ਬਠਿੰਡਾ ’ਚ ਆਧੁਨਿਕ ਸਹੂਲਤਾਂ ਨਾਲ ਲੈਸ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ: ਪ੍ਰਧਾਨ ਕ੍ਰਿਕਟ ਐਸੋਸੀਏਸ਼ਨ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ : ਪਿਛਲੇ ਦਿਨੀਂ ਸਰਬਸੰਮਤੀ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਵਾਲੇ ਬਠਿੰਡਾ ਦੇ ਉੱਘੇ ਵਪਾਰੀ ਅਮਰਜੀਤ ਮਹਿਤਾ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ’ਚ ਬਠਿੰਡਾ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ। ਬਠਿੰਡਾ ਪੁੱਜਣ ’ਤੇ ਅਪਣੇ ਸਮਰਥਕਾਂ ਦਾ ਪਿਆਰ ਕਬੂਲਦਿਆਂ ਸ਼੍ਰੀ ਮਹਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਅੱਜ ਕ੍ਰਿਕਟ ਹਰ ਘਰ ਦੇ ਕੋਨੇ ਤੱਕ ਪੁੱਜ ਗਈ ਹੈ ਤੇ ਹੁਨਰਮੰਦ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ, ਸਿਰਫ਼ ਲੋੜ ਹੈ ਉਨ੍ਹਾਂ ਦੇ ਹੁਨਰ ਨੂੰ ਪਹਿਚਾਣ ਕੇ ਤਰਾਸ਼ਣ ਦੀ, ਜਿਸਦੇ ਲਈ ਪੰਜਾਬ ਕ੍ਰਿਕਟ ਐਸੋੋਸੀਏਸ਼ਨ ਹਰ ਸੰਭਵ ਕੋਸ਼ਿਸ਼ ਕਰੇਗੀ। ’’ ਉਨ੍ਹਾਂ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ’ਤੇ ਹੁਣ ਪੰਜਾਬ ਵਿਚ ਵੀ ‘ਪੰਜਾਬ ਪ੍ਰੀਮੀਅਰ ਲੀਗ’ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸਦੇ ਨਾਲ ਉੱਭਰਦੇ ਖਿਡਾਰੀਆਂ ਨੂੰ ਅਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵੀ ਬਰਾਬਰ ਦੇ ਮੌਕੇ ਦੇ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ਼੍ਰੀ ਮਹਿਤਾ ਨੇ ਕਿਹਾ ਕਿ ਜਲਦੀ ਹੀ ਵਿਸਵ ਕ੍ਰਿਕਟ ਕੱਪ ਅਤੇ ਰਣਜੀ ਟਰਾਫ਼ੀ ਦੇ ਮੈਚ ਸ਼ੁਰੂ ਹੋ ਰਹੇ ਹਨ ਤੇ ਪੰਜਾਬ ਨੂੰ ਵੀ ਕੁੱਝ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲੇਗਾ। ਜਿਸਦੇ ਚੱਲਦੇ ਐਸੋਸੀਏਸ਼ਨ ਦੀ ਪੂਰੀ ਕੋਸ਼ਿਸ਼ ਹੈ ਕਿ 31 ਜੁਲਾਈ ਤੱਕ ਨਿਊ ਚੰਡੀਗੜ੍ਹ ਵਿਖੇ ਬਣ ਰਿਹਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਤਿਆਰ ਹੋ ਜਾਵੇ ਤੇ ਅੰਤਰਰਾਸ਼ਟਰੀ ਮੈਚ ਇਸ ਵਿਚ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਵੀ ਕ੍ਰਿਕਟ ਸਟੇਡੀਅਮ ਤਿਆਰ ਕਰਵਾਏ ਜਾਣਗੇ।
Share the post "ਆਈ.ਪੀ.ਐਲ ਦੀ ਤਰਜ਼ ’ਤੇ ਪੰਜਾਬ ’ਚ ਵੀ ਹੁਣ ਕਰਵਾਇਆ ਜਾਵੇਗੀ ‘ਪੰਜਾਬ ਪ੍ਰੀਮੀਅਰ ਲੀਗ’: ਅਮਰਜੀਤ ਮਹਿਤਾ"