ਸੁਖਜਿੰਦਰ ਮਾਨ
ਬਠਿੰਡਾ 11 ਅਗਸਤ :- ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਨੇ ਇਕ ਵਾਰ ਫਿਰ ਬਠਿੰਡਾ ਬਰਨਾਲਾ ਬਾਈਪਾਸ ਤੇ 50 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਨਵੇਂ ਓਵਰਬਰਿੱਜ ਦੇ ਨਿਰਮਾਣ ਨੂੰ ਲੈ ਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਕਾਸ ਕਾਰਜਾਂ ਤੇ ਸਵਾਲ ਖੜ੍ਹੇ ਕਰਦੇ ਹੋਏ ਵੱਡੇ ਇਲਜ਼ਾਮ ਲਾਏ ਹਨ । ਜਾਰੀ ਪ੍ਰੈੱਸ ਬਿਆਨ ਵਿੱਚ ਸਰੂਪ ਸਿੰਗਲਾ ਨੇ ਦੋਸ਼ ਲਾਏ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਕੇਂਦਰ ਸਰਕਾਰ ਦੇ ਸੜਕ ਨਿਰਮਾਣ ਵਿਭਾਗ ਤੋਂ ਬਿਨਾਂ ਇਜਾਜ਼ਤ, ਬਿਨਾਂ ਸਲਾਹ ਮਸ਼ਵਰਾ ਕੀਤੇ ਇਸ ਪੁਲ ਦਾ ਨਿਰਮਾਣ ਕਰ ਰਹੇ ਹਨ ਅਤੇ ਸ਼ਹਿਰ ਵਾਸੀਆਂ ਨਾਲ ਦੁਸ਼ਮਣੀ ਕੱਢ ਰਹੇ ਹਨ, ਕਿਉਂਕਿ ਇਸ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣੀ ਇਸ ਸੜਕ ਦੇ ਪ੍ਰਾਜੈਕਟ ਵਿਚ ਪਿੱਲਰਾਂ ਵਾਲਾ ਪੁਲ ਦੀ ਤਜਵੀਜ਼ ਰੱਖੀ ਗਈ ਹੈ, ਇਸ ਦੇ ਨਾਲ ਰਾਮਪੁਰਾ ਅਤੇ ਭਵਾਨੀਗਡ਼੍ਹ ਵਿਖੇ ਵੀ ਪਿੱਲਰਾਂ ਵਾਲੇ ਪੁਲ ਬੰਨ੍ਹਣੇ ਹਨ ਪ੍ਰੰਤੂ ਖ਼ਜ਼ਾਨਾ ਮੰਤਰੀ ਸਰਕਾਰ ਦਾ ਬਣਦਾ ਹਿੱਸਾ ਨਾ ਪਾਉਣ ਕਰਕੇ ਕੇਂਦਰ ਸਰਕਾਰ ਦੇ ਪੈਸੇ ਤੇ ਹੀ ਦੋਨਾਂ ਸਾਈਡਾਂ ਤੋਂ ਬੰਦ ਮਿੱਟੀ ਵਾਲਾ ਪੁਲ ਬਣਾ ਕੇ ਲੋਕਾਂ ਦੀ ਜਾਨ ਜੋਖ਼ਮ ਵਿੱਚ ਪਾਉਣਾ ਚਾਹੁੰਦੇ ਹਨ, ਇਸ ਪੁਲ ਦੇ ਨਿਰਮਾਣ ਨਾਲ ਲੋਕਾਂ ਨੂੰ ਫਾਇਦਾ ਹੋਣ ਦੀ ਬਜਾਏ ਹਾਦਸਿਆਂ ਦਾ ਰਾਹ ਬਣੇਗਾ ਤੇ ਕੀਮਤੀ ਜਾਨਾਂ ਜਾਣਗੀਆਂ ।ਉਨ੍ਹਾਂ ਕਿਹਾ ਕਿ ਇਸ ਬਣ ਰਹੇ ਪੁਲ ਦੇ ਉੱਪਰ ਦੀ ਮਹਿਜ਼ 19 ਫ਼ੀਸਦੀ ਟ੍ਰੈਫਿਕ ਜਾਣੀ ਹੈ ਜਦੋਂ ਕਿ 90 ਫ਼ੀਸਦੀ ਟ੍ਰੈਫਿਕ ਕਮਲਾ ਨਹਿਰੂ ਕਲੋਨੀ, ਨੌਰਥ ਅਸਟੇਟ, ਬਸੰਤ ਵਿਹਾਰ ,ਹਰਪਾਲ ਨਗਰ, ਸਰਾਭਾ ਨਗਰ ,ਅਗਰਵਾਲ ਕਾਲੋਨੀ, ਸ਼ਿਵ ਕਲੋਨੀ, ਪਰਜਾਪੱਤ ਕਲੋਨੀ ਅਤੇ ਆਜ਼ਾਦ ਨਗਰ ਸਮੇਤ ਸ਼ਹਿਰ ਦੀ ਪ੍ਰਮੁੱਖ ਟ੍ਰੈਫਿਕ ਲੰਘਣੀ ਹੈ ,ਜੇਕਰ ਇਸ ਜਗ੍ਹਾ ਤੇ ਪਿੱਲਰਾਂ ਵਾਲਾ ਪੁਲ ਬਣਾਇਆ ਜਾਂਦਾ ਹੈ ਤਾਂ ਸਰਵਿਸ ਰੋਡ ਹੋਰ ਖੁੱਲ੍ਹੀ ਹੋਣ ਕਰਕੇ ਲੋਕਾਂ ਨੂੰ ਫਾਇਦਾ ਮਿਲੇਗਾ, ਜੇਕਰ ਪੁਲ ਸਾਈਟਾਂ ਬੰਦ ਵਾਲਾ ਬਣਦਾ ਹੈ ਤਾਂ ਸਾਰੀ ਟ੍ਰੈਫਿਕ ਸਰਵਿਸ ਰੋਡ ਤੇ ਆਏਗੀ ਜਿਸ ਨਾਲ ਟ੍ਰੈਫਿਕ ਵੀ ਜਾਮ ਰਹੇਗੀ ਤੇ ਹਾਦਸੇ ਵੀ ਵਾਪਰਨਗੇ। ਉਨ੍ਹਾਂ ਇਹ ਵੀ ਸ਼ੰਕਾ ਜ਼ਾਹਰ ਕੀਤੀ ਕਿ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਜਾਂ ਸੜਕ ਨਿਰਮਾਣ ਵਿਭਾਗ ਕੇਂਦਰ ਸਰਕਾਰ ਇਸ ਪੁਲ ਦੇ ਨਿਰਮਾਣ ਦਾ ਦੌਰਾ ਕਰਦੀ ਹੈ ਤਾਂ ਉਹ ਅਚਨਚੇਤ ਰੋਕ ਵੀ ਲਾ ਸਕਦੀ ਹੈ ਜਿਸ ਨਾਲ ਸ਼ਹਿਰੀਆਂ ਤੇ ਦੂਹਰੀ ਮਾਰ ਪਵੇਗੀ ਕਿਉਂਕਿ ਕੈਪਟਨ ਸਰਕਾਰ ਦਾ ਸਮਾਂ ਵੀ ਪੂਰਾ ਹੋ ਚੁੱਕਿਆ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜ਼ਿੰਮੇਵਾਰ ਹੋਣਗੇ।