ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਜਿਲ੍ਹਾ ਖਪਤਕਾਰ ਕਮਿਸ਼ਨ ਵਲੋਂ ਇੱਕ ਮਹੱਤਵਪੂਰਨ ਫ਼ੈਸਲੇ ਵਿਚ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਵਿੱਚ ਆਮ ਜਨਤਾ ਵਲੋਂ ਜਮਾ ਕਰਵਾਏ ਗਏ 3,13,372 ਰੁਪਏ ਵਿਆਜ ਸਮੇਤ 45 ਦਿਨਾਂ ’ਚ ਵਾਪਸ ਕਰਨ ਅਤੇ 20,000/- ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਕੀਲ ਰਾਮ ਮਨੋਹਰ ਨੇ ਦੱਸਿਆ ਕਿ ਗੋਨਿਆਣਾ ਮੰਡੀ ਦੇ ਵਸਨੀਕ ਯੋਗੇਸ਼ ਕੁਮਾਰ ਵਰਮਾ ਵੱਲੋਂ 1,87,264 ਰੁਪਏ, ਪਵਨ ਕੁਮਾਰ ਵੱਲੋਂ 33,750 ਰੁਪਏ, ਸੁਨੀਤਾ ਰਾਣੀ ਵੱਲੋਂ 6400 ਰੁਪਏ ਅਤੇ ਮੁਕੇਸ਼ ਕੁਮਾਰ ਵੱਲੋਂ 39,950 ਰੁਪਏ ਸਮੇਂ ਸਮੇਂ ਤੇ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਵਿੱਚ ਜਮਾ ਕਰਵਾਏ ਗਏ ਸਨ, ਕੰਪਨੀ ਵੱਲੋਂ ਦਿੱਤਾ ਗਿਆ ਸਮਾਂ ਪੂਰਾ ਹੋ ਜਾਣ ’ਤੇ ਪੀੜਤ ਵਿਅਕਤੀਆਂ ਵੱਲੋਂ ਜਮਾ ਕਰਵਾਈ ਗਈ ਰਕਮ ਨੂੰ ਵਾਪਿਸ ਲੈਣ ਲਈ ਅਨੇਕਾ ਵਾਰ ਕੰਪਨੀ ਦੇ ਦਫਤਰਾ ਦੇ ਚੱਕਰ ਕੱਟੇ ਗਏ, ਪਰ ਕੰਪਨੀ ਦੇ ਕਿਸੇ ਵੀ ਅਧਿਕਾਰੀ ਨੇ ਉਹਨਾ ਦੀ ਕਿਸੇ ਵੀ ਗੱਲ ਉੱਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਅਤੇ ਨਾ ਹੀ ਉਹਨਾ ਦੀ ਰਕਮ ਵਾਪਿਸ ਕੀਤੀ। ਸਾਲ 2022 ਦੌਰਾਨ ਉਕਤ ਵਿਅਕਤੀਆਂ ਵੱਲੋਂ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦਾ ਦਰਵਾਜਾ ਖੜਕਾਇਆ ਗਿਆ ਅਤੇ ਉਹਨਾ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਪ੍ਰਧਾਨ ਲਲਿਤ ਮੋਹਨ ਡੋਗਰਾ ਅਤੇ ਮੈਂਬਰ ਸ਼ਿਵਦੇਵ ਸਿੰਘ ਨੇ ਉਕਤ ਚਾਰ ਵੱਖ-ਵੱਖ ਸ਼ਿਕਾਇਤਾ ਦਾ ਨਿਪਟਾਰਾ ਕਰਦੇ ਹੋਏ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਨੂੰ ਇਹ ਹੁਕਮ ਸੁਣਾਇਆ ਹੈ।
Share the post "ਅਦਾਲਤ ਨੇ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਨੂੰ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ"