ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਬਠਿੰਡਾ ਪੱਟੀ ’ਚ ਨਰਮੇ ਦੀ ਅਗੇਤੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਘੇਰ ਲਿਆ ਹੈ। ਸਰੋ ਦੀ ਫ਼ਸਲ ਕੱਟ ਕੇ ਬੀਜ਼ੇ ਨਰਮੇ ਅਤੇ ਅਗੇਤੀ ਫ਼ਸਲ ਉਪਰ ਹੁਣ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ। ਹਾਲਾਕਿ ਭੂਰੀ ਜੂੰਅ ਦਾ ਹਮਲਾ ਵੀ ਕਿਤੇ ਕਿਤੇ ਦੇਖਣ ਨੂੰ ਮਿਲਿਆ ਹੈ ਪ੍ਰੰਤੂ ਸ਼ੁਰੂਆਤੀ ਦੌਰ ’ਚ ਹੀ ਗੁਲਾਬੀ ਸੁੰਡੀ ਦੇ ਪ੍ਰਕੋਪ ਨੇ ਕਿਸਾਨਾਂ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦੇ ਮੱਥੇ ’ਤੇ ਚਿੰਤਾਂ ਦੀਆਂ ਲਕੀਰਾਂ ਲਿਆ ਦਿੱਤੀਆਂ ਹਨ। ਇਸ ਪ੍ਰਕੋਪ ਦੇ ਚੱਲਦਿਆਂ ਹੀ ਕਿਸਾਨਾਂ ਨੇ ‘ਚਿੱਟੇ ਸੋਨੇ’ ਦੀ ਫ਼ਸਲ ਬੀਜਣ ਤੋਂ ਟਾਲਾ ਵੱਟ ਲਿਆ ਹੈ। ਇਹ ਪਹਿਲੀ ਵਾਰ ਹੈ ਕਿ ਨਰਮਾ ਪੱਟੀ ਦਾ ਕਿਸੇ ਸਮੇਂ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਜ਼ਿਲ੍ਹੇ ਵਿਚ ਨਰਮੇ ਦੀ ਬੀਜਾਂਦ 30 ਹਜ਼ਾਰ ਹੈਕਟੇਅਰ ਤੋਂ ਵੀ ਥੱਲੇ ਰਹਿ ਗਈ ਹੈ। ਇਹ ਅੰਕੜਾਂ ਹੁਣ ਤੱਕ ਦਾ ਸਭ ਤੋਂ ਘੱਟ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਕਾਫ਼ੀ ਕੋਸ਼ਿਸਾਂ ਦੇ ਬਾਅਦ ਜਿਲ੍ਹੇ ਵਿਚ 34 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋ ਗਈ ਸੀ ਪ੍ਰੰਤੂ ਪਿਛਲੇ ਸਮੇਂ ਦੌਰਾਨ ਹੋਈਆਂ ਬਾਰਸਾਂ ਕਾਰਨ ਕਾਫ਼ੀ ਸਾਰੀ ਨਰਮੇ ਦੀ ਫ਼ਸਲ ਕਰੰਡ ਹੋ ਗਈ ਹੈ। ਪਿਛਲੇ ਸਾਲ ਬਠਿੰਡਾ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਦੇ ਅਪਣੇ ਅੰਕੜਿਆਂ ਮੁਤਾਬਕ 62 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋਈ ਸੀ ਤੇ ਇਸ ਸਾਲ ਇਹ ਟੀਚਾ ਵਧਾ ਕੇ 80 ਹਜ਼ਾਰ 200 ਹੈਕਟੇਅਰ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿਚ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜਨ ਵਿਚ 60 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਦਾ ਟੀਚਾ ਸੀ ਪ੍ਰੰਤੂ ਹਕੀਕਤ ਵਿਚ ਇਸਤੋਂ ਕਿਤੇ ਘੱਟ ਰਕਬੇ ਵਿਚ ਨਰਮੇ ਦੀ ਫ਼ਸਲ ਬੀਜੀ ਗਈ ਹੈ। ਸੂਚਨਾ ਮੁਤਾਬਕ ਪਿਛਲੇ ਦਿਨੀਂ ਖੇਤੀਬਾੜੀ ਮਾਹਰਾਂ ਵਲੋਂ ਗੁਲਾਬੀ ਸੁੰਡੀ ਪਨਪਣ ਦੀਆਂ ਸੂਚਨਾਵਾਂ ਮਿਲਣ ’ਤੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਸੀ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਦਿਲਬਾਗ ਸਿੰਘ ਹੀਰ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਹੁਣ ਤੱਕ ਦੇ ਸਰਵੇਖਣ ਮੁਤਾਬਕ ਨਰਮੇ ਦੀ ਅਗੇਤੀ ਫ਼ਸਲ ਉਪਰ ਦੋ ਫ਼ੀਸਦੀ ਦੇ ਕਰੀਬ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ। ’’ ਉਨ੍ਹਾਂ ਦਸਿਆ ਕਿ ਇਸ ਹਮਲੇ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਸੁੰਡੀ ਵਾਲੇ ਫੁੱਲਾਂ ਨੂੰ ਤੋੜ ਕੇ ਕਿਤੇ ਦੂਰ ਦੱਬਣ ਦੀ ਸਲਾਹ ਦਿੱਤੀ ਹੈ। ਇਸਤੋਂ ਇਲਾਵਾ ਜਿੰਨ੍ਹਾਂ ਕਿਸਾਨਾਂ ਦੇ ਜਿਆਦਾ ਖੇਤ ਵਿਚ ਨਰਮੇ ਦੀ ਬੀਜਾਂਦ ਕੀਤੀ ਗਈ ਹੈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਮੁਤਾਬਕ ਸਪਰੇਹ ਕਰਨ ਲਈ ਕਿਹਾ ਗਿਆ ਹੈ। ਦਸਣਾ ਬਣਦਾ ਹੈ ਕਿ ਸੂਬੇ ’ਚ ਧਰਤੀ ਹੇਠਲੇ ਘੱਟਦੇ ਪਾਣੀ ਤੇ ਹੋਰ ਅਲਾਮਤਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਖੇਤੀ ਵਿਭਿੰਨਤਾ ’ਤੇ ਜੋਰ ਦਿੱਤਾ ਜਾ ਰਿਹਾ ਹੈ। ਇਸਦੇ ਲਈ ਨਰਮੇ ਦੇ ਬੀਟੀ ਕਾਟਨ ਬੀਜ ਉਪਰ 33 ਫ਼ੀਸਦੀ ਸਬਸਿਡੀ ਅਤੇ ਨਹਿਰੀ ਪਾਣੀ ਦੀ ਲਗਾਤਾਰ ਪਹੁੰਚ ਦੇ ਬਾਵਜੂਦ ‘ਚਿੱਟੇ ਸੋਨੇ’ ਦੇ ਰਕਬੇ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੁੂਰ ਨਹੀਂ ਪਿਆ ਹੈ। ਬਠਿੰਡਾ ਜ਼ਿਲ੍ਹੇ ’ਚ ਬਠਿੰਡਾ, ਸੰਗਤ, ਤਲਵੰਡੀ ਸਾਬੋ ਅਤੇ ਮੋੜ ਬਲਾਕ ਨੂੰ ਨਰਮਾ ਬੈਲਟ ਵਜੋਂ ਜਾਣਿਆਂ ਜਾਂਦਾ ਹੈ ਜਦੋਂਕਿ ਮਾਨਸਾ ਵਿਚ ਸਰਦੂਲਗੜ੍ਹ, ਝੁਨੀਰ ਤੇ ਬੁਢਲਾਡਾ ਵਿਚ ਨਰਮੇ ਦੀ ਖੇਤੀ ਕਿਸੇ ਸਮੇਂ ਕਿਸਾਨਾਂ ਦੀ ਪਹਿਲੀ ਪਸੰਦ ਰਹੀ ਹੈ। ਪ੍ਰੰਤੂ ਹੁਣ ਕਿਸਾਨ ਝੋਨੇ ਵਾਲੇ ਪਾਸੇ ਮੁੜਣ ਲੱਗੇ ਹਨ। ਇਸਦੇ ਲਈ ਊ੍ਹਨਾਂ ਵਲੋਂ ਲੱਖਾਂ ਰੁਪਏ ਖਰਚ ਕਰਕੇ ਸੋਲਰ ਮੋਟਰਾਂ ਵੀ ਲਗਾਈਆਂ ਜਾ ਰਹੀਆਂ ਹਨ। ਖੇਤੀ ਮਾਹਰਾਂ ਮੁਤਾਬਕ ਝੋਨੇ ਦੀਆਂ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਨੇ ਵੀ ਕਿਸਾਨਾਂ ਦਾ ਰੁਝਾਨ ਨਰਮੇ ਵਾਲੇ ਪਾਸਿਓ ਘਟਾਇਆ ਹੈ।
ਬਾਕਸ
ਨਰਮੇ ਦੀ ਫ਼ਸਲ ਉਪਰ ਸੁੰਡੀ ਦੇ ਹਮਲੇ ਦਾ ਇਤਿਹਾਸ
ਬਠਿੰਡਾ: ਸਾਲ 1991-92 ’ਚ ਅਮਰੀਕਨ ਸੁੰਡੀ ਦਾ ਸਭ ਤੋਂ ਪਹਿਲਾਂ ਹਮਲਾ ਹੋਇਆ ਤੇ ਉਸਤੋਂ ਬਾਅਦ ਜਦ ਬੀਟੀ ਕਾਟਨ ਆਇਆ ਤਾਂ ਅਮਰੀਕਨ ਸੁੰਡੀ ’ਤੇ ਕੰਟਰੋਲ ਹੋਇਆ ਪਰ ਤੁਬਾਕੂ ਸੁੰਡੀ ਦਾ ਕਹਿਰ ਵਰਤਣਾ ਸ਼ੁਰੂ ਹੋਇਆ। ਇਸਤੋਂ ਇਲਾਵਾ ਮਿੱਲੀ ਬੱਗ ਨੇ ਵੀ ਇਸ ਫ਼ਸਲ ਨੂੰ ਤਬਾਹ ਕਰਨ ਵਿਚ ਅਪਣਾ ਵੱਡਾ ਯੋਗਦਾਨ ਪਾਇਆ। ਮੁੜ 2015 ਵਿਚ ਚਿੱਟੀ ਮੱਖੀ ਦੇ ਕਹਿਰ ਕਾਰਨ ਕਿਸਾਨਾਂ ਦਾ ਬੁਰੀ ਤਰ੍ਹਾਂ ਲੱਕ ਤੋੜ ਦਿੱਤਾ ਸੀ। ਹਾਲਾਂਕਿ ਉਸਤੋਂ ਬਾਅਦ ਖੇਤੀ ਮਾਹਰਾਂ ਨੇ ਇਸ ਉਪਰ ਕਾਬੂ ਪਾਇਆ ਪਰ 2021 ਵਿਚ ਗੁਲਾਬੀ ਸੁੰਡੀ ਤੇ 2022 ਵਿਚ ਚਿੱਟੀ ਮੱਖੀ ਦੇ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ ਸਨ।
Share the post "ਅਗੇਤੇ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ, ਬੀਜਾਂਦ ਵੀ ਰਿਕਾਰਡ ਹੇਠਲੇ ਪੱਧਰ ’ਤੇ ਪੁੱਜੀ"