ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਜ਼ਿਲ੍ਹੇ ਦੇ ਪਿੰਡ ਬਾਘਾ ਦੇ ਵਸਨੀਕ ਲਾਂਸ ਨਾਇਕ ਸੇਵਕ ਸਿੰਘ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਬਾਘਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ, ਪੁਲਿਸ, ਭਾਰਤੀ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਸਿਆਸੀ ਆਗੂਆਂ ਤੇ ਹੋਰ ਪਤਵੰਤਿਆਂ ਨੇ ਸ਼ਹੀਦ ਸੇਵਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਅੰਤਿਮ ਵਿਦਾਇਗੀ ਦਿੱਤੀ। ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਫੌਜੀ ਟਰੱਕ ਉੱਤੇ ਅੱਤਵਾਦੀ ਹਮਲੇ ਕਾਰਣ ਸ਼ਹੀਦ ਹੋ ਗਏ ਜੋ ਸੇਵਕ ਸਿੰਘ ਸਾਲ 2018 ਵਿਚ ਭਰਤੀ ਹੋਣ ਤੋਂ ਬਾਅਦ 4 ਸਿੱਖਲਾਈਟ ਇੰਫੈਂਟਰੀ ਵਿੱਚ ਸੇਵਾਵਾਂ ਨਿਭਾ ਰਹੇ ਸਨ। ਅੰਤਿਮ ਸੰਸਕਾਰ ਮੌਕੇ ਫ਼ੌਜ ਵਲੋਂ ਤਿਰੰਗੇ ’ਚ ਲਪੇਟੇ ਬਕਸੇ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੂਰੇ ਸਨਮਾਨ ਨਾਲ ਪਿੰਡ ਵਿਚ ਲਿਆਂਦਾ ਗਿਆ ਤਾਂ ਪੂਰਾ ਮਾਹੋਲ ਗਮਗੀਨ ਹੋ ਗਿਆ ਤੇ ਹਰ ਅੱਖ ਅਪਣੇ ਜਾਂਬਾਜ ਦੀ ਸਹੀਦੀ ਕਾਰਨ ਭਿੱਜੀ ਹੋਈ ਦਿਖ਼ਾਈ ਦੇ ਰਹੀ ਸੀ। ਇਸ ਮੌਕੇ ਲੋਕਾਂ ਨੇ ਜਿੱਥੇ ਸੇਵਕ ਸਿੰਘ ਅਮਰ ਰਹੇ ਦੇ ਨਾਅਰੇ ਲਗਾ ਕੇ ਅਪਣੇ ਸਹੀਦ ਨੂੰ ਸ਼ਰਧਾਂਜਲੀ ਦਿੱਤੀ, ਉਥੇ ਪਾਕਿਸਤਾਨ ਪ੍ਰਤੀ ਗੁੱਸਾ ਵੀ ਇਜ਼ਹਾਰ ਕੀਤਾ। ਫੋਜ ਦੇ ਅਧਿਕਾਰੀਆ ਨੇ ਸਭ ਤੋਂ ਪਹਿਲਾਂ ਸ਼ਹੀਦ ਜਵਾਨ ਸੇਵਕ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਘਰ ਲਿਆਂਦੀ ਗਈ ਜਿੱਥੇ ਸ਼ਹੀਦ ਜਵਾਨ ਦੇ ਮਾਤਾ-ਪਿਤਾ ਦਾਦਾ ਦਾਦੀ ਅਤੇ ਉਸ ਦੀਆਂ ਭੈਣਾਂ ਅਤੇ ਰਿਸ਼ਤੇਦਾਰਾਂ ਨੇ ਉਸ ਦੇ ਅੰਤਿਮ ਦਰਸਨ ਕਰਵਾਏ ਗਏ। ਇਸ ਤੋਂ ਬਾਅਦ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨੂੰ ਪੂਰੇ ਸੈਨਿਕ ਸਨਮਾਨਾਂ ਨਾਲ ਪਿੰਡ ਬਾਘਾ ਦੇ ਸ਼ਮਸ਼ਾਨ ਘਾਟ ਲਿਜਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਰਫੋਂ ਤਲਵੰਡੀ ਸਾਬੋ ਤੋਂ ਵਿਧਾਇਕ ਤੇ ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ, ਏਡੀਸੀ(ਵਿਕਾਸ) ਡਾ. ਆਰ.ਪੀ. ਸਿੰਘ, ਐਸ.ਪੀ.(ਡੀ) ਸ੍ਰੀ ਅਜੈ ਗਾਂਧੀ, ਐਸਡੀਐਮ ਤਲਵੰਡੀ ਸਾਬੋ ਸ੍ਰੀ ਗਗਨਦੀਪ ਸਿੰਘ ਤੇ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਅਤੇ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਵੀ ਪੁੱਜੇ ਹੋਏ ਸਨ। ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਰੀਥਾਂ ਰੱਖ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਵਿਧਾਇਕ ਤੇ ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਦੇਸ਼ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਸ਼ਹਾਦਤ ਦੇਣ ਵਾਲੇ ਜਵਾਨਾਂ ’ਤੇ ਦੇਸ਼ ਵਾਸੀਆਂ ਨੂੰ ਹਮੇਸ਼ਾਂ ਮਾਣ ਰਹੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸ਼ਹੀਦ ਦੇ ਪਿਤਾ ਸ. ਗੁਰਚਰਨ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਸੇਵਕ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਐਕਸ ਗ੍ਰੇਸ਼ੀਆ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਫੌਜ਼ ਦੀ ਟੁਕੜੀ ਵੱਲੋਂ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ 49 ਆਰ.ਆਰ. ਬਟਾਲੀਅਨ ਦੇ ਨਾਇਬ ਸੂਬੇਦਾਰ ਵੀਰਪਾਲ ਸਿੰਘ, ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਤਰਫੋਂ ਕਮਾਂਡਰ ਬਲਜਿੰਦਰ ਵਿਰਕ, ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਮੋਹਤਬਰ ਵਿਅਕਤੀਆਂ ਤੋਂ ਇਲਾਵਾ ਤੋਂ ਇਲਾਵਾ ਪਿੰਡ ਵਾਸੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
Share the post "ਸੈਕੜੇ ਨਮ ਅੱਖਾਂ ਦੀ ਹਾਜ਼ਰੀ ’ਚ ਸ਼ਹੀਦ ਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਬਾਘਾ ਵਿਖੇ ਹੋਇਆ ਅੰਤਿਮ ਸਸਕਾਰ"