ਕੇਂਦਰ ਸਰਕਾਰ ਨੇ ਕਾਨੂੰਨ ਲਿਆਉਣ ਦੀ ਬਣਾਈ ਯੋਜਨਾ
ਹੋਵੇਗਾ ਇੱਕ ਹਜ਼ਾਰ ਜੁਰਮਾਨਾ ਤੇ ਫੋਟੋ ਖਿੱਚ ਕੇ ਦੱਸਣ ਵਾਲਿਆਂ ਨੂੰ ਮਿਲੇਗਾ 500 ਰੂਪੇ ਇਨਾਮ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 17 ਜੂਨ: ਦੇਸ ਭਰ ’ਚ ਗਲਤ ਥਾਵਾਂ ’ਤੇ ਅਪਣੀਆਂ ਕਾਰਾਂ ਪਾਰਕਿੰਗ ਕਰਕੇ ਦੂਜੇ ਲੋਕਾਂ ਲਈ ਮੁਸ਼ਕਿਲ ਪੈਦਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਕੇਂਦਰ ਸਰਕਾਰ ਨੇ ਹੁਣ ਇੱਕ ਨਵਾਂ ਐਲਾਨ ਕੀਤਾ ਹੈ, ਜਿਸਦੇ ਤਹਿਤ ਸੜਕ ਉਪਰ ਗਲਤ ਥਾਂ ’ਤੇ ਪਾਰਕਿੰਗ ਕੀਤੀ ਕਾਰ ਦੀ ਫ਼ੋਟੋ ਖਿੱਚ ਕੇ ਭੇਜਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਮਾਲਕ ਨੂੰ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ‘ਚ ਹੋਏ ਇਕ ਸਮਾਗਮ ਦੌਰਾਨ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੇਸ ਭਰ ਵਿਚ ਸੜਕ ‘ਤੇ ਗਲਤ ਢੰਗ ਨਾਲ ਪਾਰਕ ਕੀਤੇ ਜਾਂਦੇ ਵਾਹਨਾਂ ਨੂੰ ਠੱਲ ਪਾਉਣ ਲਈ ਅਜਿਹਾ ਇੱਕ ਕਾਨੂੰਨ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸਦੇ ਨਾਲ ਅਜਿਹਾ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕਾਨੂੰਨ ਲਾਗੂ ਹੋਣ ਨਾਲ ਨਾ ਸਿਰਫ਼ ਸੜਕਾਂ ’ਤੇ ਨਜਾਇਜ਼ ਟਰੈਫ਼ਿਕ ਦੀ ਸਮੱਸਿਆ ਘਟੇਗੀ, ਬਲਕਿ ਸੜਕੀ ਹਾਦਸਿਆਂ ਵਿਚ ਵੀ ਵੱਡੀ ਕਮੀ ਆਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਬੇਸ਼ੱਕ ਉ੍ਹਨਾਂ ਦਾ ਮੰਤਰਾਲਾ ਦੇਸ ਭਰ ਵਿਚ ਨਵੀਆਂ ਤੇ ਚੌੜੀਆਂ ਸੜਕਾਂ ਬਣਾਉਣ ਵਿਚ ਜੁਟਿਆ ਹੋਇਆ ਹੈ ਪ੍ਰੰਤੂ ਦਿਨੋਂ-ਦਿਨ ਹਰ ਘਰ ਵਿਚ ਵਧ ਰਹੀਆਂ ਗੱਡੀਆਂ ਕਾਰਨ ਇਹ ਸਮੱਸਿਆ ਵਧਦੀ ਜਾ ਰਹੀ ਹੈ। ਇਕੱਲੀਆਂ ਗੱਡੀਆਂ ਵਧਣ ਨਾਲ ਹੀ ਨਹੀਂ, ਬਲਕਿ ਬਹੁਤ ਸਾਰੇ ਲੋਕ ਬਿਨ੍ਹਾਂ ਨਿਯਮਾਂ ਦੀ ਪ੍ਰਵਾਹ ਕੀਤੇ ਅਪਣੇ ਵਾਹਨਾਂ ਨੂੰ ਜਿੱਥੇ ਦਿਲ ਕਰਦਾ ਹੈ, ਸੜਕ ਉੂਪਰ ਖੜ੍ਹੇ ਕਰ ਦਿੰਦੇ ਹਨ, ਜਿਸਦੇ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ।