ਦਿਹਾਤੀ ’ਚ ਬਲਕਾਰ ਬਰਾੜ ਨੂੰ ਮੁੜ ਜਿੰਮੇਵਾਰੀ ਸੌਪੇ ਜਾਣ ਦੀ ਚਰਚਾ, ਸ਼ਹਿਰ ’ਚ ਅੱਧੀ ਦਰਜ਼ਨ ਬਣੇ ਦਾਅਵੇਦਾਰ
ਸੁਖਜਿੰਦਰ ਮਾਨ
ਬਠਿੰਡਾ, 28 ਮਈ :ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭੰਗ ਕੀਤੇ ਹੋਏ ਢਾਂਚੇ ਨੂੰ ਮੁੜ ਬਹਾਲ ਕਰਨ ਲਈ ਬੀਤੇ ਕੱਲ ਸਥਾਨਕ ਗੁਰਦੁਆਰਾ ਸ਼੍ਰੀ ਹਾਜੀਰਤਨ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਇੱਕ ਵਿਸੇਸ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਬਠਿੰਡਾ ਮਾਮਲਿਆ ਦੇ ਇੰਚਾਰਜ ਵਰਦੇਵ ਸਿੰਘ ਮਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਤੇ ਹੋਰਨਾਂ ਅਹੁੱਦੇਦਾਰਾਂ ਦੀ ਨਿਯੁਕਤੀ ਲਈ ਵਿਚਾਰ-ਵਿਟਾਂਦਰਾ ਕੀਤਾ ਗਿਆ। ਸੂਚਨਾ ਮੁਤਾਬਕ ਬੇਸ਼ੱਕ ਬੇਸ਼ੱਕ ਇੰਨ੍ਹਾਂ ਅਹੁੱਦੇਦਾਰਾਂ ਦੀ ਨਿਯੁਕਤੀ ਲਈ ਸਮੂਹ ਆਗੂਆਂ ਨੇ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਧਿਕਾਰ ਦੇ ਦਿੱਤੇ ਹਨ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦੇ ਨਾਂ ‘ਤੇ ਮੁੜ ਮੋਹਰ ਲੱਗ ਸਕਦੀ ਹੈ ਕਿਉਂਕਿ ਮੌਜੂਦਾ ਹਾਲਾਤਾਂ ’ਚ ਹਾਲੇ ਹੋਰ ਆਗੂ ਇਸ ਅਹੁੱਦੇ ਲਈ ਨਿੱਤਰ ਕੇ ਸਾਹਮਣੇ ਨਹੀਂ ਆ ਰਹੇ ਹਨ। ਹਾਲਾਂਕਿ ਬਠਿੰਡਾ ਸ਼ਹਿਰੀ ਪ੍ਰਧਾਨਗੀ ਲਈ ਕਈ ਉਮੀਦਵਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਜਿੰਨ੍ਹਾਂ ਵਿਚ ਸਾਬਕਾ ਮੇਅਰ ਬਲਵੰਤ ਸਿੰਘ ਬੀੜ ਬਹਿਮਣ ਅਤੇ ਦਲਜੀਤ ਸਿੰਘ ਬਰਾੜ ਦੇ ਨਾਂ ਵੀ ਅੱਗੇ ਕੀਤੇ ਜਾ ਰਹੇ ਹਨ। ਇਸਤੋਂ ਇਲਾਵਾ ਸੀਨੀਅਰ ਆਗੂ ਚਮਕੌਰ ਸਿੰਘ ਮਾਨ, ਬਬਲੀ ਬਰਾੜ ਤੇ ਮੋਹਿਤ ਗੁਪਤਾ ਆਦਿ ਦਾ ਨਾਂ ਵੀ ਪ੍ਰਮੁੱਖ ਤੌਰ ’ਤੇ ਲਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਤੀਨਿਧਤਾ ਕਰਨ ਦੇ ਚੱਲਦੇ ਬਠਿੰਡਾ ਨੂੰ ਬਾਦਲ ਪ੍ਰਵਾਰ ਦਾ ਹਲਕਾ ਮੰਨਿਆਂ ਜਾਂਦਾ ਹੈ, ਜਿਸਦੇ ਚੱਲਦੇ ਇੱਥੇ ਜ਼ਿਲ੍ਹਾ ਪ੍ਰਧਾਨ ਤੇ ਹੋਰਨਾਂ ਵੱਡੇ ਅਹੁੱਦਿਆਂ ’ਤੇ ਜਿਆਦਾਤਰ ਪਸੰਦ ਵੀ ਬਾਦਲ ਜੋੜੀ ਦੀ ਹੀ ਰਹਿੰਦੀ ਹੈ। ਗੌਰਤਲਬ ਹੈ ਕਿ 2022 ਦੀਆਂ ਚੌਣਾਂ ਤੋ ਬਾਅਦ ਸ਼ਰੋਮਣੀ ਅਕਾਲੀ ਦਲ ਵਿਚ ਲੀਡਰਸ਼ਿਪ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਬਣਾਈ ਝੂੰਦਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਦਿਆਂ ਅਕਾਲੀ ਦਲ ਦੇ ਸਮੂਹ ਢਾਂਚੇ ਨੂੰ ਭੰਗ ਕਰ ਦਿਤਾ ਗਿਆ ਸੀ। ਜਿਸਤੋਂ ਬਾਅਦ ਕਈ ਕਮੇਟੀਆਂ ਦਾ ਤਾਂ ਗਠਨ ਕਰ ਦਿੱਤਾ ਗਿਆ ਹੈ ਪ੍ਰੰਤੂ ਹਾਲੇ ਤੱਕ ਜ਼ਿਲ੍ਹਾ ਪੱਧਰ ’ਤੇ ਢਾਂਚਾ ਨਹੀਂ ਬਣਾਇਆ ਗਿਆ। ਇਸੇ ਤਰ੍ਹਾਂ ਯੂਥ ਵਿੰਗ ਦਾ ਢਾਂਚਾ ਵੀ ਮੁੜ ਐਲਾਨਣਾ ਬਾਕੀ ਹੈ। ਇੰਨ੍ਹਾਂ ਨਵੀਆਂ ਨਿਯੁਕਤੀਆਂ ਲਈ ਪਿਛਲੇ ਕੁੱਝ ਮਹੀਨਿਆਂ ਤੋ ਜਿਲ੍ਹਾ ਪੱਧਰੀ ਮੀਟਿੰਗਾਂ ਦੇ ਨਾਲ ਨਾਲ ਸੀਨੀਅਰ ਆਗੂਆਂ ਵੱਲੋ ਵੀ ਪਾਰਟੀ ਪ੍ਰਧਾਨ ਸੁਖੁਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਉਧਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਕੰਦਰ ਮਲੂਕਾ ਅਤੇ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਵਰਕਰਾਂ ਤੋ ਵਿਸਥਾਰ ਪੂਰਵਕ ਜਾਣਕਾਰੀ ਇਕੱਠੀ ਕਰ ਲਈ ਗਈ ਹੈ। ਬਠਿੰਡਾ ਲੋਕ ਸਭਾ ਹਲਕਾ ਤੋ ਬੀਬਾ ਹਰਸਿਮਰਤ ਕੌਰ ਬਾਦਲ ਚੋਣ ਲੜਦੇ ਹਨ ਅਤੇ ਬਾਦਲ ਪਰਿਵਾਰ ਨੇ ਹਮੇਸ਼ਾ ਵਿਕਾਸ ਦੇ ਨਾਲ ਨਾਲ ਹਰ ਪੱਖੋ ਬਠਿੰਡਾ ਨੂੰ ਤਰਜੀਹ ਦਿੱਤੀ ਹੈ। ਜਿਸਦੇ ਚੱਲਦੇ ਵਰਕਰਾਂ ਅਤੇ ਸੀਨੀਅਰ ਆਗੂਆਂ ਦੀ ਆਪਸੀ ਸਹਿਮਤੀ ਤੋ ਬਾਅਦ ਬਠਿੰਡਾ ਜਿਲ੍ਹਾ ਦੇ ਪ੍ਰਧਾਨ ਲਗਾਉਣ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਗਏ ਹਨ। ਮਲੂਕਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋ ਨਿਯੁਕਤ ਕੀਤੇ ਜਾਣ ਵਾਲੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸਮੁੱਚੀ ਜਿਲ੍ਹਾ ਜੱਥੇਬੰਦੀ ਇਕਜੁਟ ਹੋ ਕੇ ਪਾਰਟੀ ਦੀ ਚੜ੍ਹਦੀਕਲਾਂ ਲਈ ਕੰਮ ਕਰੇਗੀ।
Share the post "ਅਕਾਲੀ ਦਲ ਦੀ ਮੀਟਿੰਗ ’ਚ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪੇ"