ਹਾਈ ਕਮਾਂਡ ਵੱਲੋਂ ਲਏ ਫ਼ੈਸਲਿਆਂ ਦਾ ਜ਼ਿਲ੍ਹਾ ਅਕਾਲੀ ਜਥੇਬੰਦੀ ਨੇ ਕੀਤਾ ਸਵਾਗਤ

0
10

ਪਾਰਟੀ ਵੱਲੋਂ ਹਰ ਵਰਗ ਨੂੰ ਦਿੱਤੀ ਜਾਵੇਗੀ ਨੁਮਾਇੰਦਗੀ ==ਬਲਕਾਰ ਬਰਾਡ਼

ਸੁਖਜਿੰਦਰ ਮਾਨ

ਬਠਿੰਡਾ, 4 ਸਤੰਬਰ : ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਮੀਨੀ ਪੱਧਰ ‘ਤੇ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਜ਼ਮੀਨੀ ਪੱਧਰ ਤੇ ਵਰਕਰਾਂ ਤੋਂ ਫੀਡਬੈਕ ਲੈ ਕੇ ਝੂੰਦਾਂ ਕਮੇਟੀ ਰਾਹੀਂ ਰਿਪੋਰਟ ਤਿਆਰ ਕੀਤੀ ਗਈ l ਝੂੰਦਾਂ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂਆਂ ਵੱਲੋਂ ਕਈ ਨਵੇਂ ਫ਼ੈਸਲੇ ਲਏ ਗਏ ਹਨ l ਜ਼ਿਲ੍ਹਾ ਜਥੇਬੰਦੀ ਨੇ ਪਾਰਟੀ ਵੱਲੋਂ ਲਏ ਗਏ ਫ਼ੈਸਲੇ ਦਾ ਸੁਆਗਤ ਕਰਦਿਆਂ ਤੁਰੰਤ ਪ੍ਰਭਾਵ ਨਾਲ ਇਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦਾ ਐਲਾਨ ਕੀਤਾ ਹੈ।  ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਅਤੇ ਬਲਕਾਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਲਏ ਗਏ ਫੈਸਲਿਆਂ ਨਾਲ ਪਾਰਟੀ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਮਿਲੇਗੀ l ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਅਤੇ ਮਹਿਲਾਵਾਂ ਨੂੰ ਨੁਮਾਇੰਦਗੀ ਦੇਣ ਲਈ ਕੀਤੇ ਗਏ ਫੈਸਲੇ ਸਵਾਗਤਯੋਗ ਹਨ l ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੀਤੇ ਗਏ ਫੈਸਲਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਮੀਨੀ ਪੱਧਰ ਤੇ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਹਨ l ਉਨ੍ਹਾਂ ਕਿਹਾ ਕਿ ਬੂਥ ਪੱਧਰ ਦੀਆਂ ਕਮੇਟੀਆਂ ਬਣਾ ਕੇ ਸਰਕਲ ਪ੍ਰਧਾਨਾਂ ਦੀ ਚੋਣ ਕੀਤੀ ਜਾਵੇਗੀ l ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਹਮੇਸ਼ਾ ਰਾਖੀ ਕਰਦਾ ਰਹੇਗਾ ਤੇ ਪਾਰਟੀ ਵਿੱਚ ਹਰ ਧਰਮ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ l ਸੂਬੇ ਵਿਚ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦਾ ਅਕਾਲੀ ਦਲ ਹਮੇਸ਼ਾਂ ਹਾਮੀ ਰਿਹਾ ਹੈ l ਲੋਕ ਮੁੱਦਿਆਂ ਬਾਰੇ ਗੱਲ ਕਰਦਿਆਂ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਅਸਫ਼ਲ ਸਾਬਤ ਹੋਈ ਹੈ l ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਹੱਕਾਂ ਲਈ ਕੇਂਦਰ ਸਰਕਾਰ ਅਤੇ ਪੰਜਾਬ ਵਿੱਚ ਆਮ ਲੋਕਾਂ ਦੇ ਮੁੱਦਿਆਂ ਲਈ ਸੂਬਾ ਸਰਕਾਰ ਨਾਲ ਮੱਥਾ ਲਾਉਂਦਾ ਰਹੇਗਾ l ਇਸ ਮੌਕੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਮੋਹਿਤ ਗੁਪਤਾ, ਇਕਬਾਲ ਸਿੰਘ ਬਬਲੀ ਢਿੱਲੋਂ, ਹਰਪਾਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਪੀਰਕੋਟ, ਐਡਵੋਕੇਟ ਰਾਜਵਿੰਦਰ ਸਿੰਘ, ਨਿਰਮਲ ਸਿੰਘ ਸੰਧੂ , ਚਮਕੌਰ ਸਿੰਘ ਮਾਨ , ਅਮਰਜੀਤ ਸਿੰਘ ਜੰਡਾਂਵਾਲਾ, ਦਲਜੀਤ ਸਿੰਘ ਬਰਾੜ, ਮੋਹਨਜੀਤ ਸਿੰਘ ਪੁਰੀ, ਹਰਮੀਤ ਸਿੰਘ ਜੰਡਾਂਵਾਲਾ, ਗਰਦੌਰ ਸਿੰਘ ਸੰਧੂ, ਸਵਰਨ ਸਿੰਘ ਅਕਲੀਆ, ਗੁਰਪ੍ਰੀਤ ਸਿੰਘ ਸੰਧੂ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ l

LEAVE A REPLY

Please enter your comment!
Please enter your name here