ਤਲਵੰਡੀ ਸਾਬੋ ਪੁਲਿਸ ਨੇ ਕੀਤਾ ਗਿ੍ਰਫਤਾਰ, ਪ੍ਰਵਾਰ ਸਹਿਤ ਆਇਆ ਸੀ ਤਲਵੰਡੀ ਸਾਬੋ
ਸੁਖਜਿੰਦਰ ਮਾਨ
ਬਠਿੰਡਾ, 7 ਮਈ : ਬੀਤੇ ਕੱਲ ਕੌਮੀ ਸਫ਼ਾਈ ਕਮਿਸ਼ਨ ਦੇ ਨਕਲੀ ਚੇਅਰਮੈਨ ਬਣਕੇ ਆਏ ਵਿਅਕਤੀ ਵਿਰੁਧ ਤਲਵੰਡੀ ਸਾਬੋ ਦੀ ਪੁਲਿਸ ਨੇ ਪਰਚਾ ਦਰਜ਼ ਕਰਦਿਆਂ ਉਸਨੂੰ ਗਿ੍ਰਫਤਾਰ ਕਰ ਲਿਆ ਹੈ। ਕਥਿਤ ਦੋਸ਼ੀ ਦੀ ਪਹਿਚਾਣ ਗੁੁਰਜੀਤ ਸਿੰਘ ਵਾਸੀ ਰਾਮਗੜ੍ਹ ਸੰਧਵਾ ਜ਼ਿਲ੍ਹਾ ਸੰਗਰੂਰ ਦੇ ਤੌਰ ’ਤੇ ਹੋਈ ਹੈ। ਉਹ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਸੰਗਰੂਰ ਤੋਂ ਅਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜ ਚੁੱਕਿਆ ਹੈ। ਵੀਵੀਆਈਪੀ ਟਰੀਟਮੈਂਟ ਦੀ ਲਾਲਸਾ ਪਾਲਣ ਵਾਲੇ ਇਸ ਸਖ਼ਸ ਵਿਰੁਧ ਇਸਤੋਂ ਪਹਿਲਾਂ ਵੀ ਲਹਿਰਾ ਪੁਲਿਸ ਵਲੋਂ ਅਜਿਹੇ ਹੀ ਇੱਕ ਮਾਮਲੇ ਵਿਚ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ। ਉਸ ਸਮੇਂ ਉਕਤ ਕਥਿਤ ਦੋਸ਼ੀ ਨੇ ਖ਼ੁਦ ਨੂੰ ਹਾਊਸਿੰਗ ਬੋਰਡ ਦਾ ਚੇਅਰਮੈਨ ਦੱਸ ਕੇ ਦਰਜਨਾਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਵੀ ਕਥਿਤ ਦੋਸ਼ੀ ਅਜਿਹੀ ਕਾਰਵਾਈ ਕਰਨ ਦੀ ਤਾਕ ਵਿਚ ਸੀ। ਮਿਲੀ ਸੂਚਨਾ ਮੁਤਾਬਕ ਉਕਤ ਨਕਲੀ ਚੇਅਰਮੈਨ ਨੇ ਖੁਦ ਨੂੰ ਕੌਮੀ ਸਫ਼ਾਈ ਕਮਿਸ਼ਨ ਦਾ ਚੇਅਰਮੈਨ ਦੱਸਦੇ ਹੋਏ ਸਭ ਤੋਂ ਪਹਿਲਾਂ ਥਾਣਾ ਤਲਵੰਡੀ ਸਾਬੋ ਦੇ ਮੁਖੀ ਨੂੰ ਅਪਣੀ ਗੁਰਦੂਆਰਾ ਸਾਹਿਬ ਵਿਖੇ ਆਮਦ ਬਾਰੇ ਦਸਿਆ ਸੀ। ਇਸਤੋਂ ਬਾਅਦ ਉਸਨੇ ਸਫਾਈ ਸੇਵਕ ਯੂਨੀਅਨ ਤਲਵੰਡੀ ਸਾਬੋ ਦੇ ਪ੍ਰਧਾਨ ਕੁਲਦੀਪ ਸਿੰਘ ਨੂੰ ਫ਼ੋਨ ਕੀਤਾ ਤੇ ਸਫ਼ਾਈ ਸੇਵਕਾਂ ਨਾਲ ਮੀਟਿੰਗ ਕਰਨ ਬਾਰੇ ਕਿਹਾ ਸੀ। 5 ਮਈ ਦੀ ਸ਼ਾਮ ਨੂੰ ਤਖ਼ਤ ਸਾਹਿਬ ਆਉਣ ’ਤੇ ਉਸਨੂੰ ਉਕਤ ਸਫ਼ਾਈ ਸੇਵਕ ਯੁੂਨੀਅਨ ਦੇ ਪ੍ਰਧਾਨ ਨੇ ਹੀ ਕਮਰਾ ਬੁੱਕ ਕਰਵਾ ਕੇ ਦਿੱਤਾ ਸੀ। ਇਸਤੋਂ ਬਾਅਦ ਉਸਨੇ 6 ਮਈ ਨੂੰ ਐਸਡੀਐਮ ਤਲਵੰਡੀ ਸਾਬੋ ਅਤੇ ਡੀਐਸਪੀ ਤਲਵੰਡੀ ਸਾਬੋ ਨੂੰ ਫੋਨ ਵੀ ਕੀਤਾ ਸੀ। ਪੁਲਿਸ ਨੇ ਵੀ ਨਗਰ ਕੋਂਸਲ ਦਫ਼ਤਰ ’ਚ ਸਫਾਈ ਸੇਵਕਾਂ ਨਾਲ ਫ਼ਰਜੀ ਚੇਅਰਮੈਨ ਦੀ ਹੋਈ ਮੀਟਿੰਗ ਦੌਰਾਨ ਪੁਲਿਸ ਸੁਰੱਖਿਆ ਦਾ ਇੰਤਜਾਮ ਕੀਤਾ ਸੀ। ਇਸ ਮੌਕੇ ਉਕਤ ਨਕਲੀ ਚੇਅਰਮੈਨ ਨੇ ਕਈ ਅਫ਼ਸਰਾਂ ਨੂੰ ਫ਼ੋਨ ਕਰਕੇ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ। ਪੰ੍ਰਤੂ ਉਸ ਵਲੋਂ ਵਾਰ ਵਾਰ ਅਫ਼ਸਰਾਂ ਨੂੰ ਫ਼ੋਨ ਕਰਨ ਦੇ ਚੱਲਦਿਆਂ ਥਾਣਾ ਤਲਵੰਡੀ ਸਾਬੋ ਦੇ ਐਸਐਚਓ ਨੂੰ ਸ਼ੱਕ ਪੈ ਗਿਆ, ਜਿਸਤੋਂ ਬਾਅਦ ਉਸਦੇ ਬਾਰੇ ਜਦ ਪਤਾ ਕੀਤਾ ਗਿਆ ਤਾਂ ਉਹ ‘ਲੀਰਾ ਦੀ ਖਿੱਦੋ’ ਹੀ ਨਿਕਲਿਆ। ਜਿਸਦੇ ਚੱਲਦੇ ਸ਼ਾਮ ਨੂੰ ਉਸਨੂੰ ਪੁਲਿਸ ਵਲੋਂ ਦਬੋਚ ਲਿਆ ਗਿਆ। ਥਾਣਾ ਮੁਖੀ ਮੇਜਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀ ਵਿਰੁਧ ਸਫ਼ਾਈ ਸੇਵਕ ਯੂਨੀਅਨ ਦੇ ਚੇਅਰਮੈਨ ਕੁਲਦੀਪ ਸਿੰਘ ਦੀ ਸਿਕਾਇਤ ’ਤੇ ਧਾਰਾ 419,420 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਅੱਜ ਉਸਦਾ ਇੱਕ ਰੋਜ਼ਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
ਸਫ਼ਾਈ ਕਮਿਸ਼ਨ ਦੇ ਨਕਲੀ ਚੇਅਰਮੈਨ ਵਿਰੁਧ ਦਰਜ਼ ਹੋਇਆ ਕੇਸ
19 Views