ਜ਼ੀਰਾ ਸ਼ਰਾਬ ਫੈਕਟਰੀ ਦੇ ਗਹਿਰੇ ਪ੍ਰਦੂਸ਼ਣ ਨਾਲ ਅਨੇਕਾਂ ਮਨੁੱਖਾਂ ਤੇ ਪਸ਼ੂਆਂ ਦੀਆਂ ਜਾਨਾਂ ਜਾ ਰਹੀਆਂ ਅਤੇ ਫ਼ਸਲਾਂ ਦਾ ਹੋ ਰਿਹਾ ਭਾਰੀ ਨੁਕਸਾਨ: ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ 21 ਦਸੰਬਰ: ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਵਿਰੁੱਧ ਧਰਨੇ ਨੂੰ ਗੈਰ ਕਾਨੂੰਨੀ ਕਹਿਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਸਬੰਧੀ ਇੱਥੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਹੈ ਕਿ ਇਸ ਫੈਕਟਰੀ ਦੇ ਪ੍ਰਦੂਸ਼ਣ ਨੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਕੈਂਸਰ ਵਰਗੇ ਭਿਆਨਕ ਰੋਗਾਂ ਨਾਲ ਭਾਰੀ ਗਿਣਤੀ ਵਿੱਚ ਮਨੁੱਖਾਂ ਅਤੇ ਪਸ਼ੂਆਂ ਦੀਆਂ ਜਾਨਾਂ ਨਿਗਲ਼ ਲਈਆਂ ਹਨ ਅਤੇ ਫ਼ਸਲਾਂ ਦੇ ਝਾੜ ਘਟਾਏ ਹਨ। ਜੇਕਰ ਸਰਕਾਰ ਨੂੰ ਲੋਕਾਂ ਨਾਲ਼ ਭੋਰਾ ਵੀ ਹਮਦਰਦੀ ਹੁੰਦੀ ਅਤੇ ਉਹ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਾਉਂਦੀ ਤਾਂ ਅਸਲੀਅਤ ਸਾਹਮਣੇ ਆ ਜਾਂਦੀ। ਪ੍ਰੰਤੂ ਫੈਕਟਰੀ ਮਾਲਕ ਨੇ ਭ੍ਰਿਸ਼ਟ ਅਫ਼ਸਰਸ਼ਾਹੀ ਜ਼ਰ੍ਹੀਏ ਜਾਹਲੀ ਰਿਪੋਰਟਾਂ ਹਾਈ ਕੋਰਟ ਵਿੱਚ ਪੇਸ਼ ਕਰਕੇ ਪਹਿਲਾਂ ਵੀਹ ਕ੍ਰੋੜ ਮੁਆਵਜ਼ੇ ਦੇ ਹੁਕਮ ਜਾਰੀ ਕਰਵਾਏ ਜਿਹੜਾ ਦੇਣ ਵਿੱਚ ਪੂਰੀ ਫੁਰਤੀ ਦਿਖਾਈ ਹੈ। ਅੱਜ ਹੋਰ ਦਸ ਕ੍ਰੋੜ ਦੇਣ ਦਾ ਹੁਕਮ ਚਾੜ੍ਹਿਆ ਗਿਆ ਹੈ। ਪੀੜਤ ਲੋਕਾਂ ਅਤੇ ਹਮਾਇਤੀ ਜਥੇਬੰਦੀਆਂ ਦਾ ਸੰਘਰਸ਼ ਪੂਰੀ ਤਰ੍ਹਾਂ ਵਾਜਬ ਅਤੇ ਨਿਆਂਈਂ ਹੈ। ਫੈਕਟਰੀ ਚਲਾਉਣ ਖਾਤਰ ਢਾਹਿਆ ਜਾ ਰਿਹਾ ਸਰਕਾਰੀ ਜਬਰ ਸਰਾਸਰ ਨਜਾਇਜ਼ ਧੱਕੇਸ਼ਾਹੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਹਜ਼ਾਰਾਂ ਪੁਲਿਸ ਕਰਮੀਆਂ ਦੇ ਥਾਂ ਥਾਂ ਨਾਕੇ ਲਾ ਕੇ ਲਾਠੀਚਾਰਜਾਂ ਜ਼ਰ੍ਹੀਏ ਲੋਕਾਂ ਨੂੰ ਸ਼ਾਂਤਮਈ ਧਰਨੇ ਵਿੱਚ ਜਾਣੋਂ ਰੋਕਣ ਦਾ ਸਿਲਸਿਲਾ ਤੁਰੰਤ ਬੰਦ ਕੀਤਾ ਜਾਵੇ। ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਸਾਰੇ ਲੋਕ ਕੇਸ ਵਾਪਸ ਲੈ ਕੇ ਰਿਹਾਅ ਕੀਤੇ ਜਾਣ।25 ਲੋਕਾਂ ਦੇ ਮੁਅੱਤਲ ਕੀਤੇ ਅਸਲਾ ਲਾਇਸੈਂਸ ਬਹਾਲ ਕਰਕੇ ਜ਼ਬਤ ਕੀਤੇ ਗਏ ਹਥਿਆਰ ਵਾਪਸ ਦਿੱਤੇ ਜਾਣ। ਛਾਪੇਮਾਰੀ ਬੰਦ ਕੀਤੀ ਜਾਵੇ ਅਤੇ ਤੋੜ ਭੰਨ ਕੀਤੇ ਗਏ ਸਾਮਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਫੈਕਟਰੀ ਚਾਲੂ ਕੀਤੇ ਬਗੈਰ ਪੀੜਤ ਲੋਕਾਂ ਨੂੰ ਪ੍ਰਵਾਨਤ ਅਧਿਕਾਰਤ ਜਾਂਚ ਕਮੇਟੀਆਂ ਰਾਹੀਂ ਹਰ ਕਿਸਮ ਦੀ ਪ੍ਰਦੂਸ਼ਣ-ਤਬਾਹੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਲਾਕਾ ਨਿਵਾਸੀਆਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਗਰੰਟੀ ਕੀਤੀ ਜਾਵੇ।
ਅਮਨ ਅਰੋੜਾ ਦੇ ਬਿਆਨ ਦੀ ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਸਖ਼ਤ ਨਿਖੇਧੀ
13 Views