ਮਾਮਲਾ ਵਿਕਾਸ ਕਾਰਜਾਂ ਦੀਆਂ ਪੇਮੈਂਟਾਂ ਨਾ ਕਰਨ ਦਾ
ਫਰਮਾਂ ਨੂੰ ਪੇਮੈਂਟ ਕਰਨ ਤੋਂ ਬਾਅਦ ਸਰਪੰਚ ਸ਼ਾਂਤ ਹੋਇਆ
ਭੋਲਾ ਸਿੰਘ ਮਾਨ
ਮੌੜ ਮੰਡੀ,27 ਅਪ੍ਰੈਲ: ਅੱਜ ਪ੍ਰਸ਼ਾਸ਼ਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੋਂ ਅੱਕੇ ਉਸ ਦੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਹੱਥ ’ਚ ਪੈਟਰੌਲ ਅਤੇ ਸਪਰੇ ਦੀ ਬੋਤਲ ਫੜ ਕੇ ਬੀਡੀਪੀਓ ਦਫ਼ਤਰ ਪਹੁੰਚ ਗਿਆ ਅਤੇ ਉਸ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਖੁਦਕੁਸ਼ੀ ਕਰਨ ਦਾ ਹਵਾਲਾ ਦਿੱਤਾ। ਭਾਵੇਂ ਪੁਲਿਸ ਨੇ ਚੌਕਸੀ ਵਰਤਦੇ ਹੋਏ ਸਰਪੰਚ ਦੇ ਹੱਥ ’ਚੋ ਪੈਟਰੌਲ ਤੇ ਸਪਰੇ ਦੀ ਬੋਤਲ ਖੋਹ ਲਈ, ਜਿਸ ਕਾਰਨ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਪਰ ਦਫ਼ਤਰ ਅੱਗੇ ਧਰਨਾ ਲਗਾ ਕੇ ਸਰਪੰਚ ਨੇ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਸ ਮੌਕੇ ਸਰਪੰਚ ਸਤਨਾਮ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਰੋਸ ਜਾਹਰ ਕਰਦੇ ਕਿਹਾ ਇੱਕ ਪਾਸੇ ਸਰਕਾਰ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਹਲਕਾ ਮੌੜ ਆਪ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਆਪਣੀ ਤਾਕਤ ਦਿਖਾਉਂਦੇ ਹੋਏ ਪਿੰਡ ਦੇ ਹੀ ਦਲਿਤ ਸਰਪੰਚ ਹੋਣ ਕਰਕੇ ਉਸ ਨਾਲੋ ਮੈਂਬਰ ਤੋੜ ਕੇ ਉਸ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਿਹਾ ਹੈ। ਉਨਾਂ ਕਿਹਾ ਕਿ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਪਿੰਡ ਦੇ ਛੱਪੜ ਦੀ ਚਾਰਦਵਾਰੀ, ਗਲੀਆਂ ਨਾਲੀਆਂ ਅਤੇ ਬੱਸ ਸਟੈਂਡ ਦਾ ਕੰਮ ਕਰਵਾਇਆ ਗਿਆ ਸੀ। ਪ੍ਰੰਤੂ ਕੰਮ ਹੋਣ ਦੇ ਬਾਵਜੂਦ ਵੀ ਫਰਮਾਂ ਨੂੰ ਅਦਾਇਗੀ ਨਹੀ ਕੀਤੀ ਜਾ ਰਹੀ। ਜਿਸ ਕਾਰਨ ਉਕਤ ਫਰਮਾਂ ਦੇ ਮਾਲਕ ਪੇਮੈਂਟ ਲੈਣ ਲਈ ਉਸ ਦੇ ਘਰ ਗੇੜੇ ਲਗਾ ਰਹੇ ਹਨ। ਉਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨਾਲ ਸਬੰਧਿਤ ਹਾਂ ਜਿਸ ਕਰਕੇ ਵਿਧਾਇਕ ਵੱਲੋਂ ਜਾਣ ਬੁੱਝ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉੱਧਰ ਮਾਮਲਾ ਵਧਦਾ ਦੇਖ ਕੇ ਡੀਐੱਸਪੀ ਮੌੜ ਪਰਮਜੀਤ ਸਿੰਘ ਸੰਧੂ ਅਤੇ ਥਾਣਾ ਮੁਖੀ ਹਰਜੀਤ ਸਿੰਘ ਮਾਨ ਪੁਲਿਸ ਪਾਰਟੀ ਸਮੇਂਤ ਮੌਕੇ ’ਤੇ ਪਹੁੰਚੇ ਅਤੇ ਸਰਪੰਚ ਸਤਨਾਮ ਸਿੰਘ ਦੀ ਬੀਡੀਪੀਓ ਮੌੜ ਰਮੇਸ਼ ਕੁਮਾਰ ਨਾਲ ਮੀਟਿੰਗ ਕਰਵਾ ਕੇ ਮਾਮਲਾ ਸ਼ਾਂਤ ਕਰ ਦਿੱਤਾ। ਜਿਸ ਤੋਂ ਬਾਅਦ ਵੱਖ ਵੱਖ ਫਰਮਾਂ ਨੂੰ ਦੋ ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਅਤੇ ਬਾਕੀ ਪੇਮੈਂਟ ਕੱਲ ਤੱਕ ਕਰਨ ਦਾ ਭਰੋਸਾ ਦਿੱਾਤ।
ਇਸ ਸਬੰਧੀ ਜਦੋਂ ਬੀਡੀਪੀਓ ਮੌੜ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡੀਡੀਪੀਓ ਬਠਿੰਡਾਂ ਨੂੰ ਪਿੰਡ ਮਾਈਸਰਖਾਨਾ ਦੇ ਵਿਕਾਸ ਕਾਰਜਾਂ ਦੀਆਂ ਪੇਮੈਂਟਾਂ ਕਰਨ ਲਈ ਲਿਖ ਕੇ ਭੇਜਿਆ ਹੈ ਅਤੇ ਅਧਿਕਾਰ ਮਿਲਣ ਤੋਂ ਬਾਅਦ ਅਦਾਇਗੀ ਕਰ ਦਿੱਤੀ ਜਾਵੇਗੀ।
ਇਸ ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਵਾਰ ਵਾਰ ਮੋਬਾਇਲ ਕਰਨ ’ਤੇ ਵੀ ਫੋਨ ਰਸੀਵ ਕਰਨਾ ਮੁਨਾਸਿਬ ਨਹੀ ਸਮਝਿਆ। ਪਰ ਵਿਧਾਇਕ ਦੇ ਸਿਆਸੀ ਸਕੱਤਰ ਰਣਜੀਤ ਸਿੰਘ ਮਠਾੜੂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀ ।
Share the post "ਆਪ ਦੇ ਵਿਧਾਇਕ ਤੋਂ ਅੱਕਿਆ ਸਰਪੰਚ ਪੈਟਰੌਲ ਅਤੇ ਸਪਰੇ ਦੀ ਬੋਤਲ ਲੈ ਕੇ ਬੀਡੀਪੀਓ ਦਫ਼ਤਰ ਪਹੁੰਚਿਆ"