ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ : ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸਫ਼ਾਈ ਕਾਮਿਆਂ ਨੇ ਅੱਜ ਮੁੜ ਨਗਰ ਨਿਗਮ ਪ੍ਰਬੰਧਕਾਂ ਵਿਰੁਧ ਮੋਰਚਾ ਖੋਲ ਦਿੱਤਾ ਹੈ। ਸਥਾਨਕ ਨਿਗਮ ਦਫ਼ਤਰ ਅੱਗੇ ਸਫ਼ਾਈ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ’ਤੇ ਪੈਣ ਵਾਲੇ ਅਸਰ ਲਈ ਨਿਗਮ ਅਧਿਕਾਰੀ ਜਿੰਮੇਵਾਰ ਹੋਣਗੇ। ਇੱਥੇ ਜਾਰੀ ਇੱਕ ਬਿਆਨ ਵਿਚ ਯੂਨੀਅਨ ਦੇ ਪ੍ਰਧਾਨ ਵਿਕਰਮ ਵਿੱਕੀ ਨੇ ਦਸਿਆ ਕਿ ਬਠਿੰਡਾ ਸ਼ਹਿਰ ’ਚ ਵਧਦੀ ਆਬਾਦੀ ਦੇ ਅਨੁਪਾਤ ਮੁਤਾਬਕ ਨਵੇਂ ਸਫ਼ਾਈ ਕਾਮੇ ਭਰਤੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਨੂੰ ਲੈ ਕੇ ਕਈ ਵਾਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ। ਯੂਨੀਅਨ ਦੇ ਆਗੂਆਂ ਸ਼ੇਖਰ, ਰਾਮ ਸਿੰਘ, ਸੁਖਦੇਵ ਸਿੰਘ, ਵਜਿੰਦਰ ਨਾਥ, ਲਕਸ਼ਮਣ ਕੁਮਾਰ,ਨਾਨਕ ਚੰਦ, ਮਨੋਜ, ਵਿਨੋਦ ਕੁਮਾਰ, ਜਗਦੀਸ਼ ਕੁਮਾਰ, ਫਕੀਰ ਚੰਦ, ਸੋਨੂੰ ਕਾਂਗੜਾ ਆਦਿ ਨੇ ਦਸਿਆ ਕਿ ਉਕਤ ਮੰਗਾਂ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੀ ਵਰਦੀ ਭੱਤੇ ਨੂੰ ਦੁੱਗਣਾ ਕਰਨ, ਸਫ਼ਾਈ ਕਾਮਿਆਂ ਨੂੰ ਮੈਡੀਕਲ ਸਹੂਲਤ ਦੇਣ, 322 ਸਫ਼ਾਈ ਸੇਵਕਾਂ ਦੀ ਭਰਤੀ ਰੋਕਣ ਤੇ ਮਿ੍ਰਤਕ ਕਾਮਿਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ ਤੋਂ ਨਿਗਮ ਵਲੋਂ ਟਾਲਮਟੋਲ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਨਿਯਮਾਂ ਤਹਿਤ ਸਫ਼ਾਈ ਯੂਨੀਅਨ ਵਲੋਂ ਤਿੰਨ ਦਿਨ ਪਹਿਲਾਂ ਨਿਗਮ ਕਮਿਸ਼ਨ ਨੂੰ ਹੜਤਾਲ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਉਧਰ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਅੱਜ ਸ਼ਹਿਰ ਵਿਚ ਸਫ਼ਾਈ ਨਹੀਂ ਹੋ ਸਕੀ।
ਅਪਣੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਕਾਮਿਆਂ ਨੇ ਨਿਗਮ ਵਿਰੁਧ ਖੋਲਿਆ ਮੋਰਚਾ
7 Views