ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਕੁਝ ਦਿਨਾਂ ਲਈ ਹੈਲੀਕਾਪਟਰ ’ਤੇ ਝੂਟੇ ਲੈਣੇ ਬੰਦ ਕਰਨ ਅਤੇ ਅਨੁਸੂਚਿਤ ਜਾਤੀ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਤੇ ਨਾਲ ਹੀ ਪਾਰਟੀ ਨੇ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਕਪਾਹ ਦੀ ਫਸਲ ਨਾਲ ਪ੍ਰਭਾਵਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਕਰਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲੱਖਾਂ ਏਕੜ ਵਿਚ ਤਬਾਹ ਹੋਈ ਕਪਾਹ ਦੀ ਫਸਲ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ ’ਤੇ ਬਠਿੰਡਾ ਪਹੁੰਚੇ ਨੁੰ ਇਕ ਹਫਤੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤੁਰੰਤ ਮੁਆਵਜ਼ੇ ਦਾ ਐਲਾਨ ਕੀਤਾ ਸੀ ਪਰ ਕਿਸੇ ਵੀ ਸਿਾਨ ਜਾਂ ਖੇਤ ਮਜ਼ਦੂਰ ਨੂੰ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਹਾਲੇ ਤੱਕ ਕਪਾਹ ਦੀ ਫਸਲ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਕੋਈ ਗਿਰਦਾਵਰੀ ਜਾਂ ਸਰਵੇਖਣ ਨਹੀਂ ਕਰਵਾਇਆ।
ਸ੍ਰੀ ਪਵਨ ਟੀਨੂੰ ਨੇ ਕਿਹਾ ਕਿ ਮਾਲਵਾ ਖਤੇਰ ਤੋਂ ਆ ਰਹੀਆਂ ਰਿਪੋਰਟਾਂ ਤੋਂ ਸੰਕੇਤ ਮਿਲਿਆ ਹੈ ਕਿ ਕਪਾਹ ਦੀ ਫਸਲ ਤਬਾਹ ਹੋਣ ਨਾਲ ਖੇਤ ਮਜ਼ਦੂਰ ਬਹੁਤ ਔਖੇ ਘੜੀ ਵਿਚ ਹਨ ਤੇ ਉਹਨਾਂ ਨੇ ਰੋਜ਼ੀ ਰੋਟੀ ਦਾ ਸਾਧਨ ਵੀ ਗੁਆ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਕੁਝ ਦਿਨ ਆਪਣੇ ਦਫਤਰ ਵਿਚ ਲਗਾਉਣ ਤਾਂ ਜੋ ਖੇਤ ਮਜ਼ਦੂਰਾਂ ਨੁੰ ਉਸੇ ਲੀਹ ’ਤੇ ਮੁਆਵਜ਼ਾ ਦਿੱਤਾ ਜਾ ਸਕੇ ਜਿਵੇਂ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਦਿੱਤਾ ਸੀ ਜਦੋਂ ਕਪਾਹ ਦੀ ਫਸਲ ਤਬਾਹ ਹੋਈ ਸੀ।
ਸ੍ਰੀ ਟੀਨੂੰ ਨੇ ਕਿਹਾ ਕਿ ਸ੍ਰੀ ਚੰਨੀ ਨੇ ਮੁੱਖ ਮੰਤਰੀ ਬਣਨ ਨਾਲ ਅਨੁਸੂਚਿਤ ਜਾਤੀ ਤੇ ਸਮਾਜ ਦੇ ਕਮਜ਼ੋਰ ਵਰਗਾਂ ਵਿਚ ਆਸ ਜਗੀ ਸੀ। ਉਹਨਾਂ ਕਿਹਾ ਕਿ ਅਜਿਹਾ ਮਹਿਸੂਸ ਕੀਤਾ ਗਿਆ ਸੀ ਕ ਨਵਾਂ ਮੁੱਖ ਮੰਤਰੀ ਕਮਜ਼ੋਰ ਵਰਗਾਂ ਲਈ ਸਾਰੀਆਂ ਸਮਾਜ ਪਲਾਈ ਸਕੀਮਾਂ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਵੇਗਾ ਤੇ ਐਸ ਸੀ ਆਬਾਦੀ ਨਾਲ ਹੋਏ ਗੁਨਾਹਾਂ ਦਾ ਇਨਸਾਫ ਦੁਆਏਗਾ। ਉਹਨਾਂ ਕਿਹਾ ਕਿ ਭਾਈਚਾਰੇ ਦੀ ਆਸ ਮੱਠੀ ਪੈ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਸਮੇਤ ਕਿਸੇ ਵੀ ਸਮਾਜ ਭਲਾਈ ਸਕੀਮ ਤਹਿਤ ਰਾਸ਼ੀ ਦੀ ਅਦਾਇਗੀ ਵਿ ਤੇਜ਼ੀ ਨਹੀਂ ਲਿਆਂਦੀ। ਉਹਨਾਂ ਕਿਹਾ ਕਿ ਗਰੀਬੀ ਰੇਖਾਂ ਤੋਂ ਹੇਠਲੇ ਲੱਖਾਂ ਨੀਲੇ ਕਾਰਡਾਂ ਜਿਹਨਾਂ ਨੂੰ ਕਾਂਗਰਸ ਸਰਕਾਰ ਵੇਲੇ ਕੱਟ ਦਿੱਤਾ ਗਿਆ ਸੀ, ਨੁੰ ਵੀ ਬਹਾਲ ਨਹੀਂ ਕੀਤਾ ਗਿਆ।
ਸ੍ਰੀ ਟੀਨੂੰ ਨੈ ਕਿਹਾ ਕਿ ਇਹੀ ਨਹੀਂ ਬਲਕਿ ਐਸ ਸੀ ਭਾਈਚਾਰੇ ਦੇ ਲੋਕਾਂ ਖਾਸ ਤੌਰ ’ਤੇ ਵਿਦਿਆਰਥੀ ਉਹਨਾਂ ਨਾਲ ਨਿਆਂ ਕੀਤੇ ਜਾਣ ਲਈ ਚੰਨੀ ਵੱਲ ਵੇਖ ਰਹੇ ਹਨ। ਉਹਨਾਂ ਕਿਹਾ ਕਿ ਐਸ ਸੀ ਵਿਦਿਆਰਥੀ ਇਹ ਮਹਿਸੂਸ ਕਰਦੇ ਸਨ ਕਿ ਚੰਨੀ 65 ਕਰੋੜ ਰੁਪਏ ਦੇ ਐਸ ਸੀ ਸਕਾਲਰਸ਼ਿਪ ਘੁਟਾਲੇ ਅਤੇ ਗਲਤ ਢੰਗ ਨਾਲ ਕਰੋੜਾਂ ਰੁਪਏ ਆਪਣੀ ਮਰਜ਼ੀ ਨਾਲ ਸੰਸਥਾਵਾਂ ਨੂੰ ਦੇਣ ਦੇ ਮਾਮਲੇ ਵਿਚ ਸਾਬਕਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਉਣਗੇ। ਉਹਨਾਂ ਕਿਹਾ ਕਿ ਅਜਿਹਾ ਨਹੀਂ ਕੀਤਾ ਗਿਆ ਜਿਸ ਕਾਰਨ ਐਸ ਸੀ ਵਿਦਿਆਰਥੀਆਂ ਦਾ ਚੰਨੀ ਦੀ ਲੀਡਰਸ਼ਿਪ ਵਿਚ ਵਿਸ਼ਵਾਸ ਖੁਰ ਗਿਆ ਹੈ।
ਸ੍ਰੀ ਟੀਨੂੰ ਨੇ ਨਵੇਂ ਮੁੱਖ ਮੰਤਰੀ ਨੁੰ ਬੇਨਤੀ ਕੀਤੀ ਕਿ ਉਹ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ ਅਤੇ ਆਪਣੇ ਆਪ ਨੂੰ ਸਿਰਫ ਗਾਂਧੀ ਪਰਿਵਾਰ ਦੀ ਕਠਪੁਤਲੀ ਸਾਬਤ ਨਾ ਹੋਣ ਦੇਣ। ਉਹਨਾਂ ਕਿਹਾ ਕਿ ਹੁਣ ਵੀ ਚੰਨੀ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਦੀ ਥਾਂ ਉੱਤਰ ਪ੍ਰਦੇਸ਼ ਵਿਚ ਪ੍ਰਿਅੰਕਾ ਗਾਂਧੀ ਦਾ ਅਕਸ ਬਣਾਉਣ ਲਈ ਗਾਂਧੀ ਪਰਿਵਾਰ ਦੀ ਯੋਜਨਾ ’ਤੇ ਕੰਮ ਕਰਨ ਵਿਚ ਰੁੱਝੇ ਹੋਏ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨਾਂ ਲਈ ਹੈਲੀਕਾਪਟਰ ਦੇ ਝੂਟੇ ਲੈਣੇ ਬੰਦ ਕਰਨ ਅਤੇ ਆਪਣੇ ਦਫਤਰ ਵਿਚ ਬੈਠ ਕੇ ਪੰਜਾਬੀਆਂ ਦੀ ਬੇਹਤਰੀ ਵਾਸਤੇ ਕੰਮ ਕਰਨ।
Share the post "ਹੈਲੀਕਾਪਟਰ ਦੇ ਝੂਟਿਆਂ ਦੇ ਨਜ਼ਾਰੇ ਲੈਣ ਦੀ ਥਾਂ ਮੁੱਖ ਮੰਤਰੀ ਕਮਜ਼ੋਰ ਵਰਗਾਂ ਦੇ ਮਸਲੇ ਹੱਲ ਕਰਨ : ਅਕਾਲੀ ਦਲ"