ਸਿਵਲ ਵਰਦੀ ’ਚ ਇੱਕ ਸਾਥੀ ਨੂੰ ਨਾਲ ਲੈ ਕੇ ਸੁੱਤੇ ਹੋਏ ਬੇਸਹਾਰਿਆਂ ’ਤੇ ਪਾਏ ਕੰਬਲ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਅਕਸਰ ਹੀ ਅਪਣੇ ਸਖ਼ਤ ਮਿਜ਼ਾਜ ਲਈ ਜਾਣੀ ਜਾਂਦੀ ਪੰਜਾਬ ਪੁਲਿਸ ਦਾ ਦੂਜਾ ਪੱਖ ਵੀ ਬੀਤੀ ਰਾਤ ਦੇਖਣ ਨੂੰ ਮਿਲਿਆ। ਸਥਾਨਕ ਮਾਲ ਗੋਦਾਮ ਨੇੜੇ -0.8 ਸੈਲਸੀਅਸ ਡਿਗਰੀ ਦੀ ਕੜਕਦੀ ਠੰਢ ’ਚ ਖੁੱਲੇ ਆਸਮਾਨ ਥੱਲੇ ਪਏ ਬੇਸਹਾਰਾ ਨੂੰ ਅੱਧੀ ਰਾਤ ਨਿੱਘ ਦਾ ਅਹਿਸਾਸ ਹੋਇਆ। ਅਜਿਹਾ ਅਚਾਨਕ ਉਨ੍ਹਾਂ ਉਪਰ ਕਿਸੇ ਵਲੋਂ ਗਰਮ ਕੰਬਲ ਪਾਉਣ ਤੋਂ ਬਾਅਦ ਹੋਇਆ। ਸੁੱਤੇ ਪਏ ਬੇਸਹਾਰਾ ਲੋਕਾਂ ’ਤੇ ਇਹ ਗਰਮ ਕੰਬਲ ਪਾਉਣ ਵਾਲਾ ਵਿਅਕਤੀ ਮਾਲ ਗੋਦਾਮ ਤੋਂ ਲੈ ਕੇ ਰੇਲਵੇ ਸਟੇਸਨ ਦੇ ਵੇਟਿੰਗ ਰੂਮ ਵਿਚ ਸੌਂ ਰਹੇ ਬੇਸਹਾਰਾ ਲੋਕਾਂ ਨੂੰ ਗਰਮ ਕੰਬਲਾਂ ਨਾਲ ਢੱਕਦਾ ਰਿਹਾ ਪ੍ਰੰਤੂ ਕਿਸੇ ਨੂੰ ਵੀ ਇਸ ਗੱਲ ਦੀ ਭਿਣਕ ਨਹੀਂ ਸੀ ਕਿ ਇਹ ਗਰਮ ਕੰਬਲ ਵੰਡਣ ਵਾਲਾ ਜ਼ਿਲ੍ਹਾ ਪੁਲਿਸ ਦਾ ਮੁਖੀ ਹੈ। ਪਰ ਬਾਅਦ ਵਿਚ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਵਿਅਕਤੀ ਬਠਿੰਡਾ ਦਾ ਐਸਐਸਪੀ ਅਜੈ ਮਲੂਜਾ ਸੀ, ਜੋ ਕੰਬਲਾਂ ਨਾਲ ਭਰੀ ਗੱਡੀ ’ਚ ਅਪਣੇ ਦੋ ਸਾਥੀਆਂ ਨਾਲ ਅਚਾਨਕ ਅੱਧੀ ਰਾਤ ਉਥੇ ਆ ਪ੍ਰਗਟ ਹੋਇਆ ਸੀ। ਇਸ ਮੌਕੇ ਉਨ੍ਹਾਂ ਅਪਣੇ ਨਾਲ ਬੇਸਹਾਰਿਆਂ ਲਈ ਸਹਾਰਾ ਵਜੋਂ ਜਾਣੀ ਜਾਂਦੀ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਤੇ ਕੁੱਝ ਵਲੰਟੀਅਰਾਂ ਨੂੰ ਵੀ ਸੱਦਿਆ ਹੋਇਆ ਸੀ। ਇਸ ਦੌਰਾਨ ਸਹਾਰਾ ਵਰਕਰਾਂ ਨੇ ਐਸ.ਐਸ.ਪੀ ਦੇ ਇਸ ਸਲਾਘਾਯੋਗ ਕਾਰਜ਼ ਦੀਆਂ ਫ਼ੋਟੋਆਂ ਵੀ ਖਿੱਚੀਆਂ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦਸਿਆ ਕਿ ਐਸ.ਐਸ.ਪੀ ਨੇ ਅਪਣੇ ਇਸ ਨੇਕ ਮਨਸੂਬੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ ਸੀ ਪ੍ਰੰਤੂ ਇਸਦੇ ਨਾਲ ਹੀ ਕਹਿ ਦਿੱਤਾ ਸੀ ਕਿ ਉਸਦੇ ਬਾਰੇ ਕਿਸੇ ਨੂੰ ਨਾ ਦਸਿਆ ਜਾਵੇ। ਇਸ ਮੌਕੇ ਲਗਾਤਾਰ ਦੋ ਘੰਟੇ ਐਸ.ਐਸ.ਪੀ ਤੇ ਟੀਮ ਨੇ 120 ਲੋਕਾਂ ਨੂੰ ਗਰਮ ਕੰਬਲਾਂ ਨਾਲ ਢੱਕਿਆ।
ਬਾਕਸ
ਠੰਡ ਕਾਰਨ ਬੇਸਹਾਰਾ ਸਾਧੂ ਦੀ ਹੋਈ ਮੌਤ
ਬਠਿੰਡਾ: ਉਧਰ ਬੀਤੀ ਰਾਤ ਪਈ ਭਿਆਨਕ ਠੰਢ ਦੇ ਚੱਲਦਿਆਂ ਸਥਾਨਕ ਪਟਿਆਲਾ ਫਾਟਕ ਰੇਲਵੇ ਫਾਟਕ ਦੇ ਕੋਲ ਫੁੱਟਪਾਥ ‘ਤੇ ਸੌਂ ਰਹੇ ਇੱਕ ਬੇਸਹਾਰਾ ਸਾਧੂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਿ੍ਰਗੇਡ ਹੈਲਪਲਾਈਨ ਟੀਮ ਨੇ ਮੌਕੇ ‘ਤੇ ਮੌਜੂਦ ਚੌਕੀ ਪੁਲਿਸ ਨੂੰ ਸੂਚਿਤ ਕੀਤਾ ਤੇ ਲਾਸ਼ ਨੂੰ ਮੁਰਦਾਘਰ ਪਹੁੰਚਾਇਆ ਗਿਆ। ਮਿ੍ਰਤਕ ਦੀ ਪਹਿਚਾਣ ਨਹੀਂ ਹੋ ਸਕੀ।
Share the post "ਅੱਧੀ ਰਾਤ ਨੂੰ ਕੜਕਦੀ ਠੰਢ ’ਚ ਆਸਮਾਨ ਹੇਠ ਸੁੱਤੇ ਪਏ ਬੇਸਹਾਰਿਆਂ ਲਈ ਸਹਾਰਾ ਬਣੇ ਐਸਐਸਪੀ"