ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਜਮਾਨਤ ਜਬਤ
ਸੁਖਜਿੰਦਰ ਮਾਨ
ਸੰਗਰੂਰ , 26 ਜੂਨ:-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖ਼ਾਲੀ ਕੀਤੀ ਸੰਗਰੂਰ ਲੋਕ ਸਭਾ ਸੀਟ ਲਈ ਲੰਘੀ 23 ਜੂਨ ਨੂੰ ਹੋਈ ਜਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਖ਼ਤ ਮੁਕਾਬਲੇ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੂੰ 5822 ਵੋਟਾਂ ਨਾਲ ਹਰਾ ਕੇ ਇਹ ਸੀਟ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਕਰੀਬ ਤਿੰਨ ਮਹੀਨੇ ਪਹਿਲਾਂ 92 ਸੀਟਾਂ ਜਿੱਤ ਕੇ ਸਮੂਹ ਵਿਰੋਧੀ ਪਾਰਟੀਆਂ ਨੂੰ ਚਿੱਤ ਕਰਨ ਵਾਲੀ ਆਪ ਨੂੰ ਉਸਦੇ ਘਰ ਵਿਚੋਂ ਮਿਲੀ ਇਸ ਹਾਰ ਨਾਲ ਵੱਡਾ ਝਟਕਾ ਲੱਗਿਆ ਹੈ। ਹਾਲਾਂਕਿ ਚੋਣ ਮੈਦਾਨ ਵਿਚ ਨਿੱਤਰੀ ਕਾਂਗਰਸ, ਭਾਜਪਾ ਤੇ ਅਕਾਲੀ ਦਲ ਸਹਿਤ ਸਮੂਹ ਵਿਰੋਧੀ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ ਪ੍ਰੰਤੂ ਸ: ਮਾਨ ਦੀ ਇਸ ਜਿੱਤ ਨਾਲ ਸਭ ਤੋਂ ਵੱਡਾ ਸਿਆਸੀ ਨੁਕਸਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹੋਇਆ ਹੈ। ਜ਼ਿਲਾ ਚੋਣ ਅਧਿਕਾਰੀ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਿਮਰਨਜੀਤ ਸਿੰਘ ਮਾਨ ਨੂੰ ਕੁੱਲ 2,53,154 ਵੋਟਾਂ ਮਿਲੀਆਂ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 2,47,332 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਗੋਲਡੀ 79,668 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ। ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 66,298 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ 44,428 ਵੋਟਾਂ ਪ੍ਰਾਪਤ ਹੋਈਆਂ ਤੇ ਉਹ ਪੰਜਵੇਂ ਨੰਬਰ ‘ਤੇ ਰਹੇ। ਅਕਾਲੀ ਦਲ ਲਈ ਵੀ ਭਾਜਪਾ ਤੋਂ ਪਿੱਛੇ ਰਹਿਣ ਨੂੰ ਵੱਡੀ ਸਿਆਸੀ ਨਮੋਸ਼ੀ ਮੰਨੀ ਜਾ ਰਹੀ ਹੈ। ਗੌਰਤਲਬ ਹੈ ਕਿ ਇੰਨਾਂ ਚੋਣਾਂ ਲਈ ਸ਼ੁਰੂ ਤੋਂ ਹੀ ਗੁਰਮੇਲ ਸਿੰਘ ਘਰਾਚੋ ਤੇ ਸਿਮਰਨਜੀਤ ਸਿੰਘ ਮਾਨ ਵਿਚਕਾਰ ਮੁਕਾਬਲਾ ਲੱਗ ਰਿਹਾ ਸੀ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਜੱਦੀ ਸੀਟ ਤੋਂ ਪਾਰਟੀ ਉਮੀਦਵਾਰ ਚੋਣ ਹਾਰ ਜਾਣਗੇ, ਇਹ ਸ਼ਾਇਦ ਆਪ ਆਗੂਆਂ ਦੇ ਚਿੱਤ ਚੇਤੇ ਵੀ ਨਹੀਂ ਸੀ। ਹਾਲਾਂਕਿ ਉਨ੍ਹਾਂ ਵਲੋਂ ਇਸ ਸੀਟ ’ਤੇ ਹੈਟਰਿਕ ਮਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵਲੋਂ ਰੋਡ ਸੋਅ ਕੀਤੇ ਗਏ ਸਨ ਤੇ ਨਾਲ ਹੀ ਸਮੂਹ ਮੰਤਰੀਆਂ ਸਹਿਤ ਸਾਰੇ ਵਿਧਾਇਕਾਂ ਦੀ ਡਿਊਟੀ ਲਗਾਈ ਗਈ ਸੀ ਪ੍ਰੰਤੂ ਅੱਜ ਚੋਣ ਨਤੀਜਿਆਂ ਦੀ ਸ਼ੁਰੂਆਤ ਤੋਂ ਸਿਮਰਨਜੀਤ ਸਿੰਘ ਮਾਨ ਦੀ ਬਣੀ ਲੀਡ ਅਖ਼ੀਰ ਵਿਚ ਜਿੱਤ ’ਚ ਬਦਲ ਗਈ।
ਬਾਕਸ
ਮਲੇਰਕੋਟਲਾ, ਭਦੋੜ ਤੇ ਦਿੜਬਾ ਨੇ ਮਾਨ ਦੀ ਬੇੜੀ ਪਾਰ ਲਾਈ
ਸੰਗਰੂਰ: 1999 ਵਿਚ ਇਸੇ ਹਲਕੇ ਤੋਂ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਦੀ ਕਰੀਬ 23 ਸਾਲਾਂ ਬਾਅਦ ਲੋਕ ਸਭਾ ਹਲਕੇ ਵਿਚ ਪੈਂਦੇ ਮਲੇਰਕੋਟਲਾ, ਭਦੋੜ ਤੇ ਦਿੜਬਾ ਹਲਕੇ ਦੇ ਵੋਟਰਾਂ ਨੇ ਬੇੜੀ ਪਾਰ ਲਾਈ ਹੈ। ਮਲੇਰਕੋਟਲਾ ਵਿਚ ਆਸ ਮੁਤਾਬਕ ਸ: ਮਾਨ ਨੂੰ 8101 ਵੋਟਾਂ ਦੀ ਲੀਡ ਮਿਲੀ, ਜਦੋਂਕਿ ਭਦੋੜ ਤੋਂ 7125 ਅਤੇ ਦਿੜਬਾ ਹਲਕੇ ਤੋਂ 7553 ਵੋਟਾਂ ਨਾਲ ਆਪ ਉਮੀਦਵਾਰ ਤੋਂ ਅੱਗੇ ਰਹੇ। ਆਪ ਉਮੀਦਵਾਰ ਗੁਰਮੇਲ ਸਿੰਘ ਨੂੰ ਸ: ਮਾਨ ਦੇ ਮੁਕਾਬਲੇ ਸਭ ਤੋਂ ਵੱਡੀ ਲੀਡ ਧੂਰੀ ਵਿਧਾਨ ਸਭਾ ਹਲਕੇ ਤੋਂ 12036 , ਸੰਗਰੂਰ ਵਿਧਾਨ ਸਭਾ ਹਲਕੇ ਤੋਂ 2492, ਲਹਿਰਗਾਗਾ ਤੋਂ 2790, ਸੁਨਾਮ ਤੋਂ 1483 ਅਤੇ ਮਹਿਲ ਕਲਾਂ ਤੋਂ ਮਹਿਜ਼ 203 ਵੋਟਾਂ ਨਾਲ ਅਕਾਲੀ ਉਮੀਦਵਾਰ ਤੋਂ ਅੱਗੇ ਰਹੇ।
ਬਾਕਸ
ਵੜਿੰਗ, ਬਾਦਲ ਤੇ ਮਾਨ ਨੇ ਦਿੱਤੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ
ਸੰਗਰੂਰ: ਉਧਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਇਤਿਹਾਸਕ ਜਿੱਤ ਲਈ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੋਸਲ ਮੀਡੀਆ ਰਾਹੀਂ ਵਧਾਈ ਦਿੱਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਭਗਵੰਤ ਮਾਨ ਸਹਿਤ ਪੰਜਾਬ ਦੇ ਸਮੂਹ ਵੱਡੇ ਆਗੂਆਂ ਵਲੋਂ ਸ: ਮਾਨ ਨੂੰ ਜਿੱਤ ਦੀ ਵਧਾਈ ਭੇਜੀ ਗਈ।
ਬਾਕਸ
ਸੰਸਦ ਵਿਚ ਪੰਜਾਬ ਦੀ ਅਵਾਜ਼ ਬਣਾਂਗਾ: ਸਿਮਰਨਜੀਤ ਸਿੰਘ ਮਾਨ
ਸੰਗਰੂਰ: ਅਪਣੀ ਜਿੱਤ ਤੋਂ ਬਾਅਦ ਪਲੇਠੀ ਪੱਤਰਕਾਰ ਵਾਰਤਾ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਉਹ ਲੋਕ ਸਭਾ ਵਿਚ ਪੰਜਾਬ ਦੀ ਅਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਦੀ ਤਰੱਕੀ ਲਈ ਕੰਮ ਕਰਨਗੇ। ਸ: ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਵਿਚ ਸਮੂਹ ਵਰਗਾਂ ਨੇ ਭਰਪੂਰ ਸਾਥ ਦਿੱਤਾ ਹੈ, ਜਿਸਦੇ ਲਈ ਉਹ ਧੰਨਵਾਦ ਕਰਦੇ ਹਨ।