ਠੰਢ ਦੇ ਮੌਸਮ ’ਚ ਦੂਰ-ਦੁਰਾਡੇ ਤੋਂ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਹੋਣਾ ਪਿਆ ਖੱਜਲਖੁਆਰ
ਪੂਰਾ ਹਫ਼ਤਾ ਛੁੱਟੀ ਵਾਲਾ ਰਹੇਗਾ ਮਾਹੌਲ
ਸੁਖਜਿੰਦਰ ਮਾਨ
ਬਠਿੰਡਾ, 9 ਜਨਵਰੀ : ਵਿਜੀਲੈਂਸ ਵਲੋਂ ਆਈ.ਏ.ਐਸ ਅਤੇ ਪੀ.ਸੀ.ਐਸ ਅਫ਼ਸਰਾਂ ਵਿਰੁਧ ਕਥਿਤ ਭ੍ਰਿਸਟਾਚਾਰ ਦੇ ਦੋਸ਼ਾਂ ਹੇਠ ਕੀਤੀ ਕਾਰਵਾਈ ਸਰਕਾਰ ਨੂੰ ਭਾਰੀ ਪੈਂਦੀ ਜਾਪ ਰਹੀ ਹੈ। ਆਰਟੀਏ ਲੁਧਿਆਣਾ ਨਰਿੰਦਰ ਸਿੰਘ ਅਤੇ ਆਈਏਐਸ ਨੀਲਿਮਾ ਨੂੰ ਗ੍ਰਿਫਤਾਰ ਕਰਨ ਦੇ ਵਿਰੁਧ ਬੀਤੇ ਕੱਲ ਪੀਸੀਐਸ ਅਫ਼ਸਰਾਂ ਵਲੋਂ ਹਫ਼ਤਾਭਰ ਲਈ ਸਮੂਹਿਕ ਛੁੱਟੀ ਲੈਣ ਦੇ ਫੈਸਲੇ ਤੋਂ ਬਾਅਦ ਅੱਜ ਦੋ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲੇ ਸਰਕਾਰੀ ਦਫ਼ਤਰਾਂ ਵਿਚ ਸੁੰਨ-ਸਰਾਂ ਪਸਰੀ ਰਹੀ। ਗੌਰਤਲਬ ਹੈ ਕਿ ਪੀਸੀਐਸ ਦੀ ਹਿਮਾਇਤ ਵਿਚ ਹੀ ਮਾਲ ਅਫ਼ਸਰ ਐਸੋਸੀਏਸ਼ਨ ਅਤੇ ਜ਼ਿਲ੍ਹਾ ਦਫ਼ਤਰ ਮੁਲਾਜਮ ਯੂਨੀਅਨ ਵੀ ਸ਼ਾਮਲ ਹੋ ਗਈ ਹੈ ਤੇ ਉਨ੍ਹਾਂ ਵਲੋਂ ਵੀ ਪੰਜ ਦਿਨਾਂ ਦੀ ਸਮੂਹਿਕ ਛੁੱਟੀ ਲੈ ਲਈ ਗਈ ਹੈ। ਜਿਸਤੋਂ ਬਾਅਦ ਸਥਾਨਕ ਮਿੰਨੀ ਸਕੱਤਰੇਤ ਦੇ ਜਿਆਦਾਤਰ ਦਫ਼ਤਰਾਂ ਵਿਚ ਜਿੰਦਰੇ ਲੱਗੇ ਨਜ਼ਰ ਆਏ। ਇਸ ਦੌਰਾਨ ਰਜਿਸਟਰੀਆਂ ਤੋਂ ਲੈ ਕੇ ਸਰਟੀਫਿਕੇਟਾਂ, ਆਰਮਜ਼ ਲਾਇਸੈਂਸਾਂ, ਤਹਿਸੀਲਦਾਰਾਂ, ਐਸ.ਡੀ.ਐਮਜ਼ ਅਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਚ ਲੱਗਣ ਵਾਲੀਆਂ ਅਦਾਲਤਾਂ ਦਾ ਕੰਮਕਾਜ਼ ਵੀ ਠੱਪ ਰਿਹਾ। ਠੰਢ ਦੇ ਇਸ ਮੌਸਮ ਵਿਚ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਮੁਲਾਜਮ ਨਾ ਮਿਲਣ ਕਾਰਨ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਆਰਟੀਏ ਦਫ਼ਤਰ ਵਿਚ ਪੁੱਜੇ ਮਾਨਸਾ ਤੋਂ ਇੱਕ ਟ੍ਰਾਂਸਪੋਟਰ ਨੇ ਦਸਿਆ ਕਿ ਮੁਲਾਜਮਾਂ ਤੇ ਅਧਿਕਾਰੀਆਂ ਦੇ ਛੁੱਟੀ ’ਤੇ ਚਲੇ ਜਾਣ ਕਾਰਨ ਸਾਰੇ ਕੰਮ ਰੁਕ ਗਏ ਹਨ। ਤਹਿਸੀਲ ਦਫ਼ਤਰਾਂ ਵਿਚ ਵੀ ਛੁੱਟੀ ਲਏ ਜਾਣ ਕਾਰਨ ਰਜਿਸਟਰੀਆਂ ਦਾ ਕੰਮ ਵੀ ਬੰਦ ਰਿਹਾ। ਹਾਲਾਂਕਿ ਸੁਵਿਧਾ ਕੇਂਦਰ ਖੁੱਲੇ ਰਹੇ ਪ੍ਰੰਤੂ ਅਗਲੀ ਕਾਰਵਾਈ ਜੋਕਿ ਤਹਿਸੀਲਦਾਰਾਂ ਅਤੇ ਹੋਰਨਾਂ ਉਚ ਅਧਿਕਾਰੀਆਂ ਵਲੋਂ ਕੀਤੀ ਜਾਣੀ ਹੁੰਦੀ ਹੈ, ਉਹ ਵੀ ਨਾ ਹੋ ਸਕੀ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਦਸਤਾਵੇਜ਼ਾਂ ਤੋਂ ਖ਼ਾਲੀ ਮੁੜਣਾ ਪਿਆ। ਮਨਿਸਟਰੀਅਲ ਮੁਲਾਜਮ ਯੂਨੀਅਨ ਦੇ ਸੂਬਾਈ ਆਗੂ ਮੇਘ ਸਿੰਘ ਧਾਲੀਵਾਲ ਨੇ ਮੁਲਾਜਮਾਂ ਤੇ ਅਧਿਕਾਰੀਆਂ ਵਲੋਂ ਇਸ ਫੈਸਲੇ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਧੱਕੇਸ਼ਾਹੀ ਕਾਰਨ ਅਫ਼ਸਰਾਂ ਅਤੇ ਮੁਲਾਜਮਾਂ ਵਿਚਕਾਰ ਦਹਿਸ਼ਤ ਦਾ ਮਾਹੌਲ ਹੈ। ਮੁਲਾਜਮ ਆਗੂ ਨੇ ਕਿਹਾ ਕਿ ਉਹ ਭ੍ਰਿਸਟਾਚਾਰ ਵਿਰੋਧੀ ਮੁਹਿਮ ਵਿਚ ਸਰਕਾਰ ਦੇ ਨਾਲ ਹਨ ਪ੍ਰੰਤੂ ਜਿਸ ਵਿਰੁਧ ਕਾਰਵਾਈ ਕੀਤੀ ਜਾਂਦੀ ਹੈ, ਉਹ ਨਿਯਮਾਂ ਤਹਿਤ ਹੋਵੇ।
Share the post "ਅਧਿਕਾਰੀਆਂ ਤੇ ਮੁਲਾਜਮਾਂ ਦੀ ਹੜਤਾਲ, ਬਠਿੰਡਾ ਦੇ ਮਿੰਨੀ ਸਕੱਤਰੇਤ ’ਚ ਚੁੱਪ ਪਸਰੀ ਰਹੀ"