15 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਨਹਿਰੀ ਵਿਭਾਗ ਦਾ ਐਸ.ਡੀ.ਓ ਵਿਜੀਲੈਂਸ ਵੱਲੋਂ ਗ੍ਰਿਫਤਾਰ, ਸਬ-ਇੰਸਪੈਕਟਰ ਫ਼ਰਾਰ

0
16
149 Views

ਪੈਸੇ ਲੈਣ ਦੇ ਬਾਅਦ ਵੀ ਕਰ ਦਿੱਤੇ ਪੇਪਰ ਰੱਦ, ਸਿਕਾਇਤ ਤੋਂ ਬਾਅਦ ਹੋਈ ਕਾਰਵਾਈ
ਫ਼ਿਰੋਜਪੁਰ, 21 ਨਵੰਬਰ: ਵਿਜੀਲੈਂਸ ਬਿਉਰੋ ਨੇ ਨਹਿਰੀ ਵਿਭਾਗ ਫਿਰੋਜ਼ਪੁਰ ਦੇ ਐਸ.ਡੀ.ਓ ਗੁਲਾਬ ਸਿੰਘ ਅਤੇ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਦਵਿੰਦਰ ਸਿੰਘ ਖਿਲਾਫ 15,00,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਦੇ ਮੁੱਖ ਮੁਲਜ਼ਮ ਐਸ.ਡੀ.ਓ ਗੁਲਾਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਦੂਸਰੇ ਮੁਲਜ਼ਮ ਦੀ ਤਲਾਸ਼ ਕਰ ਰਹੀਆਂ ਹਨ। ਇਸ ਮਾਮਲੇ ਵਿੱਚ ਦੋਵੇਂ ਮੁਲਜ਼ਮ ਹਾਲ ਹੀ ਦੌਰਾਨ ਹੋਈਆਂ ਪੰਚਾਇਤ ਚੋਣਾਂ ਵੇਲੇ ਕ੍ਰਮਵਾਰ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਵਜੋਂ ਤਾਇਨਾਤ ਸਨ, ਜਿਨ੍ਹਾਂ ਨੇ ਇਕ ਸਰਪੰਚੀ ਦੇ ਉਮੀਦਵਾਰ ਤੋਂ ਇਹ ਰਿਸ਼ਵਤ ਲਈ ਸੀ।

ਇਹ ਵੀ ਪੜ੍ਹੋ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਰ ਸਖ਼ਤੀ;ਹੁਣ ਚੱਲਦੀ ਪੜਾਈ ’ਚ ਕਾਲਜ਼ ਨਹੀਂ ਬਦਲ ਸਕਣਗੇ ਵਿਦਿਆਰਥੀ

ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਫਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਘੱਲ ਖੁਰਦ ਦੇ ਪਿੰਡ ਮਾਨਾ ਸਿੰਘ ਵਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਵਲੋਂ ਮੁੱਖ ਮੰਤਰੀ ਦੀ ਐਂਟੀ-ਕਰੱਪਸ਼ਨ ਐਕਸ਼ਨ ਲਾਈਨ ’ਤੇ ਦਰਜ ਕੀਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ-2024 ਵਿੱਚ ਸਰਪੰਚ ਦੇ ਪਦ ਲਈ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ। ਸ਼ਿਕਾਇਤ ਅਨੁਸਾਰ, ਘੱਲ ਖੁਰਦ ਬਲਾਕ ਵਿੱਚ ਰਿਟਰਨਿੰਗ ਅਫਸਰ ਵਜੋਂ ਤਾਇਨਾਤ ਐਸ.ਡੀ.ਓ ਗੁਲਾਬ ਸਿੰਘ ਨੇ 04.10.2024 ਨੂੰ ਉਕਤ ਸਬ-ਇੰਸਪੈਕਟਰ ਦਵਿੰਦਰ ਸਿੰਘ ਸਹਾਇਕ ਰਿਟਰਨਿੰਗ ਅਫਸਰ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,00,000 ਰੁਪਏ ਰਿਸ਼ਵਤ ਵਜੋਂ ਮੰਗੀ ਅਤੇ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫ਼ਸਰ ਨੌਕਰੀ ਤੋਂ ਬਰਖ਼ਾਸਤ

ਇਸ ਤੋਂ ਇਲਾਵਾ, 05.10.2024 ਨੂੰ ਗੁਲਾਬ ਸਿੰਘ ਵੱਲੋਂ ਇਕ ਅਣਪਛਾਤੇ ਵਿਅਕਤੀ ਨੇ ਬਾਗੀ ਰੋਡ ਫਿਰੋਜ਼ਪੁਰ ਨੇੜੇ ਪੈਟਰੋਲ ਪੰਪ ’ਤੇ 5,00,000 ਰੁਪਏ ਹੋਰ ਲੈ ਲਏ।ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਰਿਸ਼ਵਤ ਦੇ ਬਾਵਜੂਦ ਉਸਦੇ ਸਰਪੰਚੀ ਦੇ ਕਾਗਜ਼ 06.10.2024 ਨੂੰ ਰੱਦ ਕਰ ਦਿੱਤੇ ਗਏ। ਬਾਅਦ ਵਿੱਚ, ਉਪਰੋਕਤ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਐਸ.ਡੀ.ਓ ਗੁਲਾਬ ਸਿੰਘ ਨਾਲ ਪੈਸੇ ਵਾਪਸ ਕਰਨ ਸਬੰਧੀ ਗੱਲ ਕੀਤੀ। ਇਹ ਗੱਲਬਾਤ ਦਵਿੰਦਰ ਸਿੰਘ ਨੇ ਆਪਣੇ ਮੋਬਾਈਲ ’ਤੇ ਰਿਕਾਰਡ ਕਰਕੇ ਸ਼ਿਕਾਇਤਕਰਤਾ ਨੂੰ ਭੇਜ ਦਿੱਤੀ ਜਿਸ ਨੂੰ ਉਸਨੇ ਵਿਜੀਲੈਂਸ ਬਿਊਰੋ ਨੂੰ ਬਤੌਰ ਸਬੂਤ ਵਜੋਂ ਸੌਂਪ ਦਿੱਤਾ।ਬੁਲਾਰੇ ਨੇ ਦੱਸਿਆ ਕਿ ਰਿਕਾਰਡਿੰਗ ’ਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਗੁਲਾਬ ਸਿੰਘ ਅਤੇ ਦਵਿੰਦਰ ਸਿੰਘ ਨੇ ਮਿਲੀਭੁਗਤ ਕਰਕੇ ਸ਼ਿਕਾਇਤਕਰਤਾ ਤੋਂ ਇਹ ਰਿਸ਼ਵਤ ਦੀ ਰਕਮ ਲੈਣ ਦੀ ਸਾਜ਼ਿਸ਼ ਕੀਤੀ ਸੀ।ਉਨ੍ਹਾਂ ਕਿਹਾ ਕਿ ਇਸ ਪੜਤਾਲ ਦੇ ਆਧਾਰ ’ਤੇ ਦੋਵੇਂ ਮੁਲਜ਼ਮਾਂ, ਗੁਲਾਬ ਸਿੰਘ ਐਸ.ਡੀ.ਓ ਅਤੇ ਦਵਿੰਦਰ ਸਿੰਘ ਸਬ-ਇੰਸਪੈਕਟਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

 

LEAVE A REPLY

Please enter your comment!
Please enter your name here