ਆਪ ਆਗੂ ਵਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਦੀ ਉਚ ਪੱਧਰੀ ਜਾਂਚ ਦੀ ਮੰਗ

0
15

ਐਸ.ਟੀ.ਐਫ਼ ਦੇ ਮੁਖੀ ਨੂੰ ਲਿਖਿਆ ਪੱਤਰ, ਹਾਈਕੋਰਟ ਨੂੰ ਵੀ ਸਵੈ ਨੋਟਿਸ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਬਠਿੰਡਾ ’ਚ ਇੱਕ ਨਸ਼ਾ ਤਸਕਰ ਵਲੋਂ ਥਾਣਾ ਮੁਖੀ ਉਪਰ ਤਸਕਰੀ ਕਰਵਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਹਲਕੇ ’ਚ ਸਿਆਸੀ ਤਰਥੱਲੀ ਮੱਚ ਗਈ ਹੈ। ਇਸ ਸਬੰਧ ਵਿਚ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਰੂਪ ਸਿੰਘ ਗਿੱਲ ਵਲੋਂ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ,ਉਪ-ਪ੍ਰਧਾਨ ਵਪਾਰ ਵਿੰਗ ਅਨਿਲ ਠਾਕੁਰ, ਸਿਕੰਦਰ ਸਿੰਘ ਗਿੱਲ, ਸ਼ਿਵ ਕੁਮਾਰ ਜੋਸ਼ੀ ਦੀ ਹਾਜ਼ਰੀ ਵਿਚ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸਦੇ ਇਲਾਵਾ ਐਸ.ਟੀ.ਐਫ਼ ਦੇ ਮੁਖੀ ਨੂੰ ਵੀ ਪੱਤਰ ਲਿਖਿਆ ਗਿਆ ਹੈ ਤੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਮਾਮਲੇ ਦੀ ਗੰਭੀਰਤਾ ਦੇਖਦਿਆਂ ਸਵੈ ਨੋਟਿਸ ਲੈ ਕੇ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸਥਾਨਕ ਦਫ਼ਤਰ ’ਚ ਕੀਤੀ ਪ੍ਰੈਸ ਕਾਨਫਰੰਸ ਵਿਚ ਆਪ ਆਗੂਆਂ ਨੇ ਦੋਸ਼ ਲਗਾਇਆ ਕਿ ‘‘ ਸੂਬੇ ’ਚ ਚਾਰ ਹਫ਼ਤਿਆਂ ਵਿਚ ਨਸ਼ਾ ਤਸਕਰੀ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ ਚਹੇਤੇ ਪੁਲਿਸ ਅਫ਼ਸਰਾਂ ਉਪਰ ਨਸ਼ਾ ਵਿਕਵਾਉਣ ਦੇ ਲੱਗਣ ਵਾਲੇ ਦੋਸ਼ ਗੰਭੀਰ ਹਨ। ’’ ਜਗਰੂਪ ਗਿੱਲ ਨੇ ਦਾਅਵਾ ਕੀਤਾ ਕਿ ਬਠਿੰਡਾ ਹਲਕੇ ’ਚ ਜਿਸ ਤਰ੍ਹਾਂ ਤਸਕਰਾਂ ਨੇ ਆਪਣੀਆਂ ਜੜ੍ਹਾਂ ਫੈਲਾ ਲਈਆਂ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੀ ਸਰਪ੍ਰਸਤੀ ਹੇਠਾਂ ਕੰਮ ਕਰ ਰਹੇ ਤਸਕਰਾਂ ਦੀ ਸੋਚੀ-ਸਮਝੀ ਸਾਜਿਸ਼ ਤਹਿਤ ਇਹ ਕੰਮ ਕੀਤਾ ਜਾ ਰਿਹਾ। ਹਲਕਾ ਇੰਚਾਰਜ ਸ ਗਿੱਲ ਨੇ ਅਕਾਲੀ ਦਲ ਨੂੰ ਵੀ ਵਲੇਟੇ ਵਿਚ ਲੈਂਦਿਆਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੂੰ ਅਪਣੀ ਪੀੜੀ ਹੇਠ ਸੋਟਾਂ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ਼ ਦੌਰਾਨ ਨਸ਼ਾ ਕਿਸ ਤਰ੍ਹਾਂ ਵਿਕਦਾ ਰਿਹਾ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਸ ਮਾਮਲੇ ਨੂੰ ਚੁੱਕਦਿਆਂ ਨਸਾ ਤਸਕਰ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ। ਉਧਰ ਐਸ.ਐਸ.ਪੀ ਅਜੈ ਮਲੂਜਾ ਨੇ ਦਸਿਆ ਕਿ ਮਾਮਲੇ ਦੀ ਜਾਂਚ ਡੀਐਸਪੀ ਸਿਟੀ ਨੂੰ ਸੋਂਪ ਦਿੱਤੀ ਗਈ ਹੈ ਤੇ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।

LEAVE A REPLY

Please enter your comment!
Please enter your name here