ਸੁਖਬੀਰ ਸਿੰਘ ਬਾਦਲ ਨੇ ਖਤਰਨਾਕ ਵਾਵਰੋਲੇ ਨਾਲ ਹੋਏ ਨੁਕਸਾਨ ਵਾਸਤੇ ਐਮ ਪੀ ਲੈਡ ਫੰਡ ਵਿਚੋਂ ਮੁਆਵਜ਼ਾ ਦੇਣ ਦਾ ਕੀਤਾ ਐਲਾਨ

0
13

ਕਿਹਾ ਕਿ ਜੇਕਰ 15 ਦਿਨਾਂ ਵਿਚ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਅਕਾਲੀ ਦਲ ਉਹਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਸੰਘਰਸ਼ ਵਿੱਢੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਮੁਕਤਸਰ, 25 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਿਲ੍ਹੇ ਦੇ ਪਿੰਡ ਬਕਾਈਂਵਾਲਾ ਵਿਚ ਖਤਰਨਾਕ ਵਾਵਰੋਲੇ ਨਾਲ ਨੁਕਸਾਨ ਗਏ ਮਕਾਨਾਂ ਦੀ ਮੁਰੰਮਤ ਵਾਸਤੇ ਐਮ ਪੀ ਲੈਫ ਫੰਡਾਂ ਵਿਚੋਂ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਰਾਹਤ ਕਾਰਜਾਂ ਵਾਸਤੇ ਆਪਣੇ ਪੱਲਿਓਂ ਇਕ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਬਕਾਈਂਵਾਲਾ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਤੇ ਵੇਖਿਆ ਕਿ ਖਤਰਨਾਕ ਵਾਵਰੋਲੇ ਨਾਲ ਕਿੰਨੂਆਂ ਦੇ ਬਾਗਾਂ ਤੇ ਕਣਕ ਦੀ ਫਸਲ ਨੂੰ ਇਥੇ ਤੇ ਨਾਲ ਲਗਵੇਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਿੰਨਾ ਨੁਕਸਾਨ ਹੋਇਆ ਹੈ। ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਜਿਹਨਾਂ ਦੇ ਮਕਾਨ ਤੇ ਕਿੰਨੂਆਂ ਦੇ ਬਾਗ ਨੁਕਸਾਨੇ ਗਏ ਹਨ, ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਪ੍ਰਭਾਵਤ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਸੰਘਰਸ਼ ਵਿੱਢੇਗਾ। ਉਹਨਾਂ ਨੇ ਇਸ ਮੌਕੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਤੇ ਲੋੜ ਪੈਣ ’ਤੇ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ ਹੋਰ ਫੰਡ ਦੇਣ ਦੀ ਵੀ ਪੇਸ਼ਕਸ਼ ਕੀਤੀ।ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਢਿੱਲ ਮੱਠ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਇਸਮੌਕੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਪ੍ਰਭਾਵਤ ਇਲਾਕੇ ਦਾ ਦੌਰਾ ਨਾ ਕਰਨ ਤੇ ਵਾਵਰੋਲੇ ਦੇ ਪ੍ਰਭਾਵਤਾਂ ਨੂੰ ਤੁਰੰਤ ਮੁਆਵਜ਼ਾ ਨਾ ਦੇਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਪ ਸਰਕਾਰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵਾਜਬ ਮੁਆਵਜ਼ਾ ਦੇਣ ਵਿਚ ਨਾਕਾਮ ਰਹਿੰਦੀ ਹੈ ਤਾਂ ਅਸੀਂ ਇਸਦੇ ਖਿਲਾਫ ਇਕ ਨਿਰੰਤਰ ਸੰਘਰਸ਼ ਵਿੱਢਾਂਗੇ। ਇਸ ਤੋਂ ਪਹਿਲਾਂ ਸ: ਬਾਦਲ ਨੇ ਲੰਬੀ ਹਲਕੇ ਦੇ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਜਿਥੇ ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੀ ਖੜ੍ਹੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਪਿੰਡ ਡਬਵਾਲੀ ਢਾਬ, ਕਰਮਗੜ੍ਹ, ਭਗਵਾਨਪੁਰਾ, ਸ਼ਾਮਖੇੜਾ ਤੇ ਗੁਰੂਸਰ ਜੋਧਾ ਪਿੰਡਾਂ ਵਿਚ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਸਿਕਾਨਾਂ ਨੇ ਦੱਸਿਆ ਕਿ ਸਰਕਾਰ ਨੇ ਹਾਲੇ ਤੱਕ ਉਹਨਾਂ ਕੋਲ ਪਹੁੰਚ ਨਹੀਂ ਕੀਤੀ ਅਤੇ ਕਿਸਾਨਾਂ ਨੇ ਫੌਰੀ ਰਾਹਤ ਦੀ ਮੰਗ ਕੀਤੀ। ਸਰਦਾਰ ਬਾਦਲ ਨੇ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਕਣਕ ਦੀ ਫਸਲ ਜ਼ਿਆਦਾ ਨੁਕਸਾਨੀ ਗਈ ਹੈ ਉਹਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਅੰਸ਼ਕ ਨੁਕਸਾਨ ਵਾਸਤੇ 25 ਹਜ਼ਾਰ ਰੁਪੲ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਸ: ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਸਜ਼ਾ ਨਾ ਦੇਣ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿਚ ਸੱਤਾ ਸੰਭਾਲਣ ਤੋਂ ਬਾਅਦ ਕਿਸਾਨ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ ਮੂੰਗੀ ਦੀ ਫਸਲ ਬੀਜਣ ਵਾਸਤੇ ਕਿਸਾਨਾਂ ਨੂੰ ਇਹ ਕਹਿ ਕੇ ਉਤਸ਼ਾਹਿਤ ਕੀਤਾ ਕਿ ਉਹ ਐਮ ਐਸ ਪੀ ਅਨੁਸਾਰ ਸਾਰੀ ਫਸਲ ਖਰੀਦਣਗੇ ਪਰ ਬਾਅਦ ਵਿਚ ਸਿਰਫ ਕੁਝ ਹੀ ਫਸਲ ਖਰੀਦੀ ਗਈ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ ਅਚਨਚੇਤ ਮੌਸਮ ਵਿਚ ਗਰਮੀ ਵਧਣ ਨਾਲ ਕਣਕ ਦਾ ਝਾੜ ਘਟਣ ਵਾਸਤੇ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਕਿਸਾਨ ਮੁਸੀਬਤਾਂ ਝੱਲ ਰਹੇ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਡਰਾਮੇਬਾਜ਼ੀ ਵਿਚ ਰੁੱਝੈ ਹਨ ਤੇ ਪੰਜਾਬ ਦੇ ਖ਼ਜ਼ਾਨੇ ਦੀ ਕੀਮਤ ’ਤੇ ਦੇਸ਼ ਭਰ ਵਿਚ ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਬਰਬਾਦ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਸੀਨੀਅਰ ਆਗੂ ਡਾ. ਮਹਿੰਦਰ ਰਿਣਵਾ ਤੇ ਹੰਸ ਰਾਜ ਜੋਸ਼ਨ ਵੀ ਸਰਦਾਰ ਬਾਦਲ ਦੇ ਨਾਲ ਪਿੰਡ ਬਕਾਈਂਵਾਲਾ ਪਹੁੰਚੇ।

LEAVE A REPLY

Please enter your comment!
Please enter your name here