲਭੂਸਾ’ ਖ਼ਤਮ ਕੀਤਾ ਜਾ ਸਕੇ।
ਬਾਕਸ
ਮੇਰਾ ਪੁੱਤਰ ਰਾਮਪੁਰਾ ਤੋਂ ਸਹੀ ਉਮੀਦਵਾਰ: ਸਿਕੰਦਰ ਮਲੂਕਾ
ਬਠਿੰਡਾ: ਉਧਰ ਬਾਅਦ ਦੁਪਿਹਰ ਜਾਰੀ ਇੱਕ ਪ੍ਰੈਸ ਨੋਟ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਹਾਈਕਮਾਂਡ ਵਲੋਂ ਖ਼ੁਦ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਉਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਹਲਕੇ ਤੋਂ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਹੀ ਚੋਣ ਲੜਨਗੇ। ਸ: ਮਲੂਕਾ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਪਿਛਲੇ ਇੱਕ ਸਾਲ ਤੋਂ ਹਲਕੇ ਦੇ ਮੁੱਖ ਸੇਵਾਦਾਰ ਵਜੋਂ ਵਿਚਰ ਰਿਹਾ ਹੈ ਤੇ ਉਸਨੂੰ ਹਲਕੇ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਵੱਖ ਵੱਖ ਪਾਰਟੀਆਂ ਨਾਲ ਸੰਬੰਧਤ ਤਕਰੀਬਨ 600 ਤੋਂ ਵੱਧ ਪਰਿਵਾਰਾਂ ਨੇ ਗੁਰਪ੍ਰੀਤ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ। ਸ: ਮਲੂਕਾ ਨੇ ਅੱਗੇ ਦੱਸਿਆ ਕਿ ਪਾਰਟੀ ਹਾਈ ਕਮਾਨ ਦੇ ਆਦੇਸ਼ਾਂ ਅਨੁਸਾਰ ਉਹ ਪਿਛਲੇ ਇਕ ਸਾਲ ਤੋਂ ਹਲਕਾ ਮੌੜ ਵਿੱਚ ਸਰਗਰਮੀਆਂ ਕਰ ਰਹੇ ਹਨ ਤੇ ਹਲਕਾ ਮੌੜ ਦੀ ਸਮੁੱਚੀ ਜਥੇਬੰਦੀ ਅਤੇ ਸੰਗਤ ਨੇ ਉਨ੍ਹਾਂ ਨੂੰ ਭਰਪੂਰ ਸਮਰਥਨ ਦਿੱਤਾ ਹੈ। ਜਿਸਦੇ ਚੱਲਦੇ ਪਾਰਟੀ ਹਾਈ ਕਮਾਨ ਨੂੰ ਵੀ ਉਨ੍ਹਾਂ ਨੂੰ ਮੌੜ ਹਲਕੇ ਦੇ ਉਮੀਦਵਾਰ ਵਜੋਂ ਐਲਾਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਹਲਕਾ ਮੌੜ ਤੋਂ ਚੋਣ ਨਹੀਂ ਲੜਾਉਣਾ ਚਾਹੁੰਦੀ ਤਾਂ ਵੀ ਉਹ ਪਾਰਟੀ ਵੱਲੋਂ ਲਗਾਈ ਗਈ ਹੋਰ ਕੋਈ ਵੀ ਜੰਿਮੇਵਾਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣਗੇ ਪ੍ਰੰਤੂ ਰਾਮਪੁਰਾ ਹਲਕੇ ਤੋਂ ਚੋਣ ਨਹੀਂ ਲੜਣਗੇ।
ਸਾਬਕਾ ਮੰਤਰੀ ਮਲੂਕਾ ਨੇ ਰਾਮਪੁਰਾ ਹਲਕੇ ਤੋਂ ਚੋਣ ਲੜਣ ਤੋਂ ਕੀਤੀ ਕੋਰੀ ਨਾਂਹ
15 Views