ਸੁਖਜਿੰਦਰ ਮਾਨ
ਚੰਡੀਗੜ੍ਹ, 7 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਵਿਚ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੁੰ ਗਿਣੇ ਮਿੱਥੇ ਢੰਗ ਨਾਲ ਨਿਸ਼ਾਨਾ ਬਣਾਏ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕੇਂਦਰ ਸਰਕਾਰ ਤੇ ਯੂ ਟੀ ਪ੍ਰਸ਼ਾਸਨ ਨੁੰ ਅਪੀਲ ਕੀਤੀ ਕਿ ਸੁਰੱਖਿਆ ਵਧਾਈ ਜਾਵੇ ਤਾਂ ਜੋ ਘੱਟ ਗਿਣਤੀਆਂ ਵਿਚ ਭਰੋਸਾ ਵੱਧ ਸਕੇ ਅਤੇ ਵਾਦੀ ਵਿਚੋਂ ਘੱਟ ਗਿਣਤੀਆਂ ਦੀ ਹਿਜਰਤ ਦਾ ਇਕ ਹੋਰ ਦੌਰ ਰੋਕਿਆ ਜਾ ਸਕੇ। ਅੱਜ ਸ੍ਰੀਨਗਰ ਵਿਚ ਦੋ ਅਧਿਆਪਕਾਂ ਦੀ ਹੱਤਿਆ ਕੀਤੇ ਜਾਣ ’ਤੇ ਹੈਰਾਨੀ ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਅਤਿਵਾਦੀਆਂ ਨੇ ਸਕੂਲ ਵਿਚ ਵੜ੍ਹਨ ਮਗਰੋਂ ਦੋ ਅਧਿਆਪਕਾਂ ਸਤਿੰਦਰ ਕੌਰ ਤੇ ਦੀਪਕ ਚੰਦ ਨੂੰ ਬਹੁ ਗਿਣਤੀ ਫਿਰਕੇ ਤੋਂ ਵੱਖ ਕੀਤਾ ਤੇ ਫਿਰ ਇਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹਨਾਂ ਕਿਹਾ ਕਿ ਅਜਿਹਾ ਯਤਨ ਕੀਤਾ ਜਾ ਰਿਹਾ ਹੈ ਕਿ ਘੱਟ ਗਿਣਤੀਆਂ ਵਿਚ ਸਹਿਮ ਤੇ ਦਹਿਸ਼ਤ ਦਾ ਮਾਹੌਲ ਬਣੇ ਤੇ ਵਾਦੀ ਵਿਚ ਫਿਰਕੂ ਤਣਾਅ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਤਿੰਦਰ ਕੌਰ ਅਤੇ ਉਹਨਾਂ ਦੇ ਸਾਥੀ ਦੀਪਕ ਚੰਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ: ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਸ਼ਮੀਰ ਵਿਚ ਪਿਛਲੇ ਪੰਜ ਦਿਨਾਂ ਵਿਚ 7 ਨਾਗਰਿਕਾਂ ਦੀ ਹੱਤਿਆ ਹੋ ਚੁੱਕੀ ਹੈ। ਉਹਨਾਂ ਨੇ ਕੇਂਦਰ ਸਰਕਾਰ ਤੇ ਯੂ ਟੀ ਪ੍ਰਸ਼ਾਸਨ ਨੁੰ ਅਪੀਲ ਕੀਤੀ ਕਿ ਉਹ ਢਿੱਲ ਮੱਠ ਨਾਲ ਨਜਿੱਠਣ ਅਤੇ ਵਾਦੀ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਤਾਂ ਜੋ ਹੱਤਿਆਵਾਂ ਦਾ ਦੌਰ ਥੰਮਿਆ ਜਾ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਇਕ ਵਫਦ ਛੇਤੀ ਹੀ ਸ੍ਰੀਨਗਰ ਜਾਵੇਗਾ ਅਤੇ ਘੱਟ ਗਿਣਤੀ ਭਾਈਚਾਰੇ ਦੇ ਉਹਨਾਂ ਮੈਂਬਰਾਂ ਨਾਲ ਮੁਲਾਕਾਤ ਕਰੇਗਾ ਜਿਹਨਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਇਹ ਵਫਦ ਯੂ ਟੀ ਪ੍ਰਸ਼ਾਸਨ ਵੀ ਮੁਲਾਕਾਤ ਕਰੇਗਾ ਤੇ ਉਸਨੁੰ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਵਧਾਉਣ ਦੀ ਵੀ ਬੇਨਤੀ ਕਰੇਗਾ।
Share the post "ਸੁਖਬੀਰ ਸਿੰਘ ਬਾਦਲ ਨੇ ਕਸ਼ਮੀਰ ਵਿਚ ਘੱਟ ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਨਿਖੇਧੀ"