ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਟੀਕਾਕਰਨ ਹਫਤਾ ਮਿਤੀ 20 ਤੋਂ 25 ਮਾਰਚ 2023 ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫਤੇ ਦਾ ਮਕਸਦ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਜਾਂ ਅਧੂਰਾ ਟੀਕਾਕਰਨ ਹੋਏ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਲਈ ਵਿਸ਼ੇਸ਼ ਟੀਕਾਕਰਨ ਸ਼ੈਸਨ ਲਗਾਕੇ ਉਨ੍ਹਾਂ ਦਾ ਮੁਕੰਮਲ ਟੀਕਾਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵੱਲੋਂ ਅਧੂਰਾ ਟੀਕਾਕਰਨ ਵਾਲੇ ਬੱਚੇ ਅਤੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਸਰਵੇ ਕਰਕੇ 20 ਮਾਰਚ ਤੋਂ ਵਿਸ਼ੇਸ਼ ਟੀਕਾਕਰਨ ਸ਼ੈਸ਼ਣ ਲਗਾ ਕੇ ਮੁਕੰਮਲ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਟੀਕਾਕਰਨ ਸ਼ੈਸ਼ਣ ਪ੍ਰਵਾਸੀ ਮਜ਼ਦੂਰਾਂ, ਝੁੱਗੀਆਂ ਝੋਪੜੀਆਂ, ਇੱਟਾਂ ਦੇ ਭੱਠੇ, ਪਥੇਰਾਂ, ਸ਼ੈਲਰਾਂ ਅਤੇ ਢਾਣੀਆਂ ਵਿਚ ਜਾ ਕੇ ਲਗਾਏ ਜਾ ਰਹੇ ਹਨ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਵਿਸ਼ੇਸ਼ ਟੀਕਾਕਰਨ ਮੁਹਿੰਮ ਵਿਚ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦਿਤਾ ਜਾਵੇ ਤਾਂ ਜੋ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਸਕੇ। ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਕਿਹਾ ਕਿ ਰੁਟੀਨ ਵਿਚ ਬੱਚੇ ਦਾ 2 ਸਾਲ ਦੀ ਉਮਰ ਤੱਕ ਟੀਕਾਕਰਨ ਪੂਰਾ ਹੋ ਜਾਂਦਾ ਹੈ ਲੇਕਿਨ ਇਸ ਹਫਤੇ ਦੋਰਾਨ ਜਿਹੜੇ ਬੱਚਿਆਂ ਦਾ ਟੀਕਾਕਰਨ ਅਧੂਰਾ ਹੈ ਜਾਂ ਨਹੀ ਹੋਇਆ ਹੈ ਤਾਂ ਉਨ੍ਹਾਂ ਦਾ ਮੁਕੰਮਲ ਟੀਕਾਕਰਨ 5 ਸਾਲ ਦੀ ਉਮਰ ਤੱਕ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ 5 ਸਾਲ ਤੱਕ ਦੇ ਸਾਰੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਬੇਸ਼ੱਕ ਪੋਲੀਓ ਸਾਡੇ ਦੇਸ਼ ਵਿਚੋਂ ਖਤਮ ਹੋ ਚੁੱਕਾ ਹੈ ਪਰੰਤੂ ਸਾਡੇ ਗਵਾਂਡੀ ਦੇਸ਼ਾਂ ਵਿਚ ਪੋਲੀਓ ਦੇ ਕੇਸ ਅਜੇ ਵੀ ਰਿਪੋਰਟ ਹੋ ਰਹੇ ਹਨ ਇਸ ਲਈ ਸਰਕਾਰ ਵਲੋਂ ਪੋਲੀਓ ਦੇ ਤੀਜੇ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 9 ਮਹੀਨੇ ਦੀ ਉਮਰ ਤੇ ਲਗਾਇਆ ਜਾ ਰਿਹਾ ਹੈ।ਇਸ ਲਈ ਪੋਲੀਓ ਅਤੇ ਹੋਰ ਬੀਮਾਰੀਆਂ ਨੂੰ ਖਤਮ ਕਰਨ ਲਈ ਆਪਣੇ ਅਤੇ ਸਮਾਜ ਦੇ ਸਾਰੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਪੂਰਨ ਫਾਇਦਾ ਉਠਾ ਕੇ ਆਪਣੇ ਬੱਚਿਆਂ ਦਾ ਟੀਕਾਕਰਣ ਜਰੂਰ ਕਰਵਾਉਣ। ਇਸ ਮੌਕੇ ਡਾ ਅਨੁਪਮਾ ਸ਼ਰਮਾ ਸਹਾਇਕ ਸਿਵਲ ਸਰਜਨ, ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਹਾਜ਼ਰ ਸਨ।
Share the post "ਸਿਹਤ ਵਿਭਾਗ ਵਲੋਂ 20 ਮਾਰਚ ਤੋਂ 25 ਮਾਰਚ ਤੱਕ ਮਨਾਇਆ ਜਾ ਰਿਹਾ ਵਿਸ਼ੇਸ਼ ਟੀਕਾਕਰਨ ਹਫਤਾ: ਡਾ ਤੇਜਵੰਤ ਸਿੰਘ ਢਿੱਲੋਂ"