ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ 22 ਮਈ ਨੂੰ ਫਰੀਦਕੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਕੀਤਾ ਜਾਵੇਗਾ ਸੂਬਾ ਪੱਧਰੀ ਰੋਸ ਪ੍ਰਦਰਸਨ
ਸੁਖਜਿੰਦਰ ਮਾਨ
ਬਠਿੰਡਾ, 18 ਮਈ: ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਚ ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੇ ਖਿਲਾਫ ਗੁੱਸੇ ਦਾ ਲਾਵਾ ਫਟ ਗਿਆ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਹੱਲਾ ਬੋਲਣ ਲਈ ਤਿਆਰੀ ਕਰ ਲਈ ਹੈ । ਸੂਬੇ ਦੀ ਵੱਡੀ ਮੁਲਾਜਮ ਜਥੇਬੰਦੀ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ 22 ਮਈ ਦਿਨ ਐਤਵਾਰ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਸਹਿਰ ਫਰੀਦਕੋਟ ਵਿਖੇ ਉਹਨਾਂ ਦੇ ਘਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸਨ ਕਰਨ ਦਾ ਅੱਜ ਐਲਾਨ ਕਰ ਦਿੱਤਾ ਹੈ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਸ ਰੋਸ ਪ੍ਰਦਰਸਨ ਦੌਰਾਨ ਸੂਬੇ ਭਰ ਵਿਚੋਂ ਹਜਾਰਾਂ ਦੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ ਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ ।
ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਦੀਆਂ ਲਗਭਗ 55 ਹਜਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੋ ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਤੇ ਉਹ ਬਹੁਤ ਨਿਰਾਸ ਹਨ । ਆਂਗਣਵਾੜੀ ਸੈਂਟਰਾਂ ਦਾ ਸਮਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਬਦਲਿਆ ਨਹੀਂ ਗਿਆ ਤੇ ਨਾ ਹੀ ਛੁੱਟੀਆਂ ਸਕੂਲਾਂ ਦੇ ਬਰਾਬਰ ਕੀਤੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਉਹ ਤਿੰਨ ਵਾਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਮਿਲ ਕੇ ਮੀਟਿੰਗ ਕਰਨ ਲਈ ਮੰਗ ਪੱਤਰ ਦੇ ਚੁੱਕੇ ਹਨ । ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਮੰਤਰੀ ਨੇ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ। ਜਿਸ ਕਰਕੇ ਇਸ ਸੰਘਰਸ ਕਰਨ ਲਈ ਮਜਬੂਰ ਹੈ । ਉਹਨਾਂ ਕਿਹਾ ਜਦੋਂ ਤੱਕ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ । ਸੂਬਾ ਪ੍ਰਧਾਨ ਨੇ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਇਸ ਸੰਘਰਸ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਕਿ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ।
Share the post "ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪੰਜਾਬ ਸਰਕਾਰ ਵਿਰੁਧ ਹੱਲਾ ਬੋਲ ਮੁਹਿੰਮ ਦਾ ਐਲਾਨ"