ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਸਤੰਬਰ : ਸੂਬੇ ਦੀ ਆਪ ਸਰਕਾਰ ਲਈ ਚੁਣੌਤੀ ਬਣੇ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲੋੜੀਦੇ ਭਗੋੜੇ ਛੇਵੇਂ ਦੋਸ਼ੀ ਦੀਪਕ ਮੁੰਡੀ ਨੂੰ ਉਸਦੇ ਦੋ ਸਾਥੀਆਂ ਸਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਮਿਲਕੇ ਭਾਰਤ-ਨੇਪਾਲ ਸਰਹੱਦ ਕੋਲੋ ਗਿ੍ਰਫਤਾਰ ਕਰ ਲਿਆ, ਜਿੱਥੋਂ ਉਹ ਦੇਸ਼ ਛੱਡ ਕੇ ਭੱਜਣ ਦੀ ਤਿਆਰੀ ਕਰ ਰਹੇ ਸਨ। ਦੀਪਕ ਮੁੰਡੀ ਦੇ ਨਾਲ ਗਿ੍ਰਫਤਾਰ ਕੀਤੇ ਗਏ ਦੂਜੇ ਨੌਜਵਾਨਾਂ ਦੀ ਪਹਿਚਾਣ ਕਪਿਲ ਪੰਡਿਤ ਤੇ ਰਜਿੰਦਰ ਦੇ ਤੌਰ ’ਤੇ ਹੋਈ ਹੈ, ਜਿੰਨ੍ਹਾਂ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਜਿੰਮੇਵਾਰ ਸ਼ੂਟਰਾਂ ਨੂੰ ਸਮਾਨ ਮੁਹੱਈਆਂ ਕਰਵਾਉਣ ਵਿਚ ਮਦਦ ਕੀਤੀ ਸੀ। ਦੀਪਕ ਮੁੰਡੀ ਤੇ ਉਸਦੇ ਸਾਥੀਆਂ ਦੀ ਗਿ੍ਰਫ਼ਤਾਰੀ ਦੀ ਖ਼ਬਰ ਦੀ ਸੂਚਨਾ ਖ਼ੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਕਰਕੇ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਭਲਕ ਤੱਕ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੈ। ਇੱਥੇ ਦਸਣਾ ਬਣਦਾ ਹੈ ਕਿ 29 ਮਈ ਦੀ ਸ਼ਾਮ ਨੂੰ ਦੋ ਗੱਡੀਆਂ ‘ਤੇ ਸਵਾਰ ਹੋ ਕੇ ਅੱਧੀ ਦਰਜ਼ਨ ਸੂਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਉਸਦੀ ਥਾਰ ਗੱਡੀ ਦਾ ਪਿੱਛਾ ਕਰਕੇ ਪਿੰਡ ਜਵਾਹਰਕੇ ਕੋਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਮੌਕੇ ਸੂਟਰ ਬਲੈਰੋ ਤੇ ਇੱਕ ਹੋਰ ਕਾਰ ਰਾਹੀਂ ਭੱਜਣ ਵਿਚ ਕਾਮਯਾਬ ਹੋ ਗਏ ਸਨ, ਜਿੰਨ੍ਹਾਂ ਵਿਚੋਂ ਤਿੰਨ ਸੂਟਰਾਂ ਅੰਕਿਤ ਸੇਰਸਾ, ਪਿ੍ਰਆਵਰਤ ਫੌਜੀ, ਸਚਿਨ ਨੂੰ ਦਿੱਲੀ ਪੁਲਿਸ ਨੇ ਗੁਜਰਾਤ ਵਿਚੋਂ ਗਿ੍ਰਫਤਾਰ ਕੀਤਾ ਸੀ ਜਦੋਂਕਿ ਜਗਰੂਪ ਰੂਪਾ ਤੇ ਮਨਪ੍ਰੀਤ ਕੁੱਸਾ ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਵਿਚ 20 ਜੁਲਾਈ ਨੂੰ ਹੋਏ ਮੁਕਾਬਲੇ ਵਿਚ ਮਾਰ ਦਿੱਤਾ ਸੀ ਇਸਤੋਂ ਬਾਅਦ ਇੰਨ੍ਹਾਂ ਸੂਟਰਾਂ ਵਿਚੋਂ ਹਾਲੇ ਤੱਕ ਦੀਪਕ ਮੁੰਡੀ ਹੀ ਫ਼ਰਾਰ ਚੱਲਿਆ ਆ ਰਿਹਾ ਸੀ। ਦੀਪਕ ਕਤਲ ਕਰਨ ਸਮੇਂ ਬਲੈਰੋ ਗੱਡੀ ਵਿਚ ਸਵਾਰ ਸੀ ਪ੍ਰੰਤੂ ਗੁਜਰਾਤ ਵਿਚ ਉਹ ਅਪਣੇ ਤਿੰਨਾਂ ਸਾਥੀਆਂ ਨਾਲੋਂ ਅਲੱਗ ਹੋ ਗਿਆ ਸੀ। ਉਜ ਇਸ ਕਤਲ ਕਾਂਡ ਵਿਚ ਪੁਲਿਸ ਹੁਣ ਤੱਕ ਡੇਢ ਦਰਜ਼ਨ ਦੇ ਕਰੀਬ ਵਿਅਕਤੀਆਂ, ਜਿੰਨ੍ਹਾਂ ਵਿਚ ਲਾਰੇਂਸ ਬਿਸਨੌਈ ਪ੍ਰਮੁੱਖ ਹੈ, ਗਿ੍ਰਫਤਾਰ ਕਰ ਚੁੱਕੀ ਹੈ।
Share the post "ਸਿੱਧੂ ਮੂਸੇਵਾਲਾ ਕਤਲ ਕਾਂਡ: ਸ਼ੂਟਰ ਦੀਪਕ ਮੁੰਡੀ ਸਾਥੀਆਂ ਸਹਿਤ ਨੇਪਾਲ ਸਰਹੱਦ ਤੋਂ ਕਾਬੂ"