11 Views
ਪਟਿਆਲਾ ਜ਼ਿਲ੍ਹੇ ਦੇ ਬਖਸ਼ੀਵਾਲਾ ਅਧੀਨ ਆਉਂਦੇ ਪਿੰਡ ਲੋਹਗੜ੍ਹ ਵਿੱਚੋਂ ਕੀਤਾ ਹੈ ਗ੍ਰਿਫ਼ਤਾਰ
ਗ੍ਰਿਫਤਾਰ ਕੀਤੇ ਨੌਜਵਾਨ ਹਨ ਹਰਿਆਣਾ ਨਾਲ ਸਬੰਧਤ, ਦੋ ਦੱਸੇ ਜਾ ਰਹੇ ਹਨ ਨਾਬਾਲਗ
ਕਬੱਡੀ ਖਿਡਾਰੀ ਸੰਦੀਪ ਅੰਬੀਆਂ ਨੰਗਲ ਦੇ ਕਾਤਲਾਂ ਨੂੰ ਵੀ ਫਡ਼ਿਆ ਸੀ ਦਿੱਲੀ ਪੁਲੀਸ ਨੇ
ਪੰਜਾਬ ਪੁਲੀਸ ਦੀ ਹਿਰਾਸਤ ਚੋਂ ਫ਼ਰਾਰ ਹੋਏ ਦੀਪਕ ਟੀਨੂ ਨੂੰ ਵੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਤੋਂ ਕੀਤਾ ਸੀ ਗ੍ਰਿਫ਼ਤਾਰ
ਸੁਖਜਿੰਦਰ ਮਾਨ
ਚੰਡੀਗੜ੍ਹ , 11 ਨਵੰਬਰ: ਸੂਬੇ ਚ ਸਰਕਾਰ ਬਣਨ ਤੋਂ ਬਾਅਦ ਧੜਾਧੜ ਹੋ ਰਹੇ ਕਤਲਾਂ ਕਾਰਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਈ ਆਮ ਆਦਮੀ ਪਾਰਟੀ ਨੂੰ ਹੁਣ ਉਸ ਸਮੇਂ ਮੁੜ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਪਹਿਲਾਂ ਦੀ ਤਰ੍ਹਾਂ ਬੀਤੇ ਕੱਲ੍ਹ ਡੇਰਾ ਪ੍ਰੇਮੀ ਦੇ ਕੋਟਕਪੂਰੇ ਚ ਹੋਏ ਦਿਨ ਦਿਹਾੜੇ ਕਤਲ ਦੇ ਕਥਿਤ ਦੋਸ਼ੀਆਂ ਵਿੱਚੋਂ ਅੱਧਿਆਂ ਨੂੰ ਬੀਤੀ ਅੱਧੀ ਰਾਤ ਦਿੱਲੀ ਪੁਲੀਸ ਨੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਵਿੱਚੋਂ ਕਾਬੂ ਕਰ ਲਿਆ। ਜਦੋਂ ਇਸ ਸਬੰਧੀ ਜਦੋਂ ਕਿ ਪੰਜਾਬ ਪੁਲਸ ਹੱਥ ਮਲਦੀ ਰਹਿ ਗਈ। ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਜਰਮ ਹਰਿਆਣਾ ਨਾਲ ਸਬੰਧਤ ਹਨ ਅਤੇ ਵੱਡੀ ਗੱਲ ਇਹ ਵੀ ਹੈ ਕਿ ਤਿੰਨਾਂ ਵਿਚੋਂ ਦੋ ਨੌਜਵਾਨ ਹਾਲੇ ਨਾਬਾਲਗ ਹਨ।ਇਨ੍ਹਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਜਤਿੰਦਰ ਜੀਤੂ ਨਾਂ ਦਾ ਨੌਜਵਾਨ ਲਾਰੈਂਸ ਬਿਸ਼ਨੋਈ ਗੈਂਗ ਦਾ ਇਕ ਵੱਡਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਜਿਸ ਉਪਰ ਪਹਿਲਾਂ ਵੀ ਕਤਲ ਦੇ ਮੁਕੱਦਮੇ ਦਰਜ ਹਨ।ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਵੀ ਦਿੱਲੀ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਸੀ। ਇਸੇ ਤਰ੍ਹਾਂ ਪਿਛਲੇ ਦਿਨੀਂ ਪੰਜਾਬ ਪੁਲਸ ਦੀ ਹਿਰਾਸਤ ਵਿੱਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂ ਨੂੰ ਵੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਵਿਚੋਂ ਗ੍ਰਿਫ਼ਤਾਰ ਕਰਕੇ ਪੰਜਾਬ ਪੁਲੀਸ ਨੂੰ ਠਿੱਬੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਉੱਘੇ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਨੰਗਲ ਦੇ ਮਾਮਲੇ ਚ ਲੋੜੀਂਦੇ ਦੋਸ਼ੀਆਂ ਨੂੰ ਵੀ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਚੱਲਦੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਕਈ ਤਰ੍ਹਾਂ ਦੇ ਸ਼ੰਕੇ ਉਤਪੰਨ ਹੋਣ ਲੱਗੇ ਹਨ। ਸੂਤਰਾਂ ਮੁਤਾਬਕ ਡੇਰਾ ਪ੍ਰੇਮੀ ਦੇ ਕਤਲ ਕਾਂਡ ਵਿਚ ਕੁੱਲ ਅੱਧੀ ਦਰਜਨ ਮੁਜਰਮ ਕੋਟਕਪੂਰਾ ਪੁਲੀਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਹਨ ਜਿਸ ਵਿੱਚੋਂ ਤਿੰਨ ਨੂੰ ਦਿੱਲੀ ਪੁਲੀਸ ਦੁਆਰਾ ਗ੍ਰਿਫ਼ਤਾਰ ਕਰਨ ਦੀ ਸੂਚਨਾ ਹੈ। ਹਾਲਾਂਕਿ ਦਿੱਲੀ ਪੁਲੀਸ ਅਧਿਕਾਰੀਆਂ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਦਿੱਲੀ ਪੁਲੀਸ ਦੇ ਉੱਚ ਅਧਿਕਾਰੀ ਇਸ ਮਾਮਲੇ ਦਾ ਖੁਲਾਸਾ ਕਰਨ ਲਈ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਸਵੇਰ ਸਣੇ ਬੇਅਦਬੀ ਕਾਂਡ ਚ ਕਿਰਤ ਮੁਜਰਮ ਕਰਾਰ ਦਿੱਤੇ ਡੇਰਾ ਪ੍ਰੇਮੀ ਪ੍ਰਦੀਪ ਇੰਸਾ ਦਾ ਅੱਧੀ ਦਰਜਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਕਤਲ ਤੋਂ ਤੁਰੰਤ ਬਾਅਦ ਉਕਤ ਨੌਜਵਾਨ ਇਕ ਮੋਟਰਸਾਈਕਲ ਮੌਕੇ ‘ਤੇ ਹੀ ਛੱਡ ਦੋ ਮੋਟਰਸਾਈਕਲਾਂ ਤੇ ਫ਼ਰਾਰ ਹੋ ਗਏ ਸਨ, ਜਿਹੜੇ ਬਾਅਦ ਵਿੱਚ ਬਾਜਾਖਾਨਾ ਕੋਲੋਂ ਲਾਵਾਰਸ ਹਾਲਤ ਵਿੱਚ ਮਿਲੇ ਸਨ। ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਚਰਚਿਤ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਰਾਹੀਂ ਲਈ ਸੀ।
Share the post "ਸਿੱਧੂ ਮੂਸੇ ਵਾਲਾ ਦੇ ਕਾਤਲਾਂ ਤੋਂ ਬਾਅਦ ਡੇਰਾ ਪ੍ਰੇਮੀ ਦੇ ਕਾਤਲਾਂ ਨੂੰ ਵੀ ਦਿੱਲੀ ਪੁਲਿਸ ਨੇ ਦਬੋਚਿਆ "