Monday, May 4, 2026
spot_img
spot_img

ਸਿੱਧੂ ਦਾ ਐਲਾਨ: ਪੰਜਾਬ ’ਚ ਮਾਫ਼ੀਆ ਰਹੇਗਾ ਜਾਂ ਨਵਜੋਤ ਸਿੱਧੂ

Date:

spot_img

ਪੰਜਾਬ ਦੇ ਲੋਕ ਅਗਲੀ ਪੀੜ੍ਹੀ ਦੇ ਭਵਿੱਖ ਲਈ ਵੋਟ ਕਰਨ
ਲਾਡੀ ਦੀ ਪਿੱਠ ਥਾਪੜਦਿਆਂ ਟਿਕਟ ਦਿਵਾਉਣ ਦਾ ਦਿਵਾਇਆ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਤਿੱਖੇ ਤੇਵਰ ਦਿਖਾਉਂਦਿਆਂ ਐਲਾਨ ਕੀਤਾ ਹੈ ਕਿ ‘‘ ਪੰਜਾਬ ’ਚ ਮਾਫ਼ੀਆ ਰਹੇਗਾ ਜਾਂ ਫ਼ਿਰ ਨਵਜੋਤ ਸਿੰਘ ਸਿੱਧੂ। ’’ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੇ ਹੱਕ ’ਚ ਇੱਕ ਵਿਸਾਲ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਿੱਧੂ ਨੇ ਅਪਣੀ ਹੀ ਸਰਕਾਰ ਨੂੰ ਚੌਰਾਹੇ ਵਿਚ ਖ਼ੜਾ ਕਰਦਿਆਂ ਮੁੜ ਸੂਬੇ ਵਿਚ ਰੇਤ ਦੀਆਂ ਕੀਮਤਾਂ ਘੱਟ ਨਾ ਹੋਣ ਦਾ ਦਾਅਵਾ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੀਤੇ ਹੋਏ ਐਲਾਨਾਂ ਨੂੰ ਲਾਗੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ‘ਚੋਂ ਇਕੱਲਾ ਸਰਾਬ, ਰੇਤ ਅਤੇ ਕੇਬਲ ਮਾਫੀਆ ਹੀ ਖਤਮ ਹੋ ਜਾਵੇ ਤਾਂ ਪੰਜਾਬ ਦੇ ਖਜਾਨੇ ‘ਚ 40 ਹਜਾਰ ਕਰੋੜ ਰੁਪਏ ਆਉਣਗੇ। ਸਿੱਧੂ ਨੇ ਕਿਹਾ ਕਿ ਉਹ ਉੱਥੇ ਹੀ ਰੈਲੀ ਕਰਨਗੇ ਜਿੱਥੇ ਇਮਾਨਦਾਰ ਲੋਕ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਪਣੀ ਸਰਕਾਰ ਦੀ ਨਸੀਹਤ ਦਿੰਦਿਆਂ ਮੰਤਰੀਆਂ ਤੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਤੇ ਚੇਅਰਮੈਨੀਆਂ ਦੇਣ ਦੀ ਬਜ਼ਾਏ ਕਾਂਗਰਸ ਲਈ ਲੜਾਈ ਲੜਣ ਵਾਲੇ ਵਰਕਰਾਂ ਨੂੰ ਅੱਗੇ ਕਰਨ ਲਈ ਕਿਹਾ। ਸਿੱਧੂ ਨੇ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਬਦਲੇ 17 ਹਜ਼ਾਰ ਨਹੀਂ, ਬਲਕਿ 25 ਹਜ਼ਾਰ ਰੁਪਏ ਦੇਣ ਲਈ ਕਿਹਾ। ਉਨ੍ਹਾਂ ਅਪਣਾ ਪੰਜਾਬ ਮਾਡਲ ਅੱਗੇ ਰੱਖਦਿਆਂ ਸੂਬੇ ਦੇ ਲੋਕਾਂ ਨੂੰ ਅਗਲੀ ਪੀੜ੍ਹੀ ਦੇ ਭਵਿੱਖ ਲਈ ਇਮਾਨਦਾਰੀ ਦੇ ਹੱਕ ਵਿਚ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਲੋਕ ਉਸਦੇ ਵਿਸ਼ਵਾਸ ਕਰਨਗੇ ਤਾਂ ਉਹ ਸੂਬੇ ਦੀ 25 ਸਾਲਾਂ ਵਿਚ ਵਿਗੜੀ ਹੋਈ ਸਿਹਤ 5 ਸਾਲਾਂ ਵਿਚ ਠੀਕ ਕਰ ਦੇਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਜੇਕਰ ਮੁੜ ਝੂਠੇ ਵਾਅਦਿਆਂ ਤੇ ਸਗੂਫ਼ਿਆ ਨਾਲ ਕੋਈ ਸਰਕਾਰ ਬਣਾਉਣ ਦੀ ਸੋਚੇਗਾ ਤਾਂ ਸਿੱਧੂ ਉਸਦੇ ਨਾਲ ਖੜ੍ਹਾ ਨਹੀਂ ਹੋਵੇਗਾ। ਅਸਿੱਧੇ ਢੰਗ ਨਾਲ ਅਪਣੀ ਹੀ ਪਾਰਟੀ ਦੇ ਕੁੱਝ ਆਗੂਆਂ ’ਤੇ ਹਮਲੇ ਕਰਦਿਆਂ ਕਿਹਾ ਕਿ ਪਹਿਲਾਂ ਉਸਨੂੰ ਸ਼ੱਕ ਸੀ ਕਿ 75:25 ਵਾਲਾ ਮੈਚ ਚੱਲਦਾ ਹੈ ਪ੍ਰੰਤੂ ਹੁਣ ਪਤਾ ਲੱਗਿਆ ਹੈ ਕਿ ਇੱਥੇ ਤਾਂ 60:40 ਵਾਲੀ ਗੱਲ ਚੱਲ ਰਹੀ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਸੁਖਬੀਰ ਸਿੰਘ ਬਾਦਲ ’ਤੇ ਵੀ ਤਾਬੜਤੋੜ ਹਮਲੇ ਕਰਦਿਆਂ ਐਲਾਨ ਕੀਤਾ ਕਿ ਦੁਨੀਆਂ ਵਿਚ ਡਾਈਨਾਸੋਰ ਵਾਪਸ ਆ ਸਕਦਾ ਹੈ ਪ੍ਰੰਤੂ ਅਕਾਲੀ ਮੁੜ ਸੱਤਾ ਵਿਚ ਨਹੀਂ ਆ ਸਕਦੇ। ਇਸਤੋਂ ਇਲਾਵਾ ਅਰਵਿੰਦ ਕੇਜ਼ਰੀਵਾਲ ਨੂੰ ਸਭ ਤੋਂ ਵੱਡਾ ਧੋਖੇਬਾਜ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਉਹ ਦਿੱਲੀ ਵਿਚ ਉਹ ਸਹੂਲਤਾਂ ਦੇਣ, ਜਿੰਨ੍ਹਾਂ ਦਾ ਐਲਾਨ ਪੰਜਾਬ ਵਿਚ ਕਰ ਰਹੇ ਹਨ। ਉਨ੍ਹਾਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਹਲਕਾ ਇੰਚਾਰਜ਼ ਹਰਵਿੰਦਰ ਲਾਡੀ ਦੀ ਵੀ ਪਿੱਠ ਥਾਪੜਦਿਆਂ ਕਿਹਾ ਕਿ ‘‘ਵੜਿੰਗ ਸਿਰਫ਼ ਢਾਈ ਮਹੀਨਿਆਂ ਲਈ ਨਹੀਂ, ਬਲਕਿ ਆਉਣ ਵਾਲੇ ਦਸ ਸਾਲ ਵੀ ਪੰਜਾਬ ਦਾ ਮੰਤਰੀ ਹੋਵੇਗਾ ਜਦੋਂਕਿ ਲਾਡੀ ਨੂੰ ਟਿਕਟ ਮਿਲੇਗੀ ਤੇ ਹਲਕੇ ਵਾਲੇ ਜਤਾਉਣ ਦੀਆਂ ਤਿਆਰੀਆਂ ਵਿੱਢ ਲੈਣ। ’’ ਹਾਲਾਂਕਿ ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਨਹੀਂ ਲਿਆ ਪ੍ਰੰਤੂ ਲਾਡੀ ਦੇ ਹੱਕ ਵਿਚ ਡਟਣ ਦਾ ਐਲਾਨ ਕਰਦਿਆਂ ਲਾਡੀ ਦੀ ਹੀ ਹਲਕੇ ਵਿਚ ਚੱਲਣ ਦੀ ਗੱਲ ਕਹੀ। ਉਜ ਅੱਜ ਸਿੱਧੂ ਦੀ ਆਮਦ ਮੌਕੇ ਮਹੱਤਵਪੂਰਨ ਗੱਲ ਇਹ ਵੇਖਣ ਨੂੰ ਮਿਲੀ ਕਿ ਪੰਜਾਬ ਪ੍ਰਧਾਨ ਦੇ ਪਹਿਲੇ ਦੌਰੇ ਦੇ ਬਾਵਜੂਦ ਵਿਤ ਮੰਤਰੀ ਦੇ ਖੇਮੇ ਨਾਲ ਜੁੜੇ ਸ਼ਹਿਰ ਦੇ ਸਮੂਹ ਕਾਂਗਰਸੀਆਂ ਨੇ ਪਾਸਾ ਵੱਟੀ ਰੱਖਿਆ ਤੇ ਨਵਜੋਤ ਸਿੰਘ ਸਿੱਧੂ ਦੇ ਬਠਿੰਡਾ ’ਚ ਕਰੀਬ ਤਿੰਨ ਘੰਟੇ ਬਿਤਾਉਣ ਦੇ ਬਾਵਜੂਦ ਇੱਕ-ਦੋ ਨੂੰ ਛੱਡ ਮੂੰਹ ਨਹੀਂ ਵਿਖਾਇਆ। ਇਸ ਦੌਰਾਨ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਨਵਜੋਤ ਸਿੱਧੂ ਦੀਆਂ ਤਰੀਫ਼ਾਂ ਦੇ ਪੁਲ ਬੰਨਦਿਆਂ ਉਨਾਂ ਵਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਬਦਲੇ ਪਾਈਆਂ ਜੱਫ਼ੀਆਂ ਨੂੰ ਸਹੀ ਕਰਾਰ ਦਿੰਦਿਆਂ ਸਿੱਧੂ ਨੂੰ ਆਉਣ ਵਾਲਾ ਮੁੱਖ ਮੰਤਰੀ ਐਲਾਨਿਆ। ਵੜਿੰਗ ਨੇ ਲਾਡੀ ਦੇ ਹੱਕ ਵਿਚ ਖੜਦਿਆਂ ਅਪਣੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ’ਤੇ ਗੁੱਝੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ‘‘ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਵਾਰ ਸੱਤਾ ਵਿਚ ਨਾ ਹੋਣ ਦੇ ਬਾਵਜੂਦ ਵੀ ਸੱਤਾ ਦਾ ਅਨੰਦ ਮਾਣ ਰਿਹਾ ਸੀ, ਜਿਸਨੂੰ ਉਸਨੇ ਹੁਣ ਜਾ ਕੇ ਰੋਕਿਆ ਹੈ। ’’ ਉਨ੍ਹਾਂ ਲਾਡੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਾਂਗਰਸ ਵਿਚ ਕੁੱਝ ਤਾਕਤਾਂ ਵਲੋਂ ਉਸਨੂੰ ਨੱਪਣ ਦਾ ਦੋਸ਼ ਲਗਾਇਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ75:25 ਨਾ ਹੁੰਦਾ ਤਾਂ ਉਹ ਲੋਕ ਸਭਾ ਦੀ ਚੋਣ ਨਹੀਂ ਸਨ ਹਰਦੇ। ਇਸਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦਾ ਧੰਨਵਾਦ ਕਰਦਿਆਂ ਹਰਵਿੰਦਰ ਸਿੰਘ ਲਾਡੀ ਨੇ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਸਦੇ ਕੋਈ ਕੰਮ ਨਹੀਂ ਹੋਣ ਦੇਣ ਦਾ ਉਲਾਂਭਾ ਦਿੱਤਾ। ਉਨ੍ਹਾਂ ਵੀ ਇਸ਼ਾਰਿਆਂ ਵਿਚ ਇੱਕ ਮੰਤਰੀ ’ਤੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਹਲਕੇ ਵਿਚ ਉਸਦੇ ਕੰਮ ਨਹੀਂ ਹੋਣ ਦਿੱਤੇ ਜਾ ਰਹੇ। ਸਰਕਾਰ ਵਲੋਂ 15 ਕਰੋੜ ਰੁਪਏ ਦੇਣ ਦੇ ਬਾਵਜੂਦ ਸਰਪੰਚਾਂ ਨੂੰ ਖ਼ਰਚਣ ਨਹੀਂ ਦਿੱਤਾ ਜਾ ਰਿਹਾ ਤੇ ਹਲਕੇ ਵਿਚ ਥਾਣਾ ਮੁਖੀ ਵੀ ਇੱਕ ਪ੍ਰਭਾਵਸ਼ਾਲੀ ਪ੍ਰਵਾਰ ਨਾਲ ਜੁੜਿਆ ‘ਸਿਪਾਹੀ’ ਲਗਾਉਂਦਿਆਂ ਹੈ ਤੇ ਮੁੜ ਉਨ੍ਹਾਂ ਤੋਂ ਪੈਸੇ ਉਗਰਾਉਂਦਾ ਹੈ। ਇਸ ਰੈਲੀ ਵਿਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਚੇਅਰਮੈਨ ਹਰਮੇਲ ਸਿੰਘ ਘੁੱਦਾ, ਸਰਪੰਚ ਯੂਨੀਅਨ ਹਰਦੀਪ ਸਿੰਘ ਝੂੰਬਾ ਜ਼ਿਲ੍ਹਾ ਪ੍ਰਧਾਨ ਸਰਪੰਚ ਯੂਨੀਅਨ, ਜਗਜੀਤ ਸਿੰਘ ਬਲਾਕ ਪ੍ਰਧਾਨ ਸੰਗਤ, ਸਰਪੰਚ ਬਹਾਦਰ ਸਿੰਘ ਬਾਂਡੀ, ਸੀਨੀਅਰ ਆਗੂ ਜਵਾਹਰ ਸਿੰਘ ਨੰਦਗੜ੍ਹ, ਯੂਥ ਆਗੂ ਮਨਜੀਤ ਸਿੰਘ, ਸਰਪੰਚ ਮਨਜੀਤ ਸਿੰਘ ਬੁਲਾਡੇਵਾਲਾ, ਮੇਜਰ ਸਿੰਘ ਬਲਾਕ ਪ੍ਰਧਾਨ ਬਠਿੰਡਾ, ਸ਼ਰਨਜੀਤ ਸਿੰਘ ਬਲਾਕ ਪ੍ਰਧਾਨ ਸੰਗਤ ਆਦਿ ਹਾਜ਼ਰ ਸਨ।ਜਦੋਂਕਿ ਪੰਜਾਬ ਪ੍ਰਧਾਨ ਦੀ ਬਠਿੰਡਾ ਸ਼ਹਿਰ ’ਚ ਠਹਿਰਾਉ ਸਮੇਂ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਖ਼ੁਸਬਾਜ ਸਿੰਘ ਜਟਾਣਾ, ਰਾਜ ਨੰਬਰਦਾਰ, ਟਹਿਲ ਸਿੰਘ ਸੰਧੂ, ਅਵਤਾਰ ਸਿੰਘ ਗੋਨਿਆਣਾ, ਭੁਪਿੰਦਰ ਸਿੰਘ ਗੋਰਾ, ਵਿਧਾਇਕ ਰੁਪਿੰਦਰ ਕੌਰ ਰੂਬੀ ਆਦਿ ਪੁੱਜੇ ਹੋਏ ਸਨ।

Share post:

spot_img

Popular

More like this
Related

ਮਜਦੂਰ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ‘ਤੇ ਕਵੀ ਦਰਬਾਰ ਕਰਵਾਇਆ

👉ਮੈਗਜੀਨ ਪਰਵਾਜ਼ ਦਾ ਨਵਾਂ ਅੰਕ ਤੇ ਹਰਭਜਨ ਸੇਲਬਰਾਹ ਦੀ...