ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ’ਤੇ ਅੱਜ ਬਲਾਕ ਬਠਿੰਡਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਦੀ ਅਗਵਾਈ ਹੇਠ ਮਨੀਪੁਰ ਵਿਖੇ ਔਰਤਾਂ ਨਾਲ ਕੀਤੀ ਜਾ ਰਹੀ ਦਰਿੰਦਗੀ ਦੇ ਖਿਲਾਫ ਉੱਚ ਅਧਿਕਾਰੀਆਂ ਰਾਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਭੇਜਿਆ । ਇਸ ਮੌਕੇ ਇਕੱਠੀਆਂ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਇਸ ਅਤਿ ਘਿਨਾਉਣੇ ਕਾਂਡ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ । ਉਹਨਾਂ ਕਿਹਾ ਕਿ ਮਨੀਪੁਰ ਵਿੱਚ ਲਗਭਗ ਪਿਛਲੇਂ ਤਿੰਨ ਮਹੀਨਿਆਂ ਤੋਂ ਲਗਾਤਾਰ ਹਿੰਸਾ ਅਤੇ ਸਾੜਫੂਕ ਦੀਆਂ ਘਟਨਾਵਾਂ ਹੋ ਰਹੀਆਂ ਹਨ। ਔਰਤਾਂ ਦੇ ਨਾਲ ਬਹੁਤ ਹੀ ਵਹਿਸ਼ੀ ਤਰੀਕੇ ਨਾਲ ਗੈਂਗਰੇਪ ਅਤੇ ਉਹਨਾਂ ਨੂੰ ਨਗਨ ਕਰਕੇ ਘੁਮਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਜੋ ਕਿ ਬਹੁਤ ਹੀ ਅਣਮਨੁੱਖੀ ਵਰਤਾਰਾ ਹੈ । ਔਰਤਾਂ ਤੇ ਹੋ ਰਹੇ ਇਹ ਜ਼ੁਲਮ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦੀ ਪੀੜਤ ਔਰਤਾਂ ਦੇ ਨਾਲ ਖੜੇਗੀ । ਉਹਨਾਂ ਕਿਹਾ ਕਿ ਔਰਤਾਂ ਤੇ ਜ਼ੁਲਮ ਕਰਨ ਵਾਲੇ ਦਰਿੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ।ਇਸ ਮੌਕੇ ਸੁਖਦੇਵ ਕੌਰ ਬਠਿੰਡਾ, ਰੁਪਿੰਦਰ ਕੌਰ ਬਠਿੰਡਾ,ਰੇਖਾ ਰਾਣੀ ਜੀਦਾ, ਕੁਲਦੀਪ ਕੌਰ ਝੁੰਬਾ,ਪੂਜਾ ਖੇੜਾ ਗੋਨਿਆਨਾ,ਹਰਵੀਰ ਕੌਰ ਬਠਿੰਡਾ,ਮਨਪ੍ਰੀਤ ਕੌਰ ਬਠਿੰਡਾ,ਰਾਣੀ ਬਠਿੰਡਾ ਅਤੇ ਹੋਰ ਆਗੂ ਮੌਜੂਦ ਸਨ।
Share the post "ਆਂਗਣਵਾੜੀ ਵਰਕਰਾਂ ਨੇ ਮਨੀਪੁਰ ਵਿੱਚ ਔਰਤਾਂ ਨਾਲ ਹੋ ਰਹੀ ਦਰਿੰਦਗੀ ਦੇ ਖਿਲਾਫ ਪ੍ਰਧਾਨ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ"