ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਸਿੱਖ ਬੰਦੀਆਂ ਦੀ ਰਿਹਾਈ ਲਈ ਲੰਘੀ 7 ਜਨਵਰੀ ਤੋਂ ਚੰਡੀਗੜ੍ਹ ਦੀ ਹੱਦ ’ਤੇ ਕੌਮੀ ਇਨਸਾਫ਼ ਮੋਰਚੇ ਦੇ ਝੰਡੇ ਹੇਠ ਚੱਲ ਰਹੇ ਸੰਘਰਸ਼ ਨੂੰ ਅਣਗੋਲਿਆ ਕਰਨ ਦੇ ਰੋਸ਼ ਵਜੋਂ ਮੋਰਚੇ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ 26 ਜਨਵਰੀ ਦੇ ਗਣਤੰਤਰਤਾ ਦਿਵਸ ਦੇ ਬਾਈਕਾਟ ਦੀ ਅਪੀਲ ਕੀਤੀ ਹੈ। ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਸਿੱਖਾਂ ਨੂੰ ਜਲੀਲ ਕਰਨ ਲਈ ਕਾਨੂੰਨ ਮੁਤਾਬਕ ਬਣਦੀਆ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਨਹੀਂ ਕੀਤੀਆਂ ਜਾ ਰਹੀਆਂ। ਇਸੇ ਤਰ੍ਹਾਂ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਗੋਲੀ ਕਾਂਡ ਦੇ ਹੁਕਮ ਦੇਣ ਦੇ ਮਾਮਲੇ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਮੁਤਾਬਕ ਤਤਕਾਲੀ ਸਰਕਾਰ ਵਿਚ ਸ਼ਾਮਲ ਆਗੂਆਂ ਨੂੰ ਗਿਰਫ਼ਤਾਰ ਕਰਨ ਵਿਚ ਢਿਲ- ਮੱਠ ਕੀਤੀ ਜਾ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 24 ਘੰਟਿਆਂ ਵਿੱਚ ਇਨਸਾਫ਼ ਦੇਣ ਦੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਪੰਜਾਬ ਦੇ ਵਿਚ ਇਸ ਸਬੰਧ ਵਿਚ ਕਾਰਵਾਈ ਤਾਂ ਕੀ ਕਰਨੀ ਸੀ, ਬਲਕਿ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਈਲ ਵੀ ਕੇਜਰੀਵਾਲ ਸਰਕਾਰ ਕੋਲ ਪਈ ਹੈ। ਸਿੱਖ ਆਗੂਆਂ ਨੇ ਕੌਮੀ ਇਨਸਾਫ ਮੋਰਚੇ ਵਲੋਂ 26 ਜਨਵਰੀ ਨੂੰ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਪੰਜਾਬ ਦੇ ਸਾਰੇ ਭਾਈਚਾਰਿਆਂ ਹਿੰਦੂ ਭਾਈਚਾਰਾ, ਦਲਿਤ ਭਾਈਚਾਰੇ ਸਮੇਤ ਸਾਰੇ ਕਿੱਤਿਆਂ ਅਤੇ ਵਰਗਾਂ ਨੂੰ ਕਿਸਾਨਾਂ ,ਮਜਦੂਰਾਂ, ਦੁਕਾਨਦਾਰਾਂ, ਵਪਾਰੀਆਂ, ਮੁਲਾਜਮਾ, ਸਾਬਕਾ ਫੌਜੀਆਂ, ਰਿਟਾਇਰਡ ਮੁਲਾਜਮਾ ਸਮੇਤ ਸਮੁੱਚੇ ਪੰਜਾਬੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸਦੇ ਨਾਲ ਹੀ ਮੋਦੀ ਅਤੇ ਮਾਨ ਸਰਕਾਰਾਂ ਨੂੰ ਇਨਸਾਫ ਦੇਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ 4 ਫਰਵਰੀ ਨੂੰ ਧੂਰੀ ਵਿਖੇ ਮੁੱਖ ਮੰਤਰੀ ਦੇ ਹਲਕੇ ਵਿੱਚ ਮਾਰਚ ਕੀਤਾ ਜਾਵੇਗਾ। ਇਸ ਮੌਕੇ ਸੁਖਮੰਦਰ ਸਿੰਘ ਭਾਗੀਵਾਂਦਰ ,ਜਗਜੀਤ ਸਿੰਘ ਸਿੱਧੂ, ਮੇਜਰ ਸਿੰਘ ਮਲੂਕਾ, ਰਮਨਦੀਪ ਸਿੰਘ ਰਮੀਤਾ ਆਦਿ ਹਾਜ਼ਿਰ ਸਨ।
Share the post "ਸਿੱਖ ਬੰਦੀਆਂ ਦੀ ਰਿਹਾਈ ਲਈ ਇਨਸਾਫ਼ ਮੋਰਚੇ ਵਲੋਂ ਗਣਤੰਤਰਤਾ ਦਿਵਸ ਦੇ ਬਾਈਕਾਟ ਦੀ ਅਪੀਲ"