WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪੰਜਾਬ

ਮੁੱਖ ਸਕੱਤਰ ਵੱਲੋਂ ਸਕੂਲਾਂ ਵਿੱਚ ਰੋਜ਼ਾਨਾ 10,000 ਆਰ.ਟੀ-ਪੀ.ਸੀ.ਆਰ. ਟੈਸਟ ਕਰਨ ਦੇ ਆਦੇਸ਼

ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਵਾਲੇ ਸਟਾਫ਼ ਨੂੰ ਹੀ ਸਕੂਲ ਆਉਣ ਦੀ ਹੋਵੇਗੀ ਆਗਿਆ
• ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਠੋਸ ਕਦਮ ਉਠਾਉਣ ਅਤੇ ਪਾਜ਼ੇਟੇਵਿਟੀ ਦਰ ‘ਤੇ ਨੇੜਿਓਂ ਨਜ਼ਰ ਰੱਖਣ ਦੇ ਦਿੱਤੇ ਹੁਕਮ

ਸੁਖਜਿੰਦਰ ਮਾਨ

ਚੰਡੀਗੜ੍ਹ, 11 ਅਗਸਤ:ਸੂਬੇ ਵਿੱਚ ਕੋਵਿਡ ਮਹਾਂਮਾਰੀ ਨੂੰ ਕਾਬੂ ਹੇਠ ਰੱਖਣ ਅਤੇ ਇਸ ਦੇ ਫੈਲਾਅ ਦੀ ਰੋਕਥਾਮ ਲਈ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਵਿਭਾਗਾਂ ਨੂੰ ਆਰ.ਟੀ-ਪੀ.ਸੀ.ਆਰ. ਟੈਸਟਾਂ ਦੀ ਗਿਣਤੀ ਵਧਾਉਣ ਅਤੇ ਸਕੂਲਾਂ ਵਿੱਚ ਰੋਜ਼ਾਨਾ 10,000 ਆਰਟੀ-ਪੀਸੀਆਰ ਟੈਸਟ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਵਿਡ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਹੀ ਸਕੂਲ ਆਉਣ ਦੀ ਆਗਿਆ ਦਿੱਤੀ ਜਾਵੇ।

ਉਨ੍ਹਾਂ ਨਿਰਦੇਸ਼ ਦਿੱਤੇ ਕਿ ਰੋਜ਼ਾਨਾ 40,000 ਨਮੂਨੇ ਲੈਣ ਦੇ ਟੀਚੇ ਨੂੰ ਲਾਜ਼ਮੀ ਤੌਰ `ਤੇ ਪੂਰਾ ਕੀਤਾ ਜਾਵੇ ਅਤੇ ਜੇ ਕੋਵਿਡ ਦੇ ਮਾਮਲੇ ਵਧਦੇ ਹਨ ਤਾਂ ਟੈਸਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।

ਸਿਹਤ, ਮੈਡੀਕਲ ਸਿੱਖਿਆ ਅਤੇ ਸਕੂਲ ਸਿੱਖਿਆ ਦੇ ਸੀਨੀਅਰ ਅਧਿਕਾਰੀਆਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸੂਬੇ ਵਿੱਚ ਕੋਵਿਡ ਦੇ ਹਾਲਾਤਾਂ ਦੀ ਸਮੀਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਗੁਆਂਢੀ ਰਾਜਾਂ, ਜਿੱਥੇ ਵਾਇਰਸ ਦੇ ਮਾਮਲੇ ਫਿਰ ਤੋਂ ਵਧ ਰਹੇ ਹਨ, ਤੋਂ ਪੰਜਾਬ ਵਿੱਚ ਲੋਕਾਂ ਦੀ ਆਵਾਜਾਈ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਪਾਜ਼ੇਟੇਵਿਟੀ ਦਰ `ਤੇ ਨਜ਼ਰ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਜ਼ਿਲ੍ਹਿਆਂ ਨੂੰ ਵੱਡੇ ਪੱਧਰ `ਤੇ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਰੇ ਜ਼ਿਲ੍ਹਿਆਂ ਵਿੱਚ ਐਪੀਡੀਮੌਲੋਜਿਸਟ ਨਿਯੁਕਤ ਕੀਤੇ ਗਏ ਹਨ ਅਤੇ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

ਕੈਮਬ੍ਰਿਜ ਯੂਨੀਵਰਸਿਟੀ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਿਆਂ ਸ਼੍ਰੀਮਤੀ ਮਹਾਜਨ ਨੇ ਕਿਹਾ ਕਿ ਲਗਾਏ ਗਏ ਅੰਦਾਜ਼ੇ ਦੇ ਮੁਤਾਬਕ ਨਵੇਂ ਕੇਸਾਂ ਦੀ ਗਿਣਤੀ ਲਗਭਗ 64 ਦਿਨਾਂ ਵਿੱਚ ਦੁੱਗਣੀ ਹੋ ਸਕਦੀ ਹੈੈ (ਇਸ ਧਾਰਨਾ ਦੇ ਅਧੀਨ ਕਿ ਵਾਧੇ ਦੀ ਦਰ ਸਥਿਰ ਰਹੇਗੀ)।

ਉਨ੍ਹਾਂ ਇਸ ਤੱਥ `ਤੇ ਤਸੱਲੀ ਜ਼ਾਹਿਰ ਕੀਤੀ ਕਿ ਪਿਛਲੇ ਹਫ਼ਤੇ 3 ਤੋਂ 9 ਅਗਸਤ ਤੱਕ 2,45,823 ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 352 ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਪਾਜ਼ੇਟੇਵਿਟੀ ਦਰ 0.1 ਫੀਸਦ ਰਹੀ ।
ਸੂਬੇ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ `ਤੇ ਜ਼ੋਰ ਦਿੰੰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਨੂੰ ਦੂਜੀ ਲਹਿਰ ਦੇ ਸਿਖ਼ਰ ਦੌਰਾਨ ਰਹੀ ਮੰਗ ਦੇ ਮੁਕਾਬਲੇ ਬੈਡਾਂ ਦੀ ਸਮਰੱਥਾ 25 ਫ਼ੀਸਦੀ ਵਧਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ।

ਮੁੱਖ ਸਕੱਤਰ ਨੂੰ ਦੱਸਿਆ ਕਿ ਇਸ ਵੇਲੇ ਸਰਕਾਰੀ ਹਸਪਤਾਲਾਂ ਵਿੱਚ 4307 ਐਲ-2 ਬੈੱਡ ਮੌਜੂਦ ਹਨ, ਜੋ 25 ਫ਼ੀਸਦੀ ਵਾਧੇ ਨਾਲ 5387 ਹੋ ਜਾਣਗੇ ਜਦੋਂਕਿ ਪ੍ਰਾਈਵੇਟ ਹਸਪਤਾਲਾਂ ਵਿੱਚ 6565 ਐਲ-2 ਬੈੱਡ ਉਪਲਬਧ ਹਨ ਅਤੇ 25 ਫ਼ੀਸਦੀ ਵਾਧੇ ਨਾਲ 1644 ਬੈੱਡ ਹੋਰ ਸ਼ਾਮਲ ਕੀਤੇ ਜਾਣਗੇ।

ਅਧਿਕਾਰੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਕਸੀਜਨ ਦੀ ਉਪਲਬਧਤਾ ਨੂੰ ਹੋਰ ਵਧਾਉਣ `ਤੇ ਧਿਆਨ ਕੇਂਦਰਤ ਕਰਨ ਲਈ ਆਖਦਿਆਂ ਸ੍ਰੀਮਤੀ ਮਹਾਜਨ ਨੇ ਸਾਰੇ ਪੀ.ਐਸ.ਏ. ਪਲਾਂਟਾਂ ਨੂੰ ਇਸ ਮਹੀਨੇ ਦੇ ਅੰਦਰ ਕਾਰਜਸ਼ੀਲ ਕਰਨ ਤੋਂ ਇਲਾਵਾ ਭਵਿੱਖ ਵਿੱਚ ਇਸ ਜੀਵਨ ਰੱਖਿਅਕ ਗੈਸ ਦੀ ਮੰਗ ਨੂੰ ਪੂਰਾ ਕਰਨ ਲਈ ਆਕਸੀਜਨ ਕੰਸਨਟਰੇਟਰ ਸਮਰੱਥਾ ਵਿੱਚ ਹੋਰ ਵਾਧਾ ਕਰਨ ਦੇ ਨਿਰਦੇਸ਼ ਦਿੱਤੇ।

ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਅਜੋਏ ਸ਼ਰਮਾ (ਆਈ.ਏ.ਐਸ.) ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਕੋਵਿਡ ਐਪ ਵਿੱਚ ਪੰਜ ਨਵੇਂ ਮੌਡਿਊਲ ਸ਼ਾਮਲ ਕੀਤੇ ਗਏ ਹਨ ਤਾਂ ਜੋ ਕੋਵਿਡ ਡਾਟੇ ਦਾ ਪ੍ਰਬੰਧਨ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਤੋਂ ਇਲਾਵਾ ਡਾਟੇ ਦੀ ਦੁਹਰਾਈ ਨੂੰ ਘੱਟ ਕੀਤਾ ਜਾ ਸਕੇ। ਐਪ ਵਿੱਚ ਡਾਟਾ ਅਪਲੋਡ ਅਤੇ ਅਪਡੇਟ ਕਰਨ ਦੀ ਸਹੂਲਤ ਲਈ ਸੈਂਪਲ ਕੁਲੈਕਸ਼ਨ ਸੈਂਟਰ ਐਪਲੀਕੇਸ਼ਨ ਸ਼ਾਮਲ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਐਪ ਵਿੱਚ ਆਰਟੀ-ਪੀਸੀਆਰ, ਟਰੂਨਾਟ, ਸੀਬੀਐਨਏਏਟੀ ਦੇ ਨਤੀਜਿਆਂ ਨੂੰ ਅਪਡੇਟ ਅਤੇ ਅਪਲੋਡ ਕਰਨ ਲਈ ਸਾਰੀਆਂ ਲੈਬਾਂ ਕੋਲ ਕੋਵਾ ਪੋਰਟਲ `ਤੇ ਇੰਟਰਫੇਸ ਹੈ। ਕੋਵਾ ਪਲੇਟਫਾਰਮ ਆਈਸੀਐਮਆਰ ਦੇ ਨਾਲ ਬੈਕ-ਐਂਡ ਇੰਟੀਗ੍ਰੇਸ਼ਨ ਰਾਹੀਂ ਇਸ ਡਾਟੇ ਨੂੰ ਕੇਂਦਰ ਕੋਲ ਭੇਜੇਗਾ।

ਉਨ੍ਹਾਂ ਦੱਸਿਆ ਕਿ ਰੈਪਿਡ ਰਿਸਪਾਂਸ ਟੀਮਾਂ (ਆਰਆਰਟੀਜ਼) ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਦੇ ਘਰ ਜਾਣਗੀਆਂ ਅਤੇ ਕੋਵਾ ਐਪ `ਤੇ ਉਨ੍ਹਾਂ ਦੀ ਸਿਹਤ ਬਾਰੇ ਰਿਪੋਰਟ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲ ਕੋਵਾ ਪੋਰਟਲ `ਤੇ ਲੌਗਇਨ ਕਰਨਗੇ ਅਤੇ ਉਥੇ ਦਾਖਲ ਮਰੀਜ਼ਾਂ ਦੀ ਸਥਿਤੀ ਨੂੰ ਅਪਡੇਟ ਕਰਨਗੇ। ਹਸਪਤਾਲਾਂ ਨੂੰ ਰੋਜ਼ਾਨਾ ਅਧਾਰ ‘ਤੇ ਆਪਣੀਆਂ ਸੰਸਥਾਵਾਂ ਵਿੱਚ ਐਲ-2 ਅਤੇ ਐਲ-3 ਬੈੱਡਾਂ ਦੀ ਵੰਡ ਅਤੇ ਸਥਿਤੀ ਦੀ ਰਿਪੋਰਟ ਦੇਣੀ ਹੋਵੇਗੀ। ਇਸ ਤੋਂ ਇਲਾਵਾ ਹਸਪਤਾਲਾਂ ਨੂੰ ਆਕਸੀਜਨ `ਤੇ ਰੱਖੇ ਗਏ, ਆਕਸੀਜਨ `ਤੇ ਨਹੀਂ ਰੱਖੇ ਗਏ ਕੋਵਿਡ ਮਰੀਜ਼ਾਂ ਅਤੇ ਆਕਸੀਜਨ ‘ਤੇ ਰੱਖੇ ਗਏ, ਆਕਸੀਜਨ `ਤੇ ਨਹੀਂ ਰੱਖੇ ਗਏ ਸ਼ੱਕੀ ਕੋਵਿਡ ਮਰੀਜ਼ਾਂ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਹੋਵੇਗੀ।
ਇਸ ਤੋਂ ਇਲਾਵਾ ਡਾਟਾ ਪ੍ਰਬੰਧਨ ਵਿੱਚ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਜੇ ਸੈਂਪਲਿੰਗ ਸਮੇਂ ਡਾਟਾ ਇਕੱਤਰ ਨਹੀਂ ਕੀਤਾ ਗਿਆ ਜਾਂ ਡਾਟੇ ਨੂੰ ਬਾਅਦ ਵਿੱਚ ਅਪਡੇਟ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਜ਼ਿਲ੍ਹਾ ਡਾਟਾ ਸੈੱਲ ਜਾਂ ਆਰਆਰਟੀਜ਼ ਉਸ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹਨ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਿਹਤ ਅਤੇ ਮੈਡੀਕਲ ਸਿੱਖਿਆ ਅਲੋਕ ਸ਼ੇਖਰ, ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ, ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

Related posts

3 ਏਡੀਜੀਪੀ, 23 ਐਸ.ਪੀ ਅਤੇ 32 ਡੀਐਸਪੀ ਦੇ ਹੋਏ ਤਬਾਦਲੇ

punjabusernewssite

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਟਹਿਲ ਸੰਧੂ ਨੇ ਦਿੱਤੀਆਂ ਵਧਾਈਆਂ

punjabusernewssite

ਨੌਕਰਾਣੀ ਨੇ ਘਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਕੀਤੀ ਚੋਰੀ

punjabusernewssite