ਮਿਆਰੀ ਸਿੱਖਿਆ ਦੇ ਟੀਚੇ ਦੀ ਪੂਰਤੀ ਲਈ ਪ੍ਰਮਾਣਿਕ ਨਤੀਜਿਆਂ ਨੂੰ ਲੈ ਕੇ ਅੱਗੇ ਵਧਿਆ ਜਾਵੇਗਾ
ਸਿੱਖਿਆ ‘ਤੇ ਸੰਵਾਦ ਵਿਸ਼ੇ ਉਤੇ ਬੋਲਦਿਆਂ ਮੀਤ ਹੇਅਰ ਨੇ ਸਿੱਖਿਆ ਤੇ ਖੇਡ ਵਿਭਾਗ ਦਾ ਰੋਡਮੈਪ ਸਾਂਝਾ ਕੀਤਾ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਈ: ਪੰਜਾਬ ਨੂੰ ਸਿੱਖਿਆ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮਿਆਰੀ ਸਿੱਖਿਆ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਧਿਆਪਕਾਂ ਤੇ ਬੱਚਿਆਂ ਸਿਰੋਂ ਫਰਜ਼ੀ ਨਤੀਜਿਆਂ ਦਾ ਬੋਝ ਘਟਾਇਆ ਜਾਵੇਗਾ ਅਤੇ ਸਿਰਫ ਪ੍ਰਮਾਣਿਕ ਨਤੀਜੇ ਹੀ ਅੱਗੇ ਲੈ ਕੇ ਜਾਏ ਜਾਣਗੇ। ਇਹ ਗੱਲ ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਕ ਨਿੱਜੀ ਚੈਨਲ ਵੱਲੋਂ ‘ਸਿੱਖਿਆ ‘ਤੇ ਸੰਵਾਦ’ ਵਿਸ਼ੇ ਉਤੇ ਕਰਵਾਏ ਪ੍ਰੋਗਰਾਮ ਦੌਰਾਨ ਬੋਲਦਿਆਂ ਕਹੀ।
ਸਿੱਖਿਆ ਤੇ ਖੇਡ ਵਿਭਾਗ ਦਾ ਰੋਡਮੈਪ ਸਾਂਝਾ ਕਰਦਿਆਂ ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਲੋਕਾਂ ਨੂੰ ਆਸ ਜਾਗੀ ਕਿ ਸਿੱਖਿਆ ਖੇਤਰ ਨੂੰ ਤਰਜੀਹ ਮਿਲੇਗੀ। ਸਿੱਖਿਆ ਖੇਤਰ ਵਿੱਚ ਸੁਧਾਰਾਂ ਲਈ ਕਾਰਗਾਰ ਨੀਤੀ ਬਣਾਉਣ ਲਈ ਹੇਠਲੇ ਪੱਧਰ ‘ਤੇ ਸਕੂਲਾਂ ਦੇ ਦੌਰੇ ਕਰਕੇ ਅਧਿਆਪਕਾਂ, ਵਿਦਿਆਰਥੀਆਂ ਇਥੋਂ ਤੱਕ ਕਿ ਦਰਜਾ ਚਾਰ ਕਰਮਚਾਰੀਆਂ ਤੋਂ ਵੀ ਫੀਡਬੈਕ ਹਾਸਲ ਕੀਤੀ ਜਾ ਰਹੀ ਹੈ। ਇਸੇ ਫੀਡਬੈਕ ਤੋਂ ਪਤਾ ਲੱਗਿਆ ਕਿ ਆਨਲਾਈਨ ਕਲਾਸਾਂ ਨੇ ਸਿੱਖਿਆ ਉਤੇ ਬਹੁਤ ਮਾੜਾ ਅਸਰ ਪਾਇਆ ਕਿਉਂਕਿ ਵਿਦਿਆਰਥੀਆਂ ਕੋਲ ਸਮਾਰਟ ਫੋਨ ਹੀ ਨਹੀਂ ਸੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਹਿਲੇ ਨੰਬਰ ਉਤੇ ਆਉਣ ਦੀ ਹੋੜ ਨੇ ਬੇਸਲਾਈਨ ਨਤੀਜੇ ਫਰਜ਼ੀ ਤੌਰ ‘ਤੇ ਬਿਹਤਰ ਦਿਖਾਉਣ ਕਰਕੇ ਸਿੱਖਿਆ ਉਤੇ ਮਾੜਾ ਅਸਰ ਪਾਇਆ। ਸਕੂਲਾਂ ਦੇ ਦੌਰਿਆਂ ਸਮੇਂ ਖੁਦ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸਿੱਖਿਆ ਦੇ ਮਾੜੇ ਪੱਧਰ ਦਾ ਪਤਾ ਲੱਗਿਆ। ਸਾਡੀਆਂ ਪਿਛਲੀਆਂ ਸਰਕਾਰਾਂ ਵੱਲੋਂ ਬੁਨਿਆਦੀ ਸਹੂਲਤਾਂ ਖਾਸ ਕਰਕੇ ਦਰਜਾ ਚਾਰ ਕਰਮਚਾਰੀ ਤੱਕ ਵੀ ਨਹੀਂ ਦਿੱਤੇ ਗਏ ਪਰ ਸਕੂਲਾਂ ਉਤੇ ਬਿਹਤਰ ਨਤੀਜੇ ਦਿਖਾਉਣ ਲਈ ਫਰਜ਼ੀ ਬੇਸ ਲਾਈਨ ਨਤੀਜੇ ਤਿਆਰ ਕਰ ਕੇ ਚੰਗੇ ਦਿਖਾਉਣ ਲਈ ਆਖਿਆ ਗਿਆ ਜਿਸ ਲਈ ਮਿੱਥ ਕੇ ਤਰੀਕੇ ਨਾਲ ਨਕਲ ਕਰਵਾਈ ਜਾਂਦੀ ਰਹੀ। ਇਹੋ ਕਾਰਨ ਹੈ ਕਿ ਸਾਡੇ ਸਭ ਤੋਂ ਕਾਬਲ ਅਤੇ ਯੋਗ ਅਧਿਆਪਕ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦਾ ਸਿਸਟਮ ਮਾੜਾ ਹੈ। ਹਾਲਾਂਕਿ ਕਈ ਸਰਕਾਰੀ ਸਕੂਲ ਆਪਣੇ ਬਲਬੂਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ। ਉਨ੍ਹਾਂ ਸਰਹੱਦੀ ਜ਼ਿਲੇ ਫਾਜ਼ਿਲਕਾ ਦੇ ਇਕ ਸਕੂਲ ਦੀ ਉਦਾਹਰਨ ਵੀ ਦਿੱਤੀ। ਕਈ ਸਕੂਲਾਂ ਵਿੱਚ ਬੱਚਿਆਂ ਦੇ ਬਿਹਤਰ ਨਤੀਜੇ ਵੀ ਵੇਖੇ। ਇਹ ਸਕੂਲ ਬਿਨਾਂ ਸਰਕਾਰੀ ਮੱਦਦ ਉਤੇ ਆੁਪਣੇ ਬਲਬੂਤੇ ਵਧੀਆ ਚੱਲ ਰਹੇ ਹਨ।
ਸ੍ਰੀ ਮੀਤ ਹੇਅਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਅਤੇ ਭਵਿੱਖੀ ਸਮੇਂ ਦੀ ਲੋੜ ਮੁਤਾਬਕ ਅਤੇ ਉਦਯੋਗਾਂ ਦੀ ਮੰਗ ਅਨੁਸਾਰ ਸਿਲੇਬਸ ਤਿਆਰ ਕਰਨ ਦੀ ਲੋੜ ਹੈ, ਖਾਸ ਕਰਕੇ ਭੂਗੋਲਿਕ ਖਿੱਤੇ ਦੀਆਂ ਮੰਗਾਂ ਅਨੁਸਾਰ ਪ੍ਰੈਕਟੀਕਲ ਸਿਲੇਬਸ ਦੀ ਜ਼ਰੂਰਤ ਹੈ ਅਤੇ ਇਸ ਉਪਰ ਹੁਣ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਨਾਲ ਹੀ ਨੀਤੀਆਂ ਬਣਾ ਰਹੇ ਹਾਂ। ਸਰਕਾਰੀ ਨੌਕਰੀਆਂ ਦੇ ਯੋਗ ਬਣਾਉਣ ਲਈ ਵਿਦਿਆਰਥੀ ਤਿਆਰ ਕਰਨ ਤੋਂ ਇਲਾਵਾ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕਰਨ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਨਾਮਣਾ ਖੱਟਣ ਵਾਲੇ ਨੌਜਵਾਨਾਂ ਨੂੰ ਉਹ ਨਿੱਜੀ ਤੌਰ ‘ਤੇ ਹੱਲਾਸ਼ੇਰੀ ਦੇਣ ਲਈ ਮਿਲਣਗੇ ਤਾਂ ਜੋ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਸਕਣਗੇ।
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬ ਪਹਿਲੇ ਤੋਂ 17ਵੇਂ-18ਵੇਂ ਨੰਬਰ ‘ਤੇ ਖਿਸਕ ਗਿਆ। ਸਿੱਖਿਆ ਦੇ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਕ੍ਰਾਂਤੀ ਲਿਆਉਣ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ ਜਿਸ ਦੇ ਪੰਜ ਸਾਲਾਂ ਅੰਦਰ ਚੰਗੇ ਨਤੀਜੇ ਸਾਹਮਣੇ ਆਉਣਗੇ। ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕੀਤੀ ਜਾਵੇਗੀ।
Share the post "ਅਧਿਆਪਕਾਂ ਤੇ ਬੱਚਿਆਂ ਸਿਰੋਂ ਫਰਜ਼ੀ ਨਤੀਜਿਆਂ ਦਾ ਬੋਝ ਘਟਾਇਆ ਜਾਵੇਗਾ: ਮੀਤ ਹੇਅਰ"